ਯੂਨੀਅਨ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

Wednesday, Feb 28, 2018 - 11:33 PM (IST)

ਯੂਨੀਅਨ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਰੂਪਨਗਰ, (ਵਿਜੇ)- ਆਂਗਣਵਾੜੀ ਪੰਜਾਬ ਯੂਨੀਅਨ ਦੇ ਸੱਦੇ 'ਤੇ ਰੂਪਨਗਰ ਜ਼ਿਲੇ ਦੇ ਵਰਕਰਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਮੰਗ ਪੱਤਰ ਦਿੱਤਾ।
ਮੀਟਿੰਗ 'ਚ ਗੁਰਦੀਪ ਕੌਰ ਸੀਨੀਅਰ ਉਪ ਪ੍ਰਧਾਨ ਪੰਜਾਬ ਨੇ ਦੱਸਿਆ ਕਿ 26 ਨਵੰਬਰ 2017 ਨੂੰ ਸਿੱਖਿਆ ਮੰਤਰੀ ਨੇ ਧਰਨੇ 'ਚ ਆ ਕੇ ਲਿਖਤੀ ਪੱਤਰ 'ਚ ਕਿਹਾ ਸੀ ਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ 9 ਤੋਂ 10 ਵਜੇ ਤੱਕ ਪ੍ਰਾਇਮਰੀ ਸਕੂਲ ਦੇ ਟੀਚਰ ਆਂਗਣਵਾੜੀ ਸੈਂਟਰਾਂ 'ਚ ਪੜ੍ਹਾਉਣਗੇ ਪਰ ਇਸ ਦੇ ਉਲਟ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਦੇਸ਼ ਸਰਕਾਰ ਗਰੀਬ ਬੱਚੇ, ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਂਦੀਆਂ ਮਹਿਲਾਵਾਂ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੀ ਹਦਾਇਤ ਦੇ ਮੁਤਾਬਕ 300 ਦਿਨ ਫੀਡ ਦੇਣਾ ਲਾਜ਼ਮੀ ਹੈ ਪਰ 4 ਮਹੀਨੇ ਤੋਂ ਲਗਾਤਾਰ ਇਨ੍ਹਾਂ ਬੱਚਿਆਂ ਲਈ ਸਰਕਾਰ ਰਾਸ਼ਨ ਨਹੀਂ ਭੇਜ ਰਹੀ ਅਤੇ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਣ ਵਾਲਾ ਮਾਣਭੱਤਾ ਵੀ ਨਹੀਂ ਮਿਲ ਰਿਹਾ ਅਤੇ ਨਾ ਹੀ ਆਂਗਣਵਾੜੀ ਸੈਂਟਰਾਂ ਨੂੰ ਬਿਲਡਿੰਗ ਕਿਰਾਇਆ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ 15 ਹਜ਼ਾਰ ਅਤੇ ਹੈਲਪਰਾਂ ਨੂੰ 10 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ, ਪੈਨਸ਼ਨ ਗ੍ਰੈਚੁਟੀ ਅਤੇ ਬਿਲਡਿੰਗ ਕਿਰਾਇਆ ਹਰੇਕ ਮਹੀਨੇ ਦਿੱਤਾ ਜਾਵੇ, ਸੁਪਰਵਾਈਜ਼ਰਾਂ ਦੀ ਜਲਦ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਦੇ ਸਬੰਧ 'ਚ ਜਲਦ ਚੰਡੀਗੜ੍ਹ ਵਿਭਾਗ ਦੇ ਦਫਤਰ ਦੇ ਸਾਹਮਣੇ ਧਰਨਾ ਲਾਇਆ ਜਾਵੇਗਾ। 
ਇਸ ਮੌਕੇ ਅੰਜੂ ਬਾਲਾ, ਸੰਤੋਸ਼ ਕੁਮਾਰੀ, ਜਸਵੀਰ ਕੌਰ, ਦਲਜੀਤ ਕੌਰ, ਸੁਦੇਸ਼ ਰਾਣੀ, ਹਰਪ੍ਰੀਤ ਕੌਰ, ਚੰਦਰਕਾਂਤਾ ਅਤੇ ਕ੍ਰਿਸ਼ਨਾ ਦੇਵੀ ਮੁੱਖ ਰੂਪ 'ਚ ਮੌਜੂਦ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਕੇਸ਼ ਜਿੰਦਲ ਨੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਉਕਤ ਮਸਲੇ ਨੂੰ ਲੈ ਕੇ ਉਚਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News