ਸਿਰਫ SHO ਦੇ ਤਬਾਦਲੇ ਨਾਲ ਦੜੇ-ਸੱਟੇ ਅਤੇ ਨਸ਼ਿਆਂ ''ਤੇ ਨਹੀਂ ਲਗਾਈ ਜਾ ਸਕਦੀ ਰੋਕ

01/20/2021 7:23:50 PM

ਜਲਾਲਾਬਾਦ,(ਸੇਤੀਆ)- ਸ਼ਹਿਰ ਅਤੇ ਆਸ-ਪਾਸ ਇਲਾਕੇ ’ਚ ਦੜੇ-ਸੱਟੇ ਅਤੇ ਜੂਏ ਦਾ ਕੰਮ ਜੋਰਾ ਸ਼ੋਰਾ 'ਤੇ ਚੱਲ ਰਿਹਾ ਹੈ ਅਤੇ ਇਸ ਕੰਮ ’ਚ ਘੱਟ ਉਮਰ ਦੇ ਨੌਜਵਾਨਾਂ ਨੂੰ ਪੈਸੇ ਕਮਾਉਣ ਦੇ ਸੁਪਨੇ ਦਿਖਾ ਕੇ ਗੈਰ ਕਾਨੂੰਨ ਧੰਦਿਆਂ ’ਚ ਲਪੇਟਿਆਂ ਜਾ ਰਿਹਾ ਹੈ। ਪਰ ਦੂਜੇ ਪਾਸੇ ਇਲਾਕੇ ਦੀ ਪੁਲਸ ਇਹ ਸਭ ਜਾਣਦੇ ਹੋਏ ਵੀ ਅਣਜਾਨ ਬਣੀ ਹੋਈ ਹੈ ਅਤੇ ਪੁਲਸ ਦੀ ਸ਼ਹਿ ਹੇਠ ਚੱਲ ਰਹੇ ਇਨ੍ਹਾਂ ਗੈਰ ਕਾਨੂੰਨੀ ਧੰਦਿਆਂ ’ਚ ਪੁਲਸ ਅਧਿਕਾਰੀਆਂ ਦੇ ਹੇਠਲੇ ਪੱਧਰ ਅਧਿਕਾਰੀ ਅਤੇ ਕੁੱਝ ਰੀਡਰ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਵਲੋਂ ਮੋਟੇ ਮਹੀਨੇ ਵਸੂਲ ਰਹੇ ਹਨ। ਜੂਏ ਅਤੇ ਸੱਟੇ ਦੇ ਕਾਰਣ ਕਈ ਲੋਕ ਆਪਣੇ ਘਰ ਵੀ ਫਾਇਨਾਂਸਰਾਂ ਕੋਲ ਗਿਰਵੀ ਰੱਖ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਅੱਗੇ ਪਿੱਛੇ ਜਾਣ ਦਾ ਰਾਹ ਨਹੀ ਲੱਭ ਰਿਹਾ।
ਜਾਨਕਾਰੀ ਅਨੁਸਾਰ ਜਦੋਂ ਵੀ ਸਰਕਾਰਾਂ ਬਦਲਦੀਆਂ ਹਨ ਤਾਂ ਉਹ ਆਮ ਜਨਤਾ ਨੂੰ ਸਾਫ ਸੁਥਰਾ ਮਾਹੌਲ ਅਤੇ ਗੈਰ ਕਾਨੂੰਨੀ ਧੰਦਿਆਂ 'ਤੇ ਪੂਰੀ ਤਰ੍ਹਾਂ ਲਗਾਮ ਲਗਾਉਣ ਦਾ ਵਾਅਦਾ ਕਰਦੀਆਂ ਹਨ ਪਰ ਹਕੀਕਤ ’ਚ ਅਜਿਹਾ ਨਹੀ ਹੁੰਦਾ ਕਿਉਂਕਿ ਜਿੰਨ੍ਹਾਂ ਦੇ ਹੱਥ ’ਚ ਸਾਫ-ਸੁਥਰਾ ਮਾਹੌਲ ਜਾਂ ਗੈਰ ਕਾਨੂੰਨ ਧੰਦਿਆਂ ਨੂੰ ਬੰਦ ਕਰਨ ਦੀ ਜਿੰਮੇਵਾਰੀ ਹੁੰਦੀ ਹੈ। ਉਹੀ ਪੁਲਸ ਪ੍ਰਸ਼ਾਸਨ ਦੇ ਕੁੱਝ ਅਧਿਕਾਰੀ ਗੈਰ ਕਾਨੂੰਨ ਧੰਦਾ ਕਰਨ ਵਾਲਿਆਂ ਨਾਲ ਸਾਂਠ-ਗਾਠ ਕਰਕੇ ਆਪਣੇ ਆਕਾਵਾਂ ਨੂੰ ਲੱਖਾਂ ਰੁਪਏ ਮਹੀਨਾਂ ਪਹੁੰਚਾਉਂਦੇ ਹਨ। ਅਜਿਹੇ ਗੈਰ ਕਾਨੂੰਨੀ ਧੰਦਿਆਂ ’ਚ ਸਿਰਫ ਜੂਆ, ਦੜਾ,ਸੱਟਾ ਹੀ ਸ਼ਾਮਲ ਨਹੀ ਬਲਕਿ ਨਸ਼ਾ ਤਸਕਰੀ ਵਰਗੇ ਧੰਦਿਆਂ ’ਚ ਸ਼ਾਮਲ ਲੋਕ ਵੀ ਆਪਣੀ ਦੁਕਾਨ ਚਲਾਉਣ ਲਈ ਮੋਟੇ ਗਿਫਟ ਦਿੰਦੇ ਹਨ। 
ਜਲਾਲਾਬਾਦ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਇਥੇ ਕਈ ਲੁੱਟ-ਖੋਹ, ਚੋਰੀ  ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਜਿਹੀ ਸਥਿੱਤੀ ’ਚ ਗਾਜ ਸਬੰਧਤ ਐਸ. ਐਚ. ਓ. 'ਤੇ ਡਿੱਗਦੀ ਹੈ। ਪਰ ਜੋ ਲੋਕ ਮਹੀਨਾ ਲੈਂਦੇ ਹਨ ਉਹ ਅੱਜ ਵੀ ਥਾਣਿਆਂ ’ਚ ਪੈਰੋਕਾਰ ਬਣੇ ਹੋਏ ਹਨ। ਸੂਤਰਾ ਤੋਂ ਜਾਣਕਾਰੀ ਮਿਲੀ ਹੈ ਕਿ ਜਲਾਲਾਬਾਦ ਦੀ ਥਾਣਾ ਸਿਟੀ ਦਾ ਹੋਮ ਗਾਰਡ ਦਾ ਮੁਲਾਜਮ ਅਤੇ ਡੀ. ਐਸ. ਪੀ. ਦਫਤਰ ਦਾ ਇਕ ਰੀਡਰ ਤੇ ਇਕ ਡਰਾਇਵਰ ਕੁੱਝ ਹੋਰ ਮੁਲਾਜਮ ਜੂਆ-ਸੱਟਾ ਖਿਡਾਉਣ ਵਾਲਿਆਂ ਤੋਂ ਮੋਟੀ ਰਿਸ਼ਵਤ ਲੈ ਰਹੇ ਹਨ ਇਹ ਹੀ ਨਹੀ ਬੀਤੇ ਦਿਨੀ ਪਿੰਡ ਕਮਰੇ ਵਾਲਾ ਨਾਲ ਸਬੰਧਤ ਕਿਸੇ ਵਿਅਕਤੀ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਪਰ ਡੀਐਸਪੀ ਦਫਤਰ ਦੇ ਹੀ ਇਕ ਮੁਲਾਜਮ ਨੇ ਲੱਖਾਂ ਰੁਪਏ ਦੀ ਡੀਲ ਕਰਕੇ ਉਸਨੂੰ ਛੱਡ ਦਿੱਤਾ। ਹਾਲਾਂਕਿ ਇਸ ਸਬੰਧੀ ਡੀ. ਐਸ. ਪੀ. ਨੂੰ ਜਗਬਾਣੀ ਪੱਤਰਕਾਰ ਵਲੋਂ ਜਾਣੂ ਕਰਵਾਇਆ ਗਿਆ ਸੀ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਹੋਈ ਸਵਾਲ ਇਹ ਵੀ ਖੜਾ ਹੁੰਦਾ ਹੈ ਜੇਕਰ ਅਜਿਹੇ ਮੁਲਾਜਮਾਂ ਨੂੰ ਇਸੇ ਤਰ੍ਹਾਂ ਖੁੱਲਾ ਛੱਡਿਆ ਜਾਂਦਾ ਰਿਹਾ ਤਾਂ ਫਿਰ ਪੁਲਸ ਦੀ ਸੀਨੀਅਰ ਲਾਬੀ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਕਿਉਂਕਿ ਜੇਕਰ ਸਾਰਾ ਕੁੱਝ ਪੁਲਸ ਦੀ ਛਤਰ ਛਾਇਆ ਹੇਠ ਹੁੰਦਾ ਹੈ ਤਾਂ ਫਿਰ ਆਮ ਲੋਕ ਸਾਫ-ਸੁਥਰਾ ਮਾਹੌਲ ਦੀ ਗਰੰਟੀ ਕਿਸ ਪਾਸੋਂ ਲੈਣਗੇ ਕਿਉਂਕਿ ਗੈਰ ਕਾਨੂੰਨੀ ਧੰਦਿਆਂ ਨਾਲ ਜੁੜੇ ਲੋਕ ਹੀ ਪੁਲਸ ਦੀ ਛਤਰ ਛਾਇਆ ਹੇਠ ਜੂਆ-ਸੱਟਾ, ਚੋਰੀਆਂ,ਲੁੱਟਖੋਹ ਅਤੇ ਨਸ਼ਾ ਸਪਲਾਈ ਕਰਨ ਜਿਹੇ ਧੰਦਿਆਂ ’ਚ ਸ਼ਾਮਲ ਹੋ ਰਹੇ ਹਨ। ਇਹ ਵੀ ਨਹੀ ਜਦੋਂ ਕੋਈ ਆਮ ਵਿਅਕਤੀ ਕਿਸੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੀ ਜਾਣਕਾਰੀ ਦਿੰਦਾ ਹੈ ਤਾਂ ਹੇਠਲੇ ਪੱਧਰ ਤੇ ਕਰਮਚਾਰੀ ਰੇਡ ਹੋਣ ਤੋਂ ਪਹਿਲਾਂ ਹੀ ਧੰਦਾ ਕਰਨ ਵਾਲਿਆਂ ਨੂੰ ਸੁਚੇਤ ਕਰ ਦਿੰਦੇ ਹਨ। ਜਿਸ ਨਾਲ ਪੁਲਸ ਸਿਰਫ ਖਾਲੀ ਹੱਥ ਹੀ ਰਹਿ ਜਾਂਦੀ ਹੈ। ਪਰ ਦੂਜੇ ਪਾਸੇ ਖਬਰਾ ਪ੍ਰਕਾਸ਼ਿਤ ਹੋਣ ਤੋਂ ਬਾਅਦ ਥਾਣਾ ਮੁਖੀਆ ਦਾ ਤਬਾਦਲਾ ਕਰਕੇ ਜਨਤਾ ਦੀਆਂ ਅੱਖਾਂ ਪੂੰਝ ਦਿੱਤੀਆਂ ਜਾਂਦੀਆਂ ਹਨ ਜਦਕਿ ਹਕੀਕਤ ’ਚ ਕੁੱਝ ਵੀ ਨਹੀ ਬਦਲਦਾ ਅਤੇ ਇਹ ਸਾਰੇ ਕੰਮ ਉਸੇ ਤਰ੍ਹਾਂ ਹੀ ਜਾਰੀ ਰਹਿੰਦੇ ਹਨ। ਹਲਕਾ ਵਿਧਾਇਕ ਰਮਿੰਦਰ ਆਵਲਾ ਆਪਣੀ ਇਕ ਬੇਦਾਗ ਛਵੀ ਨਾਲ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹਲਕੇ ’ਚ ਹੋ ਰਹੇ ਇਨ੍ਹਾਂ ਕੰਮਾਂ ਤੇ ਪੈਣੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਜੇਕਰ ਕੁੱਝ ਮੁਲਾਜਮ ਗੈਰ ਕਾਨੂੰਨੀ ਧੰਦਿਆਂ ਤੋਂ ਬਾਜ ਨਹੀ ਆਉਂਦੇ ਤਾਂ ਉਨ੍ਹਾਂ ਦਾ ਬੋਰੀਆ ਬਿਸਤਰਾ ਗੋਲ ਕਰਨਾ ਚਾਹੀਦਾ ਹੈ।


Bharat Thapa

Content Editor

Related News