ਪਸ਼ੂ ਹਸਪਤਾਲ ਸ੍ਰੀ ਕੀਰਤਪੁਰ ਸਾਹਿਬ ''ਚ ਨਹੀਂ ਹੈ ਡਾਕਟਰ
Thursday, Feb 08, 2018 - 03:24 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਖੋਲ੍ਹੇ ਪਸ਼ੂ ਹਸਪਤਾਲ ਵਿਚ ਡਾਕਟਰ ਦੀ ਘਾਟ ਕਾਰਨ ਪਸ਼ੂ ਪਾਲਕ ਕਾਫੀ ਪ੍ਰੇਸ਼ਾਨ ਹਨ।
ਜਾਣਕਾਰੀ ਅਨੁਸਾਰ ਇਸ ਹਸਪਤਾਲ ਵਿਚ ਇਕ ਡਾਕਟਰ, ਇਕ ਫਾਰਮਾਸਿਸਟ ਤੇ ਇਕ ਚੌਥਾ ਦਰਜਾ ਮੁਲਾਜ਼ਮ ਦੀ ਆਸਾਮੀ ਹੈ, ਜਿਸ ਵਿਚੋਂ ਸਿਰਫ਼ ਫਾਰਮਾਸਿਸਟ ਹੀ ਇਸ ਹਸਪਤਾਲ ਨੂੰ ਚਲਾਉਂਦਾ ਹੈ। ਜਦੋਂਕਿ ਦਰਜਾ ਚਾਰ ਕਰਮਚਾਰੀ ਨੂੰ ਵਿਭਾਗ ਨੇ ਮੁਅੱਤਲ ਕੀਤਾ ਹੋਇਆ ਹੈ। ਹਸਪਤਾਲ ਵਿਚ ਪਹਿਲਾਂ ਤਾਇਨਾਤ ਡਾਕਟਰ ਨੇ ਲੰਬੀ ਛੁੱਟੀ ਲਈ ਹੋਈ ਹੈ, ਜਿਸ ਕਾਰਨ ਪਿਛਲੇ ਸਾਲ ਤੋਂ ਇਸ ਹਸਪਤਾਲ ਵਿਚ ਡਾਕਟਰ ਦੀ ਘਾਟ ਰੜਕ ਰਹੀ ਹੈ।
ਵਿਭਾਗ ਨੇ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਤਾਇਨਾਤ ਨਹੀਂ ਕੀਤਾ ਹੈ। ਇਸ ਸਮੇਂ ਹਸਪਤਾਲ ਵਿਚ ਇਕੱਲਾ ਫਾਰਮਾਸਿਸਟ ਤਾਇਨਾਤ ਹੈ। ਜਦੋਂ ਉਹ ਛੁੱਟੀ 'ਤੇ ਜਾਂਦਾ ਹੈ ਤਾਂ ਪਿੱਛੋਂ ਹਸਪਤਾਲ ਨੂੰ ਚਲਾਉਣ ਵਾਲਾ ਕੋਈ ਨਹੀਂ ਹੁੰਦਾ, ਜਿਸ ਕਾਰਨ ਇਸ ਹਸਪਤਾਲ ਨੂੰ ਲੱਗਦੇ ਜਿਉਵਾਲ, ਭਟੋਲੀ, ਕਲਿਆਣਪੁਰ, ਸ੍ਰੀ ਕੀਰਤਪੁਰ ਸਾਹਿਬ, ਭਗਵਾਲਾ ਤੋਂ ਇਲਾਵਾ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਗੱਜਪੁਰ, ਚੰਦਪੁਰ, ਸ਼ਾਹਪੁਰਬੇਲਾ, ਹਰੀਵਾਲ, ਡਾਢੀ, ਦੌਲੋਵਾਲ, ਨੱਕੀਆਂ, ਰਾਏਪੁਰ ਸਮੇਤ 13 ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਸਪਤਾਲ ਦੇ ਆਲੇ-ਦੁਆਲੇ ਗੰਦਗੀ ਦੀ ਭਰਮਾਰ
ਹਸਪਤਾਲ ਦੀ ਚਾਰਦੀਵਾਰੀ ਦੇ ਆਲੇ-ਦੁਆਲੇ ਗੰਦਗੀ ਹੀ ਗੰਦਗੀ ਫੈਲੀ ਹੋਈ ਹੈ, ਜਿਸ ਦੀ ਬਦਬੂ ਕਾਰਨ ਇਸ ਹਸਪਤਾਲ ਵਿਚ ਦਾਖਲ ਹੋਣਾ ਵੀ ਔਖਾ ਹੈ। ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਹਸਪਤਾਲ ਦੇ ਨਜ਼ਦੀਕ ਕੂੜਾਦਾਨ ਰੱਖਣ ਲਈ ਕਈ ਵਾਰ ਲਿਖਿਆ ਤੇ ਮਿਲਿਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੂੜਾਦਾਨ ਨਹੀਂ ਲੱਗ ਸਕਿਆ ਹੈ।