ਸ਼ਹਿਰ ’ਚ ਲੱਗੇ ਹੋਰਡਿੰਗ ਬੋਰਡ ਉਤਾਰਨ ਮੌਕੇ ਬਣੀ ਤਣਾਅਪੂਰਵਕ ਸਥਿਤੀ

Saturday, Aug 28, 2021 - 09:01 PM (IST)

ਸ਼ਹਿਰ ’ਚ ਲੱਗੇ ਹੋਰਡਿੰਗ ਬੋਰਡ ਉਤਾਰਨ ਮੌਕੇ ਬਣੀ ਤਣਾਅਪੂਰਵਕ ਸਥਿਤੀ

ਗੁਰਦਾਸਪੁਰ(ਹਰਮਨ)- ਅੱਜ ਗੁਰਦਾਸਪੁਰ ਸ਼ਹਿਰ ਅੰਦਰ ਉਸ ਵੇਲੇ ਸਥਿਤ ਕਾਫੀ ਤਣਾਅਪੂਰਵਕ ਬਣ ਗਈ ਜਦੋਂ ਨਗਰ ਕੌਂਸਲ ਗੁਰਦਾਸਪੁਰ ਦੀ ਟੀਮ ਵੱਲੋਂ ਸ਼ਹਿਰ ਅੰਦਰ ਸਟਰੀਟ ਲਾਈਟਾਂ ਦੇ ਖੰਬਿਆਂ ’ਤੇ ਲਗਾਏ ਬੋਰਡ ਉਤਾਰਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੱਛੀ ਮਾਰਕੀਟ ਚੌਕ ਨੇੜੇ ਨਗਰ ਕੌਂਸਲ ਦੀ ਟੀਮ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਪੱਖਪਾਤੀ ਦੱਸਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਬਗੇਲ ਸਿੰਘ ਬਾਹੀਆ ਨੇ ਸਾਥੀਆਂ ਸਮੇਤ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦਾ ਪਤਾ ਲੱਗਦੇ ਹੀ ਥਾਣਾ ਸਿਟੀ ਦੇ ਮੁਖੀ ਜਬਰਜੀਤ ਸਿੰਘ ਵੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਸਾਰੀ ਸਥਿਤੀ ਨੂੰ ਕਾਬੂ ਕੀਤਾ।

PunjabKesari
ਬਾਹੀਆ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਅੰਦਰ ਇਕ ਮਹੀਨੇ ਲਈ ਆਪਣੇ ਬੋਰਡ ਲਗਾਉਣ ਲਈ ਨਿਯਮਾਂ ਅਨੁਸਾਰ ਬਣਦੇ ਪੈਸੇ ਸਬੰਧਤ ਠੇਕੇਦਾਰ ਨੂੰ ਜਮ੍ਹਾ ਕਰਵਾਏ ਹੋਏ ਹਨ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੇ ਬੋਰਡ ਉਤਾਰੇ ਜਾ ਰਹੇ ਹਨ। ਉਨ੍ਹਾਂ ਦੇ ਬੋਰਡ ਲਗਾਉਣ ਉਪਰੰਤ ਅਜੇ ਸਿਰਫ 10 ਦਿਨ ਹੀ ਹੋਏ ਹਨ ਜਦੋਂ ਕਿ ਉਨ੍ਹਾਂ ਨੇ 30 ਦਿਨਾਂ ਦੇ ਪੈਸੇ ਜਮ੍ਹਾ ਕਰਵਾਏ ਹਨ। ਇਸ ਦੇ ਬਾਵਜੂਦ ਪਹਿਲਾਂ ਨਗਰ ਕੌਂਸਲ ਦੀ ਟੀਮ ਨੇ 15 ਅਗਸਤ ਦੀ ਆੜ ਹੇਠ ਉਨ੍ਹਾਂ ਦੇ ਬੋਰਡ ਉਤਾਰ ਕੇ ਪਾੜ ਦਿੱਤੇ ਅਤੇ ਜਦੋਂ ਉਨ੍ਹਾਂ ਨੇ ਦੁਬਾਰਾ ਬੋਰਡ ਲਗਾਏ ਹਨ ਤਾਂ ਅੱਜ ਮੁੜ ਨਗਰ ਕੌਂਸਲ ਨੇ ਪੱਖਪਾਤੀ ਕਾਰਵਾਈ ਕਰਦੇ ਹੋਏ ਹਨ ਉਨਾਂ ਦੇ ਬੋਰਡ ਉਤਾਰ ਕੇ ਖਰਾਬ ਕਰ ਦਿੱਤੇ ਹਨ।

ਬਾਹੀਆ ਨੇ ਕਿਹਾ ਕਿ ਉਹ ਇਸ ਧੱਕੇਸ਼ਾਹੀ ਅੱਗੇ ਨਹੀਂ ਝੁਕਣਗੇ ਅਤੇ ਇਸ ਮਾਮਲਾ ਦਾ ਖੁਦ ਵੀ ਵਿਰੋਧ ਕਰਨਗੇ ਅਤੇ ਅਦਾਲਤ ਵਿਚ ਵੀ ਪਹੁੰਚ ਕਰ ਕੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾਵਾਂ ਦਿਵਾਉਗੇ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਗੂਆਂ ਦੇ ਬੋਰਡ ਤਾਂ ਅਜੇ ਵੀ ਲੱਗੇ ਹੋਏ ਹਨ ਪਰ ਸਿਰਫ ਉਨ੍ਹਾਂ ਦੇ ਬੋਰਡਾਂ ਨੂੰ ਹੀ ਉਤਾਰਿਆ ਗਿਆ ਹੈ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਵਧ ਰਹੀ ਹਰਮਨ-ਪਿਆਰਤਾ ਨੂੰ ਦੇਖ ਕੇ ਕਾਂਗਰਸੀ ਆਗੂ ਬੁਖਲਾਹਟ ਵਿਚ ਹਨ, ਜਿਸ ਕਾਰਨ ਨਗਰ ਕੌਂਸਲ ਦੀ ਕਥਿਤ ਦੁਰਵਰਤੋਂ ਕੀਤੀ ਜਾ ਰਹੀ ਹੈ।

ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ : ਨਿਗਮ ਅਧਿਕਾਰੀ
ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ ਅਤੇ ਅੱਜ ਸਿਰਫ ਉਹੀ ਬੋਰਡ ਉਤਾਰੇ ਗਏ ਹਨ ਜੋ ਗੈਰ-ਕਾਨੂੰਨੀ ਢੰਗ ਨਾਲ ਅਣ-ਅਧਿਕਾਰਤ ਸਥਾਨਾਂ ’ਤੇ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਬਗੇਲ ਸਿੰਘ ਨੇ ਜਿਹੜੇ ਸਥਾਨਾਂ ’ਤੇ ਬੋਰਡ ਲਗਾਉਣ ਲਈ ਫੀਸ ਜਮ੍ਹਾ ਕਰਵਾਈ ਸੀ, ਉਨ੍ਹਾਂ ਸਥਾਨਾਂ ਤੋਂ ਕੋਈ ਬੋਰਡ ਨਹੀਂ ਉਤਾਰਿਆ ਗਿਆ ਪਰ ਸ਼ਹਿਰ ਅੰਦਰ ਨਗਰ ਕੌਂਸਲ ਵੱਲੋਂ ਲਗਾਈਆਂ ਸਟਰੀਟ ਲਾਈਟਾਂ ਦੇ ਪੋਲਾਂ ਉਪਰ ਵੀ ਬੋਰਡ ਲੱਗੇ ਹਨ, ਜਿਸ ਕਾਰਨ ਇਹ ਬੋਰਡ ਉਤਾਰੇ ਗਏ ਹਨ।


author

Bharat Thapa

Content Editor

Related News