ਪਿੰਡ ਚੰਬਲ ਦੀ ਸਰਪੰਚੀ ਬਣੀ ਗਲੇ ਦਾ ਫੰਦਾ
Saturday, Jul 28, 2018 - 05:17 AM (IST)
ਨੌਸ਼ਹਿਰਾ ਪੰਨੂੰਅਾਂ, (ਬਲਦੇਵ ਪੰਨੂੰ)- ਪਿੰਡ ਚੰਬਲ ਵਿਖੇ ਥੋਡ਼੍ਹੇ ਦਿਨ ਪਹਿਲਾਂ ਹੋਇਆ ਝਗਡ਼ਾ ਦੂਜੀ ਧਿਰ ਨੂੰ ਇੰਨਾ ਮਹਿੰਗਾ ਪਿਆ ਕਿ ਲੋਕਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਲੋਕਾਂ ਅੱਗੇ ਸੱਤਾ ਦਾ ਰੰਗ ਫਿੱਕਾ ਪੈ ਗਿਆ ਹੈ। ਅਕਾਲੀ ਦਲ ਪਾਰਟੀ ਨਾਲ ਸਬੰਧਤ ਜਸਵਿੰਦਰ ਕੌਰ ਪਤਨੀ ਰਣਜੀਤ ਕੌਰ ਵੱਲੋਂ ਥਾਣਾ ਸਰਹਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਨ੍ਹਾਂ ਦੇ ਬੇਟੇ ਗੁਰਸਰਤਾਜ ਸਿੰਘ ਅਤੇ ਭਣੇਵੇਂ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਨ੍ਹਾਂ ਦੇ ਪਿੰਡ ਦੇ ਕਾਂਗਰਸੀ ਆਗੂ ਸਾਧੂ ਸਿੰਘ ਚੰਬਲ ਦੇ ਪੋਤਰੇ ਜਸਕਰਨ ਸਿੰਘ, ਅਮਰਬੀਰ ਸਿੰਘ ਪੁੱਤਰ ਦਿਲਰਾਜ ਸਿੰਘ ਦੀ ਪਤਨੀ ਅਤੇ ਸਾਧੂ ਸਿੰਘ ਦੀ ਪਤਨੀ ਹਰਭਜਨ ਕੌਰ ਵੱਲੋਂ ਸੱਟਾਂ ਮਾਰੀਆਂ ਗਈਅਾਂ ਸਨ। ਜਿਨ੍ਹਾਂ ਦਾ ਸਬੂਤ ਉਨ੍ਹਾਂ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੈ ਪਰ ਸਰਕਾਰ ਦੇ ਜ਼ੋਰ ’ਤੇ ਸਾਧੂ ਸਿੰਘ ਵੱਲੋਂ ਥਾਣਾ ਸਰਹਾਲੀ ਵਿਖੇ 6 ਆਦਮੀਆਂ ਉਪਰ ਪਰਚਾ ਦਰਜ ਕਰਵਾ ਦਿੱਤਾ ਗਿਆ। ਦਰਅਸਲ ਰੰਜਿਸ਼ ਇਹ ਸੀ ਕਿ ਜਸਵਿੰਦਰ ਕੌਰ ਦੇ ਪਰਿਵਾਰ ਵੱਲੋਂ ਸਾਧੂ ਸਿੰਘ ਨੂੰ ਸਰਪੰਚੀ ਦੀਆਂ ਵੋਟਾਂ ਪਾਉਣ ਤੋਂ ਨਾਂਹ ਕੀਤੀ ਗਈ ਸੀ। ਇਸ ਦੇ ਕਾਰਨ ਸਾਧੂ ਸਿੰਘ ਨੇ ਜਸਵਿੰਦਰ ਕੌਰ ਦੇ ਪਰਿਵਾਰ ਉੱਤੇ ਪਰਚਾ ਦਰਜ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਦੇ ਪਰਿਵਾਰ ਵੱਲੋਂ ਗੁੰਡਾ ਗਰਦੀ ਕਰਦਿਆਂ ਪਹਿਲਾਂ ਵੀ ਕਈ ਪਰਿਵਾਰਾਂ ਨਾਲ ਵਧੀਕੀਆਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ’ਤੇ ਵੀ ਝੂਠੇ ਪਰਚੇ ਦਰਜ ਕਰਵਾਏ ਗਏ ਪਰ ਅੱਜ ਪਿੰਡ ਚੰਬਲ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਉਹ ਸਾਧੂ ਸਿੰਘ ਨੂੰ ਸਰਪੰਚ ਸਵਿਕਾਰ ਨਹੀਂ ਕਰਦੇ ਅਤੇ ਸਾਰਾ ਪਿੰਡ ਜਸਵਿਦਰ ਕੌਰ ਅਤੇ ਜਥੇ. ਗੁਰਬਚਨ ਸਿੰਘ ਦੇ ਨਾਲ ਹੈ। ਇਸਦੀ ਤਾਜ਼ਾ ਮਿਸਾਲ ਅੱਜ ਗੁ. ਬਾਬਾ ਸਿਧ ਸਰਸਾਈ ਜੀ ਦੇ ਪਾਵਨ ਦਰਬਾਰ ਉਪਰ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਜਿਸ ਵਿਚ ਕਰੀਬ 300 ਦੇ ਲਗਭਗ ਮਰਦ ਅਤੇ ਅੌਰਤਾਂ ਨੇ ਪਹੁੰਚ ਕੇ ਜਸਵਿੰਦਰ ਕੌਰ ਦੇ ਪਰਿਵਾਰ ’ਤੇ ਝੂਠੇ ਪਰਚੇ ਰੱਦ ਕਰਾਉਣ ਦੀ ਗੱਲ ਕਹੀ। ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਹ ਸੰਤੋਖ ਸਿੰਘ ਸ਼ਾਹ ਨੂੰ ਸਰਪੰਚ ਬਣਾਉਣਾ ਚਾਹੁੰਦੇ ਹਨ ਪਰ ਸਾਧੂ ਸਿੰਘ ਧੱਕੇ ਨਾਲ ਸਰਪੰਚੀ ਲੈਣਾ ਚਾਹੁੰਦਾ ਹੈ। ਉਹ ਕਿਸੇ ਵੀ ਹਾਲ ਵਿਚ ਨਹੀਂ ਦੇਣਗੇ ਬੇਸ਼ੱਕ ਉਨ੍ਹਾਂ ਨੂੰ ਇਸ ਲਈ ਕਿੰਨਾਂ ਵੀ ਸੰਘਰਸ਼ ਕਰਨਾ ਪਵੇ।
