ਟਰਾਂਸਪੋਰਟਰਾਂ ਦੀ ਹਡ਼ਤਾਲ ਪੰਜਵੇਂ ਦਿਨ ਵੀ ਜਾਰੀ
Wednesday, Jul 25, 2018 - 06:35 AM (IST)
ਚੰਡੀਗਡ਼੍ਹ, (ਰਾਜਿੰਦਰ)- ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਖਿਲਾਫ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ’ਤੇ ਟਰੱਕ-ਟੈਂਪੂ ਅਾਪ੍ਰੇਟਰਜ਼ ਦੀ ਹਡ਼ਤਾਲ ਪੰਜਵੇਂ ਦਿਨ ਵੀ ਜਾਰੀ ਰਹੀ। ਹਡ਼ਤਾਲ ਤਹਿਤ ਟਰਾਂਸਪੋਰਟਰ ਬੁੱਧਵਾਰ ਨੂੰ ਇੰਡਸਟ੍ਰੀਅਲ ਫੇਜ਼-2 ’ਚ ਇਕੱਠੇ ਹੋਏ ਤੇ ਗੱਡੀਆਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ।
ਟਰਾਂਸਪੋਰਟਰਾਂ ਦਾ ਕਹਿਣਾ ਸੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਨਾਲ ਟਰਾਂਸਪੋਰਟਰਾਂ ਨੂੰ ਉਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇੰਡਸਟ੍ਰੀਅਲ ਏਰੀਆ ’ਚ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਸਾਰੀਆਂ ਗੱਡੀਆਂ ਨੂੰ ਰੋਕ ਲਿਆ ਤੇ ਸਡ਼ਕ ’ਤੇ ਇਨ੍ਹਾਂ ਨੂੰ ਖਡ਼੍ਹੇ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਚੰਡੀਗਡ਼੍ਹ ਟਰਾਂਸਪੋਰਟ ਐਸੋਸੀਏਸ਼ਨ ਵੀ ਇਸ ਹਡ਼ਤਾਲ ’ਚ ਹਿੱਸਾ ਲੈ ਰਹੀ ਹੈ, ਜਿਸਦਾ ਅਸਰ ਸੈਕਟਰ-26 ਗਰੇਨ ਮਾਰਕੀਟ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਫਲ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ. ਓਬਰਾਲ ਨੇ ਕਿਹਾ ਕਿ ਆਏ ਦਿਨ ਪੈਟਰੋਲੀਅਮ ਪਦਾਰਥਾਂ ਦੀਅਾਂ ਕੀਮਤਾਂ ’ਚ ਹੋ ਰਹੇ ਵਾਧੇ ਕਾਰਨ ਉਨ੍ਹਾਂ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਲਈ ਰੇਟਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ਤੇ ਇਸਨੂੰ ਜੀ. ਐੱਸ. ਟੀ. ਦੇ ਦਾਇਰੇ ਤੋਂ ਵੀ ਬਾਹਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥਰਡ ਪਾਰਟੀ ਇੰਸ਼ੋਰੈਂਸ ਦਾ ਪ੍ਰੀਮੀਅਮ ਹਰ ਸਾਲ ਹੀ 20 ਤੋਂ 25 ਫ਼ੀਸਦੀ ਵਧਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਗੱਡੀ ਦੀ ਇੰਸ਼ੋਰੈਂਸ 50 ਤੋਂ 70 ਹਜ਼ਾਰ ਰੁਪਏ ਤਕ ਹੋ ਰਹੀ ਹੈ, ਉਹ ਵੀ ਪੁਰਾਣੀ ਗੱਡੀ ਦੀ, ਇਸ ਲਈ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟੋਲ ਟੈਕਸ ਤੋਂ ਵੀ ਪੂਰੇ ਭਾਰਤ ’ਚ ਉਨ੍ਹਾਂ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਉਹ ਵੱਖ-ਵੱਖ ਥਾਵਾਂ ’ਤੇ ਇੱਕਠੇ ਹੋਏ। ਕੁਝ ਟਰਾਂਸਪੋਰਟਰਾਂ ਨੇ ਇੰਡਸਟ੍ਰੀਅਲ ਏਰੀਆ ’ਚ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ, ਉਥੇ ਹੀ ਕੁਝ ਨੇ ਪਿੰਡ ਦਡ਼ਵਾ ’ਚ ਵੀ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ, ਉਹ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਇਸਨੂੰ ਹੋਰ ਵੀ ਤੇਜ਼ ਕਰਨਗੇ।
