ਫਗਵਾੜਾ 'ਚ ਵੱਡੀ ਵਾਰਦਾਤ, ਕਿਰਾਏਦਾਰ ਦਾ ਗੁਆਂਢੀ ਨੇ ਕੀਤਾ ਬੇਰਹਿਮੀ ਨਾਲ ਕਤਲ

Monday, Oct 14, 2024 - 12:32 PM (IST)

ਫਗਵਾੜਾ (ਜਲੋਟਾ)-ਐੱਸ. ਐੱਸ. ਪੀ. ਵਤਸਲਾ ਗੁਪਤਾ ਦੇ ਨਿਰਦੇਸ਼ਾਂ ’ਤੇ ਫਗਵਾੜਾ ਪੁਲਸ ਨੇ ਬੀਤੇ ਦਿਨੀਂ ਪਿੰਡ ਖਜੂਰਲਾਂ ਵਿਖੇ ਹੋਏ ਬਹੁਚਰਚਿਤ ਅਭਿਮਨਿਊ ਸਿੰਘ ਕਤਲ ਕੇਸ ਦਾ ਭੇਤ ਸੁਲਝਾਉਂਦੇ ਹੋਏ 2 ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਦੱਸਣਯੋਗ ਹੈ ਕਿ ਮਕਾਨ ਮਾਲਕ ਹਰਿੰਦਰ ਕੁਮਾਰ ਉਰਫ ਹੈਪੀ ਪੁੱਤਰ ਅਮਰਜੀਤ ਕੁਮਾਰ ਵਾਸੀ ਪਿੰਡ ਖਜੂਰਲਾਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਖ਼ੁਲਾਸਾ ਕੀਤਾ ਸੀ ਕਿ ਉਸ ਨੇ ਅਤੇ ਉਸ ਦੇ ਭਰਾਵਾਂ ਨੇ ਪਿੰਡ ਖਜੂਰਲਾਂ ’ਚ ਮਜ਼ਦੂਰਾਂ ਆਦਿ ਨੂੰ ਕਿਰਾਏ ’ਤੇ ਦੇਣ ਲਈ 12 ਕਮਰੇ ਬਣਾਏ ਸਨ। ਇਸ ਇਕ ਕਮਰੇ ਵਿਚ ਕਤਲ ਦਾ ਸ਼ਿਕਾਰ ਹੋਇਆ ਅਭਿਮਨਿਊ ਸਿੰਘ ਰਹਿੰਦਾ ਸੀ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ, ਪੱਗੜੀ ਪਹਿਨਣ ਨੂੰ ਲੈ ਕੇ ਛਿੜੇ ਵਿਵਾਦ 'ਤੇ ਕਹੀਆਂ ਵੱਡੀਆਂ ਗੱਲਾਂ

ਉਸ ਨੇ ਦੱਸਿਆ ਸੀ ਕਿ ਉਸੇ ਕੁਆਰਟਰ ਦੇ ਨੇੜੇ ਰਹਿਣ ਵਾਲਾ ਇਕ ਹੋਰ ਕਿਰਾਏਦਾਰ ਮੁਹੰਮਦ ਮੁੰਨਾ ਪੁੱਤਰ ਸ਼ਫੀ ਉਸ ਕੋਲ ਆਇਆ ਅਤੇ ਉਸ ਨੂੰ ਦੱਸਿਆ ਕਿ ਉਸ ਨੇ ਪਿਛਲੇ ਕੁਝ ਦਿਨਾਂ ਤੋਂ ਅਭਿਮਨਿਊ ਸਿੰਘ ਨੂੰ ਨਹੀਂ ਵੇਖਿਆ ਹੈ ਅਤੇ ਉਸ ਦਾ ਕਮਰਾ ਬਾਹਰ ਤੋਂ ਬੰਦ ਹੈ, ਜਿਸ ਦੇ ਕਮਰੇ ’ਚੋਂ ਅੰਦਰੋਂ ਬਹੁਤ ਬਦਬੂ ਆ ਰਹੀ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਪਿੰਡ ਖਜੂਰਲਾਂ ਦੇ ਸਰਪੰਚ ਅਜੇ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਨੂੰ ਫੋਨ ’ਤੇ ਸਾਰੀ ਹਕੀਕਤ ਦੱਸੀ ਅਤੇ ਮੌਕੇ ’ਤੇ ਜਾ ਕੇ ਕਮਰੇ ਦੇ ਉੱਪਰ ਬਣੇ ਰੋਸ਼ਨਦਾਨ ਤੋਂ ਵੇਖੀਆ ਤਾਂ ਉਸ ਦੇ ਹੋਸ਼ ਉਸ ਸਮੇਂ ਉੱਡ ਗਏ, ਜਦੋਂ ਉਸ ਨੇ ਕਮਰੇ ’ਚ ਅਭਿਮਨਿਊ ਸਿੰਘ ਦੀ ਖ਼ੂਨ ਨਾਲ ਲਥਪਥ ਹਾਲਤ ’ਚ ਲਾਸ਼ ਪਈ ਵੇਖੀ। ਇਸ ਤੋਂ ਬਾਅਦ ਜਦੋਂ ਤਾਲਾ ਕੱਟ ਕੇ ਜਾਂਚ ਕੀਤੀ ਗਈ ਤਾਂ ਮਾਮਲਾ ਕਤਲ ਕਰਕੇ ਉਥੇ ਸੁੱਟੀ ਗਈ ਲਾਸ਼ ਦਾ ਸਾਬਤ ਹੋਇਆ। ਥਾਣਾ ਸਦਰ ਵਿਖੇ ਹਰਿੰਦਰ ਕੁਮਾਰ ਉਰਫ਼ ਹੈਪੀ ਦੇ ਬਿਆਨਾਂ ’ਤੇ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕਤਲ ਦੀ ਧਾਰਾ 103 (1), 138 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਐੱਸ. ਪੀ. ਕਪੂਰਥਲਾ ਗੁਰਪ੍ਰੀਤ ਸਿੰਘ, ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਐੱਸ. ਪੀ. ਸਰਬਜੀਤ ਰਾਏ ਅਤੇ ਹੋਰ ਪੁਲਸ ਅਧਿਕਾਰੀਆਂ ਦੀ ਹਾਜ਼ਰੀ ’ਚ ਦੱਸਿਆ ਕਿ ਪੁਲਸ ਨੇ ਮੁਹੰਮਦ ਮੁੰਨਾ ਪੁੱਤਰ ਸ਼ਫੀ ਅਹਿਮਦ ਵਾਸੀ ਮਕਾਨ ਨੰਬਰ 1244, ਗਲੀ ਨੰਬਰ 3, ਮੁਹੱਲਾ ਨਾਲਾ ਰੋਡ, ਬੈਕਸਾਈਡ, ਡੀ. ਸੀ. ਕਾਪਾਸੇਡ਼ਾ ਬਾਰਡਰ, ਨਵੀਂ ਦਿੱਲੀ ਅਤੇ ਮੁਹੰਮਦ ਫਿਰੋਜ਼ ਉਰਫ ਅਜੇ ਕੁਮਾਰ ਪੁੱਤਰ ਸ਼ਫੀ ਅਹਿਮਦ ਉਰਫ ਇਕਬਾਲ ਸਿੰਘ ਵਾਸੀ ਮਕਾਨ ਨੰਬਰ 1224, ਗਲੀ ਨੰਬਰ 3 ਮੁਹੱਲਾ ਨਾਲਾ ਰੋਡ ਬੈਕ ਸਾਈਡ ਡੀ. ਸੀ. ਕਾਪਾਸੇਡ਼ਾ ਬਾਰਡਰ ਨਵੀਂ ਦਿੱਲੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਭਿਮਨਿਊ ਸਿੰਘ ਨੂੰ ਕਤਲ ਕਰਨ ਲਈ ਵਰਤਿਆ ਗਿਆ ਤੇਜ਼ਧਾਰ ਚਾਕੂ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ

ਐੱਸ. ਐੱਸ. ਪੀ. ਗੁਪਤਾ ਨੇ ਕਿਹਾ ਕਿ ਇਹ ਮੁਹੰਮਦ ਮੁੰਨਾ ਉਹ ਹੀ ਹੈ, ਜਿਸ ਨੇ ਮਕਾਨ ਦੇ ਮਾਲਕ ਅਤੇ ਪੁਲਸ ਨੂੰ ਅਭਿਮਨਿਊ ਸਿੰਘ ਦੇ ਕਮਰੇ ਤੋਂ ਬਦਬੂ ਆਉਣ ਬਾਰੇ ਸੂਚਿਤ ਕੀਤਾ ਸੀ। ਪੁਲਸ ਜਾਂਚ ਵਿਚ ਉਹ ਅਤੇ ਉਸਦਾ ਇਕ ਸਾਥੀ ਕਾਤਲ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਤਲ ਦਾ ਮੁੱਖ ਕਾਰਨ ਇਹ ਸੀ ਕਿ ਹਵੇਲੀ ਫਗਵਾੜਾ ’ਚ ਠੇਕੇਦਾਰ ਵਜੋਂ ਕੰਮ ਕਰਨ ਵਾਲੇ ਅਭਿਮਨਿਊ ਸਿੰਘ ਦੀ ਬਜਾਏ ਦੋਸ਼ੀ ਕਾਤਲ ਮੁਹੰਮਦ ਮੁੰਨਾ ਉਕਤ ਹਵੇਲੀ ’ਚ ਠੇਕੇਦਾਰ ਬਣਨਾ ਚਾਹੁੰਦਾ ਸੀ। ਇਸ ਕਾਰਨ ਦੋਵਾਂ ਦੋਸ਼ੀਆਂ ਨੇ ਅਭਿਮਨਿਊ ਸਿੰਘ ਦਾ ਉਸ ਦੇ ਕਮਰੇ ’ਚ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਉਥੇ ਹੀ ਸੁੱਟ ਦਿੱਤਾ ਅਤੇ ਉਸ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਫਿਰ ਇਸ ਤੋਂ ਕੁਝ ਸਮੇਂ ਬਾਅਦ ਕਮਰੇ ’ਚੋਂ ਬਦਬੂ ਆਉਣ ਦੀ ਸੂਚਨਾ ਮਕਾਨ ਮਾਲਕ ਨੂੰ ਖੁਦ ਹੀ ਦੇ ਦਿੱਤੀ ਤਾਂ ਜੋ ਕਿਸੇ ਨੇ ਇਸ ਦੇ ਸ਼ਕ ਨਾ ਹੋਵੇ। ਖ਼ਬਰ ਲਿਖੇ ਜਾਣ ਤੱਕ ਪੁਲਸ ਦੋਸ਼ੀ ਕਾਤਲਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੋਸਟਮਾਰਟਮ ਤੋਂ ਲੈ ਕੇ ਚੱਲ ਰਹੀ ਪੁਲਸ ਜਾਂਚ ਤੱਕ ਕਾਤਲ ਹਰ ਸਮੇਂ ਪੁਲਸ ਨਾਲ ਘੁੰਮਦਾ-ਫਿਰਦਾ ਰਿਹਾ
ਕਾਤਲ ਮੁਹੰਮਦ ਮੁੰਨਾ ਕਿੰਨਾ ਸ਼ਾਤਰ ਅਤੇ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਸਾਥੀ ਮੁਹੰਮਦ ਫਿਰੋਜ਼ ਉਰਫ਼ ਅਜੇ ਕੁਮਾਰ ਨਾਲ ਮਿਲ ਕੇ ਅਭਿਮਨਿਊ ਸਿੰਘ ਦਾ ਕਤਲ ਕੀਤਾ ਅਤੇ ਫਿਰ ਕਤਲ ਨੂੰ ਗੁੰਝਲਦਾਰ ਬਣਾਉਣ ਦੇ ਇਰਾਦੇ ਨਾਲ ਉਸ ਨੇ ਖੁਦ ਮਕਾਨ ਮਾਲਕ ਪਾਸ ਖ਼ਬਰੀ ਬਣ ਕੇ ਅਭਿਮਨਿਊ ਸਿੰਘ ਦੇ ਕਮਰੇ ਤੋਂ ਆ ਰਹੀ ਬਦਬੂ ਬਾਰੇ ਪੁਲਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਆਪਣੇ ਆਪ ਨੂੰ ਬੇਕਸੂਰ ਵਿਖਾਉਣ ਲਈ ਉਹ ਇਹ ਵਿਖਾਵਾ ਕਰਦਾ ਰਿਹਾ ਕਿ ਕਾਤਲ ਕੋਈ ਹੋਰ ਹੈ। ਇਸ ਤੋਂ ਇਲਾਵਾ ਜਦੋਂ ਪੁਲਸ ਨੇ ਮ੍ਰਿਤਕ ਅਭਿਮਨਿਊ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਤਾਂ ਵੀ ਉਹ ਪੁਲਸ ਟੀਮ ਨਾਲ ਹੀ ਮੌਜੂਦ ਸੀ? ਪਰ ਫਗਵਾੜਾ ਪੁਲਸ ਵੱਲੋਂ ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ ’ਤੇ ਕਤਲ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਸਾਰਾ ਰਾਜ਼ ਖੁੱਲ ਗਿਆ ਅਤੇ ਪੁਲਸ ਨੇ ਉਸ ਨੂੰ ਅਤੇ ਉਸ ਦੇ ਸਾਥੀ ਮੁਹੰਮਦ ਫਿਰੋਜ਼ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਜਲੰਧਰ 'ਚ ਬੱਸ ਤੇ ਸਕੂਟਰੀ ਦੀ ਹੋਈ ਭਿਆਨਕ ਟੱਕਰ, 2 ਲੋਕਾਂ ਦੀ ਦਰਦਨਾਕ ਮੌਤ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News