ਠੇਕੇ ''ਤੇ ਕੰਮ ਕਰ ਰਹੇ ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Monday, Mar 12, 2018 - 01:10 AM (IST)

ਠੇਕੇ ''ਤੇ ਕੰਮ ਕਰ ਰਹੇ ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰਦਾਸਪੁਰ,  (ਵਿਨੋਦ, ਹਰਮਨਪ੍ਰੀਤ, ਦੀਪਕ)-  ਪਿਛਲੇ 12 ਸਾਲਾਂ ਤੋਂ ਵੱਖ-ਵੱਖ ਸੋਸਾਇਟੀਆਂ ਅਧੀਨ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਗੁਰਦਾਸਪੁਰ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ। 
ਇਸ ਮੌਕੇ ਪਿਕਟਸ, ਸਰਬ ਸਿੱਖਿਆ ਅਭਿਆਨ, ਰਮਸਾ, ਮਾਡਲ ਸਕੂਲ, ਆਦਰਸ਼ ਸਕੂਲ, ਆਈ. ਈ. ਆਰ. ਟੀ. ਅਤੇ ਐੱਮ. ਡੀ. ਐੱਮ. ਵਿਚ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 
ਇਸ ਦੌਰਾਨ ਗੁਰਪਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਘੁਮਾਣ, ਸੋਮ ਸਿੰਘ, ਹਰਜਿੰਦਰ ਸਿੰਘ, ਦਿਲਦਾਰ ਭੰਡਾਲ, ਅਨਿਲ ਕੁਮਾਰ, ਗੁਰਜੀਤ ਸਿੰਘ, ਜਸਬੀਰ ਸਿੰਘ, ਰਮਿੰਦਰ ਸਿੰਘ, ਸੁਭਾਸ਼ ਚੰਦਰ, ਚਰਨਜੀਤ ਸਿੰਘ, ਸਲਵਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਰਾਜਵਿੰਦਰ ਪੰਨੂ, ਬੰਟੀ ਸਿੰਘ, ਨੂਤਨ ਕੁਮਾਰ ਅਤੇ ਮਨਜੀਤ ਸਿੰਘ ਸੋਹਲ ਆਦਿ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮ ਵਰਗ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਨ੍ਹਾਂ ਦਾ ਗਲਾ ਘੁੱਟਣ ਵਾਲੇ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕ ਪਹਿਲਾਂ ਹੀ 13 ਸਾਲਾਂ ਤੋਂ ਸਰਕਾਰ ਦੀਆਂ ਵਧੀਕੀਆਂ ਸਹਿੰਦੇ ਆ ਰਹੇ ਹਨ ਜਿਨ੍ਹਾਂ ਨੇ ਪਹਿਲਾਂ 6 ਸਾਲ ਬਹੁਤ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕੀਤਾ ਸੀ। 
ਉਨ੍ਹਾਂ ਕਿਹਾ ਕਿ ਹੁਣ 7 ਸਾਲ ਦੀ ਰੈਗੂਲਰ ਸੇਵਾ ਦੇ ਬਾਵਜੂਦ ਦੁਬਾਰਾ ਉਨ੍ਹਾਂ ਨੂੰ 10300 ਰੁਪਏ ਦੀ ਤਨਖ਼ਾਹ 'ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਐੱਸ. ਐੱਸ. ਏ. ਰਮਸਾ ਅਧੀਨ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕ ਜਦੋਂ 42 ਹਜ਼ਾਰ ਰੁਪਏ ਤਨਖ਼ਾਹ ਲੈਣ ਲੱਗੇ ਹਨ ਤਾਂ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਵੀ ਜ਼ਬਰਦਸਤੀ 10300 ਰੁਪਏ ਤਨਖ਼ਾਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਫ਼ਤਰੀ ਕਰਮਚਾਰੀਆਂ ਨੂੰ ਵੀ ਆਰਥਕ ਮੰਦਹਾਲੀ ਦੇ ਦੌਰ ਵਿਚ ਭੇਜਣ ਲਈ ਸਰਕਾਰ ਵੱਲੋਂ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਜੇਕਰ ਅਜਿਹੇ ਮਾਰੂ ਫ਼ੈਸਲੇ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਕੰਮਕਾਜ ਠੱਪ ਕਰ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਨੀਤੀ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ।


Related News