ਅਕਾਲੀਆਂ ਨੇ ਜੋ ਕਾਰਨਾਮੇ ਕੀਤੇ ਹਨ ਉਨ੍ਹਾਂ ''ਤੇ ਸ਼ਿਕੰਜਾ ਦੇਰ-ਸਵੇਰ ਤਾਂ ਕੱਸਣਾ ਹੀ ਹੈ : ਜਾਖੜ

Saturday, Aug 12, 2017 - 05:10 AM (IST)

ਅਕਾਲੀਆਂ ਨੇ ਜੋ ਕਾਰਨਾਮੇ ਕੀਤੇ ਹਨ ਉਨ੍ਹਾਂ ''ਤੇ ਸ਼ਿਕੰਜਾ ਦੇਰ-ਸਵੇਰ ਤਾਂ ਕੱਸਣਾ ਹੀ ਹੈ : ਜਾਖੜ

ਜਲੰਧਰ, (ਧਵਨ)- ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀਆਂ ਵੱਲੋਂ ਕਾਂਗਰਸ ਸਰਕਾਰ 'ਤੇ ਝੂਠੇ ਕੇਸ ਦਰਜ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਦੀ ਤੁਲਨਾ ਚੋਰ ਮਚਾਏ ਸ਼ੋਰ ਨਾਲ ਕਰਦੇ ਹੋਏ ਕਿਹਾ ਹੈ ਕਿ ਅਕਾਲੀਆਂ ਵੱਲੋਂ ਪਿਛਲੇ 10 ਸਾਲਾਂ 'ਚ ਜੋ ਗੁਨਾਹ ਕੀਤੇ ਗਏ ਹਨ ਉਹ ਇਕ ਨਾ ਇਕ ਦਿਨ ਸਾਹਮਣੇ ਤਾਂ ਆਉਣੇ ਹੀ ਹਨ।  ਇਸ ਲਈ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਉਹ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ।
ਉਨ੍ਹਾਂ ਨੇ ਅੱਜ ਕਿਹਾ ਕਿ ਅਕਾਲੀ ਨੇਤਾ ਬਿਕਰਮ ਮਜੀਠੀਆ ਵੱਲੋਂ ਝੂਠੇ ਕੇਸਾਂ ਨੂੰ ਲੈ ਕੇ ਡੀ. ਜੀ. ਪੀ. ਨਾਲ ਮੁਲਾਕਾਤ ਕਰਨ 'ਤੇ ਕੋਈ ਮਨਾਹੀ ਨਹੀਂ ਹੈ ਪਰ ਇਕ ਪਾਸੇ ਤਾਂ ਅਕਾਲੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਪੰਜਾਬ 'ਚ ਸਰਕਾਰ ਬਾਬੂਆਂ ਵੱਲੋਂ ਚਲਾਈ ਜਾ ਰਹੀ ਹੈ। ਜੇਕਰ ਬਾਬੂਆਂ ਵੱਲੋਂ ਸਰਕਾਰ ਚਲਾਈ ਜਾ ਰਹੀ ਹੈ ਤਾਂ ਫਿਰ ਅਕਾਲੀ ਵਰਕਰਾਂ 'ਤੇ ਪਰਚੇ ਕਿਵੇਂ ਦਰਜ ਹੋ ਰਹੇ ਹਨ ਕਿਉਂਕਿ ਬਾਬੂਆਂ ਨੇ ਤਾਂ ਅਕਾਲੀਆਂ ਅਧੀਨ ਵੀ ਕੰਮ ਕੀਤਾ ਸੀ। 
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਪੁਲਸ ਆਪਣਾ ਕੰਮ ਕਾਨੂੰਨ ਅਨੁਸਾਰ ਕਰ ਰਹੀ ਹੈ। ਉਸ ਦੇ ਕੰਮਕਾਜ 'ਚ ਕੋਈ ਸਿਆਸੀ ਦਖਲ ਨਹੀਂ ਹੈ। ਜਾਖੜ ਨੇ ਸਪਸ਼ਟ ਕੀਤਾ ਕਿ ਕੈਪਟਨ ਨੇ ਸ਼ੁਰੂ 'ਚ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਸਿਆਸਤ ਗੁੱਸੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ ਪਰ ਜੇਕਰ ਅਕਾਲੀਆਂ ਨੇ 10 ਸਾਲਾਂ ਤੱਕ ਗੁਨਾਹ ਕੀਤੇ ਹਨ ਤਾਂ ਉਨ੍ਹਾਂ ਦਾ ਹਰਜਾਨਾ ਤਾਂ ਦੇਰ-ਸਵੇਰ ਭੁਗਤਣਾ ਹੀ ਪਵੇਗਾ ਕਿਉਂਕਿ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ 'ਚ ਪਿਛਲੇ 10 ਸਾਲਾਂ 'ਚ ਅਕਾਲੀ ਨੇਤਾਵਾਂ ਵੱਲੋਂ ਦਰਜ ਕਰਵਾਏ ਗਏ ਝੂਠੇ ਕੇਸਾਂ ਦੀ ਜਾਂਚ ਚੱਲ ਰਹੀ ਹੈ। ਮੁੱਖ ਮੰਤਰੀ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਇਸ 'ਚ ਜੋ ਵੀ ਸ਼ਾਮਲ ਹੋਵੇਗਾ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਕਾਲੀਆਂ ਨੂੰ ਤਾਂ ਅਜੇ ਪਿਛਲੇ ਸਮੇਂ 'ਚ ਕਾਂਗਰਸੀਆਂ 'ਤੇ ਦਰਜ ਕੀਤੇ ਗਏ ਝੂਠੇ ਕੇਸਾਂ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਅਮਰਿੰਦਰ ਨਾਲ ਸਿਆਸੀ ਹਾਲਾਤ ਤੇ ਗੁਰਦਾਸਪੁਰ ਸੀਟ 'ਤੇ ਚਰਚਾ
ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਸੁਨੀਲ ਜਾਖੜ ਨੇ ਚੰਡੀਗੜ੍ਹ ਤੋਂ ਮਾਨਸਾ ਜਾਂਦੇ ਸਮੇਂ ਹੈਲੀਕਾਪਟਰ 'ਚ ਸੂਬੇ ਦੀ ਸਿਆਸੀ ਸਥਿਤੀ ਅਤੇ ਗੁਰਦਾਸਪੁਰ 'ਚ ਲੋਕ ਸਭਾ ਸੀਟ ਦੀ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਚਰਚਾ ਕੀਤੀ। ਕਾਂਗਰਸੀਆਂ ਨੇ ਦੱਸਿਆ ਕਿ ਸਫਰ ਦੌਰਾਨ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੁਰਦਾਸਪੁਰ 'ਚ ਹੋਣ ਵਾਲੀਆਂ ਉਪ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਕੈਪਟਨ ਨੇ ਜਾਖੜ ਨੂੰ ਕਿਹਾ ਕਿ ਕਾਂਗਰਸ ਅਤੇ ਸਰਕਾਰ ਦੋਵੇਂ ਹੀ ਉਪ ਚੋਣ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹ ਗੁਰਦਾਸਪੁਰ 'ਚ ਪਾਰਟੀ ਦਾ ਚੋਣ ਬਿਗੁਲ 15 ਅਗਸਤ ਨੂੰ ਵਜਾ ਦੇਣਗੇ।


Related News