ਭੂਤਰੇ ਸਾਨ੍ਹ ਨੇ ਦੁਕਾਨ ''ਚ ਵੜ ਕੇ ਕੀਤਾ ਨੌਜਵਾਨ ਜ਼ਖ਼ਮੀ

11/22/2017 12:25:00 AM

ਹੁਸ਼ਿਆਰਪੁਰ, (ਘੰਮਣ)- ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂ ਪਹਿਲਾਂ ਤਾਂ ਸੜਕ ਹਾਦਸਿਆਂ 'ਚ ਲੋਕਾਂ ਨੂੰ ਜ਼ਖ਼ਮੀ ਕਰ ਰਹੇ ਸਨ ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਆਪਸ 'ਚ ਭਿੜ ਕੇ ਹਿੰਸਕ ਬਣ ਰਹੇ ਇਹ ਪਸ਼ੂ ਘਰਾਂ ਤੇ ਦੁਕਾਨਾਂ 'ਚ ਵੜ ਕੇ ਇਨਸਾਨੀ ਜ਼ਿੰਦਗੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕੋਤਵਾਲੀ ਬਾਜ਼ਾਰ ਦੀ ਨਗੀਨਾ ਗਲੀ 'ਚ ਅਜਿਹੇ ਹੀ ਇਕ ਭੂਤਰੇ ਸਾਨ੍ਹ ਨੇ ਐੱਮ. ਪੀ. ਟਰਾਫੀਜ਼ ਐਂਡ ਟੈਲੀਕਾਮ ਦੀ ਦੁਕਾਨ 'ਚ ਵੜ ਕੇ ਇਸ ਦੇ ਮਾਲਕ 32 ਸਾਲਾ ਸਰਬਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਸਰਬਜੀਤ ਦੁਕਾਨ ਦਾ ਸ਼ੀਸ਼ੇ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ ਅਤੇ ਸੜਕ ਵੱਲ ਉਸ ਦੀ ਪਿੱਠ ਸੀ। ਇਕ ਸਾਨ੍ਹ ਨੇ ਦੁਕਾਨ 'ਤੇ ਹਮਲਾ ਕਰ ਕੇ ਪਹਿਲਾਂ ਸਕੂਟਰ ਨੂੰੰ ਨੁਕਸਾਨ ਪਹੁੰਚਾਇਆ ਅਤੇ ਆਪਣੇ ਸਿੰਙਾਂ ਨਾਲ ਵਾਰ-ਵਾਰ ਹਮਲਾ ਕਰ ਕੇ ਸਰਬਜੀਤ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਦੇ ਹੋਏ ਦੁਕਾਨ ਦਾ ਸ਼ੀਸ਼ੇ ਦਾ ਦਰਵਾਜ਼ਾ ਵੀ ਤਹਿਸ- ਨਹਿਸ ਕਰ ਦਿੱਤਾ। PunjabKesari
ਹਮਲੇ ਤੋਂ ਬਾਅਦ ਸਾਨ੍ਹ ਨੇ ਸਰਬਜੀਤ ਨੂੰ ਬੁਰੀ ਤਰ੍ਹਾਂ ਜ਼ਮੀਨ 'ਤੇ ਪਟਕਾ ਕੇ ਮਾਰਿਆ। ਘਟਨਾ ਤੋਂ ਬਾਅਦ ਪੂਰੇ ਬਾਜ਼ਾਰ 'ਚ ਸਨਸਨੀ ਫੈਲ ਗਈ। ਗੰਭੀਰ ਹਾਲਤ 'ਚ ਉਸ ਨੂੰ ਕੇ. ਡੀ. ਐੱਮ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਅਜੇ ਤੱਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਰਬਜੀਤ ਦਾ ਇਲਾਜ ਕਰ ਰਹੇ ਡਾ. ਅਰਵਿੰਦਰ ਨੇ ਦੱਸਿਆ ਕਿ ਉਸ ਦੀ ਪਿੱਠ ਦੇ ਹੇਠਲੇ ਹਿੱਸੇ 'ਤੇ ਡੂੰਘੇ ਜ਼ਖ਼ਮ ਹਨ, ਜਿਨ੍ਹਾਂ 'ਤੇ ਕਈ ਟਾਂਕੇ ਲਾਉਣੇ ਪਏ ਹਨ। 
ਨਹੀਂ ਹੱਲ ਹੋ ਰਹੀ ਗੰਭੀਰ ਸਮੱਸਿਆ : ਸ਼ਹਿਰ ਦੇ ਹਰ ਬਾਜ਼ਾਰ ਤੇ ਗਲੀ 'ਚ ਡੇਰਾ ਜਮਾਈ ਬੈਠੇ ਇਨ੍ਹਾਂ ਆਵਾਰਾ ਪਸ਼ੂਆਂ ਦੇ ਪ੍ਰਕੋਪ ਤੋਂ ਲੋਕਾਂ ਨੂੰ ਫਿਲਹਾਲ ਨਿਜਾਤ ਨਹੀਂ ਮਿਲਦੀ ਦਿਸ ਰਹੀ। ਹਾਲਾਂਕਿ ਨਗਰ ਨਿਗਮ ਵੱਲੋਂ ਸ਼ਹਿਰ 'ਚ ਕੈਟਲ ਪਾਊਂਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਪਿੰਡ ਫਲਾਹੀ 'ਚ ਸਰਕਾਰ ਵੱਲੋਂ ਵਿਸ਼ਾਲ ਕੈਟਲ ਪਾਊਂਡ ਦਾ ਨਿਰਮਾਣ ਕੀਤਾ ਗਿਆ ਹੈ। ਬਾਵਜੂਦ ਇਸ ਦੇ ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਬਰਕਰਾਰ ਹੈ।
ਸਿਰਫ ਖਾਨਾਪੂਰਤੀ ਕਰ ਰਹੇ ਹਨ ਸਮਾਜਿਕ ਸੰਗਠਨ : ਹਾਲਾਂਕਿ ਸ਼ਹਿਰ 'ਚ ਕਈ ਸਮਾਜਿਕ ਸੰਗਠਨ ਆਵਾਰਾ ਪਸ਼ੂਆਂ ਨੂੰ ਲੈ ਕੇ ਚਿੰਤਤ ਵੀ ਦਿਸਦੇ ਹਨ ਅਤੇ ਉਨ੍ਹਾਂ ਵੱਲੋਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਹਿਰ ਦੇ ਹਾਲਾਤ ਦੱਸਦੇ ਹਨ ਕਿ ਇਹ ਵਾਅਦੇ ਤੇ ਦਾਅਵੇ ਸਿਰਫ ਖਾਨਾਪੂਰਤੀ ਹੀ ਹਨ। ਇਨ੍ਹਾਂ ਯਤਨਾਂ ਦਾ ਸਹੀ ਨਤੀਜਾ ਉਦੋਂ ਹੀ ਦੇਖਣ ਨੂੰ ਮਿਲੇਗਾ, ਜਦੋਂ ਸ਼ਹਿਰ 'ਚ ਆਵਾਰਾ ਪਸ਼ੂਆਂ ਤੋਂ ਮੁਕੰਮਲ ਨਿਜਾਤ ਮਿਲ ਜਾਵੇਗੀ। 
ਕੀ ਕਹਿੰਦੇ ਹਨ ਵਪਾਰੀ : ਕੋਤਵਾਲੀ ਬਾਜ਼ਾਰ 'ਚ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕੋਤਵਾਲੀ ਬਾਜ਼ਾਰ ਵਪਾਰ ਸੰਘ ਦੇ ਪ੍ਰਧਾਨ ਸੇਠ ਕ੍ਰਿਸ਼ਨ ਵਰਮਾ ਨੇ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਜਲਦ ਕੈਟਲ ਪਾਊਂਡ 'ਚ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਨਸਾਨੀ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ।
 


Related News