ਵਿਜੀਲੈਂਸ ਬਿਊਰੋ ਹੁਣ ਆਪਣੀ ਵੱਖ ਕੇਡਰ ਫੋਰਸ ਬਣਾਏਗੀ, ਬਿਊਰੋ ਮੁਖੀ CM ਮਾਨ ਨੂੰ ਭੇਜਣਗੇ ਪ੍ਰਸਤਾਵ

Thursday, Apr 27, 2023 - 11:17 AM (IST)

ਵਿਜੀਲੈਂਸ ਬਿਊਰੋ ਹੁਣ ਆਪਣੀ ਵੱਖ ਕੇਡਰ ਫੋਰਸ ਬਣਾਏਗੀ, ਬਿਊਰੋ ਮੁਖੀ CM ਮਾਨ ਨੂੰ ਭੇਜਣਗੇ ਪ੍ਰਸਤਾਵ

ਜਲੰਧਰ (ਧਵਨ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਆਪਣੀ ਵੱਖ ਪੁਲਸ ਫੋਰਸ ਬਣਾਉਣ ਦੇ ਵਿਸ਼ੇ ’ਤੇ ਗੰਭੀਰਤਾ ਨਾਲ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਕੋਲ ਇਸ ਸਮੇਂ ਭ੍ਰਿਸ਼ਟਾਚਾਰ ਦੇ ਕੇਸ ਤੇਜ਼ੀ ਨਾਲ ਆ ਰਹੇ ਹਨ, ਜਿਸ ਨੂੰ ਵੇਖਦੇ ਹੋਏ ਉਸ ਨੇ ਜਿੱਥੇ ਇਕ ਪਾਸੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਕੋਲ ਲਗਭਗ 600 ਪੁਲਸ ਕਰਮਚਾਰੀਆਂ ਦੀ ਮੰਗ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਬਿਊਰੋ ਦੇ ਚੀਫ਼ ਡਾਇਰੈਕਟਰ ਅਤੇ ਏ. ਡੀ. ਜੀ. ਪੀ. ਵਰਿੰਦਰ ਕੁਮਾਰ ਨੇ ਵਿਜੀਲੈਂਸ ਬਿਊਰੋ ਦੀ ਵੱਖ ਕੇਡਰ ਫੋਰਸ ਬਣਾਉਣ ਦਾ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਵਿਜੀਲੈਂਸ ਬਿਊਰੋ ਇਸ ਸਮੇਂ ਪੰਜਾਬ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਆਪਣਾ ਕੰਮ ਚਲਾ ਰਿਹਾ ਹੈ।

ਵਰਿੰਦਰ ਕੁਮਾਰ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਦੀ ਆਪਣੀ ਕੇਡਰ ਫੋਰਸ ਬਣਨ ਤੋਂ ਬਾਅਦ ਬਿਊਰੋ ਨੂੰ ਸਿਖਲਾਈ ਪ੍ਰਾਪਤ ਅਧਿਕਾਰੀ ਅਤੇ ਕਰਮਚਾਰੀ ਮਿਲ ਜਾਣਗੇ। ਵੱਖ ਕੇਡਰ ਫੋਰਸ ਲਈ ਮੁੱਖ ਮੰਤਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਵਿਜੀਲੈਂਸ ਬਿਊਰੋ ਦੀ ਕਾਰਜ ਪ੍ਰਣਾਲੀ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀ ਮੰਨਦੇ ਹਨ ਕਿ ਬਿਊਰੋ ਦਾ ਕੰਮ ਗੁੰਝਲਦਾਰ ਅਤੇ ਔਖਾ ਹੈ ਕਿਉਂਕਿ ਪਹਿਲਾਂ ਤਾਂ ਬਿਊਰੋ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿਚ ਡੂੰਘਾਈ ’ਤੇ ਜਾਣਾ ਪੈਂਦਾ ਹੈ ਅਤੇ ਦੂਜਾ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ਬਹੁਤ ਹੀ ਬਾਰੀਕੀ ਨਾਲ ਜਾਂਚ ਕਰਨੀ ਪੈਂਦੀ ਹੈ। ਜੇ ਬਿਊਰੋ ਦੀ ਆਪਣੀ ਕੇਡਰ ਫੋਰਸ ਹੋਵੇਗੀ ਤਾਂ ਬਿਊਰੋ ਨੂੰ ਕੰਮ ਕਰਨ ਵਿਚ ਸੌਖ ਹੋਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੰਤੇਵਾੜਾ ਵਿਖੇ ਹੋਏ ਨਕਸਲੀ ਹਮਲੇ ਦੀ ਸਖ਼ਤ ਨਿਖੇਧੀ

ਵਿਜੀਲੈਂਸ ਬਿਊਰੋ ਅਜੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਇੰਟੈਲੀਜੈਂਸ ਵਿੰਗ ਦੀ ਵੀ ਮਦਦ ਲੈਂਦਾ ਹੈ ਅਤੇ ਨਾਲ ਹੀ ਉਸ ਨੂੰ ਕਈ ਹੋਰ ਕਿਸਮਾਂ ਦੇ ਸਰੋਤਾਂ ਤੋਂ ਜਾਣਕਾਰੀਆਂ ਇਕੱਠੀਆਂ ਕਰਨੀਆਂ ਪੈਂਦੀਆਂ ਹਨ ਜਦੋਂਕਿ ਇਹ ਪੂਰੀ ਤਰ੍ਹਾਂ ਇਕ ਟੈਕਨੀਕਲ ਕੰਮ ਹੁੰਦਾ ਹੈ। ਪੰਜਾਬ ਸਰਕਾਰ ਹੁਣ ਵੱਖ ਕੇਡਰ ਫੋਰਸ ਬਣਾਉਣ ਦੀ ਪ੍ਰਵਾਨਗੀ ਦਿੰਦੀ ਹੈ ਤਾਂ ਉਸ ਹਾਲਤ ਵਿਚ ਉਨ੍ਹਾਂ ਨੂੰ ਸਭ ਤਰ੍ਹਾਂ ਦੀ ਸਿਖਲਾਈ ਭਰਤੀ ਸਮੇਂ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਵਿਜੀਲੈਂਸ ਬਿਊਰੋ ਨੂੰ ਪੂਰਾ ਸਹਿਯੋਗ ਮਿਲਣ ਦੀ ਉਮੀਦ ਹੈ ਕਿਉਂਕਿ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈਆਂ ਕਰਨ ਦੀ ਮਨਜ਼ੂਰੀ ਖ਼ੁਦ ਮੁੱਖ ਮੰਤਰੀ ਵੱਲੋਂ ਹੀ ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 15 ਸਾਲਾ ਕੁੜੀ ਨੂੰ ਨਸ਼ੀਲੀ ਦਵਾਈ ਦੇ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਜਦ ਹੋਈ ਗਰਭਵਤੀ ਤਾਂ ਉੱਡੇ ਸਭ ਦੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News