ਮਾਨਸੂਨ ਮੌਕੇ ਨਿਗਮ ਨੂੰ ਆਈ ਸਰਵੇ ਦੀ ਯਾਦ

Tuesday, Jul 31, 2018 - 06:16 AM (IST)

ਚੰਡੀਗਡ਼੍ਹ, (ਰਾਜਿੰਦਰ)- ਚੰਡੀਗਡ਼੍ਹ ਨਗਰ ਨਿਗਮ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਲਾਪ੍ਰਵਾਹ ਹੋ ਗਿਆ ਹੈ। ਇਸ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਨਿਗਮ ਨੂੰ ਮਾਨਸੂਨ  ਮੌਕੇ ਵਾਟਰ ਲਾਗਿੰਗ ਸਮੱਸਿਆ ਦੀ ਯਾਦ ਆਈ ਹੈ।
ਨਿਗਮ ਨੇ ਸ਼ਹਿਰ ਵਿਚ ਜਿਥੇ ਮੀਂਹ ਦਾ ਪਾਣੀ ਭਰਨ ਦੀ ਸਮੱਸਿਆ ਜ਼ਿਆਦਾ ਹੈ, ਉਨ੍ਹਾਂ ਥਾਵਾਂ ਦਾ ਪਤਾ ਲਗਾਉਣ ਲਈ ਸਰਵੇ ਸ਼ੁਰੂ ਕੀਤਾ ਹੈ ਪਰ ਮਾਨਸੂਨ ਤੋਂ ਪਹਿਲਾਂ ਇਹ ਸਰਵੇ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜਿਸ ਤੋਂ ਸਾਫ਼ ਹੈ ਕਿ ਸ਼ਹਿਰ ਵਾਸੀਆਂ ਨੂੰ ਅੱਗੇ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਹਰ ਸਾਲ ਹੀ ਮੀਂਹ ਦੌਰਾਨ ਸਡ਼ਕਾਂ ’ਤੇ ਪਾਣੀ ਭਰ ਜਾਂਦਾ ਹੈ  ਪਰ ਨਿਗਮ ਇਸ ਨੂੰ ਗੰਭੀਰਤਾ  ਨਾਲ ਨਹੀਂ ਲੈ ਰਿਹਾ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਨਿਗਮ ਕਰੋਡ਼ਾਂ ਰੁਪਏ ਖਰਚ ਕਰਕੇ ਸਫਾਈ ਵੀ ਕਰਵਾਉਂਦਾ ਹੈ  ਪਰ ਬਾਵਜੂਦ ਇਸ ਦੇ ਕੋਈ ਨਤੀਜਾ ਨਹੀਂ ਨਿਕਲਦਾ।
ਅਜੇ ਸਮੱਸਿਅਾ ਤੋਂ ਰਾਹਤ ਨਹੀਂ ਮਾਨਸੂਨ ਤੋਂ ਪਹਿਲਾਂ ਸਰਵੇ ਪੂਰਾ ਹੋਣ ਦਾ ਅਾਸਾਰ
ਸ਼ਹਿਰ ਵਿਚ 33 ਹਜ਼ਾਰ ਰੋਡ ਗਲੀਆਂ, ਸਭ ਦੀ ਹਾਲਤ ਇਕੋ ਜਿਹੀ
ਸ਼ਹਿਰ ਵਿਚ 33 ਹਜ਼ਰ ਰੋਡ ਗਲੀਆਂ ਹਨ, ਜਿਨ੍ਹਾਂ ਵਿਚੋਂ ਨਿਗਮ ਦੇ ਅੰਡਰ 28 ਹਜ਼ਾਰ ਹਨ। ਨਿਗਮ ਹਰ ਸਾਲ ਹੀ ਇਨ੍ਹਾਂ ਦੀ ਸਫਾਈ ਕਰਵਾਉਣ ਦਾ ਦਾਅਵਾ ਕਰਦਾ ਹੈ  ਪਰ ਜਿਸ ਤਰ੍ਹਾਂ ਮੀਂਹ ਦੌਰਾਨ ਸ਼ਹਿਰ ਵਿਚ ਸਡ਼ਕਾਂ ’ਤੇ ਪਾਣੀ ਭਰ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਇਨ੍ਹਾਂ ਦੀ ਸਫਾਈ ਨਹੀਂ ਹੋ ਪਾ ਰਹੀ ਹੈ। ਇਸ ਸਾਲ ਵੀ ਨਿਗਮ ਨੇ 1.36 ਕਰੋਡ਼ ਰੁਪਏ ਖਰਚ ਕਰਕੇ ਇਨ੍ਹਾਂ ਦੀ ਸਫਾਈ ਕਰਵਾਈ ਸੀ  ਪਰ ਸ਼ਹਿਰ ਦੀਆਂ ਅੱਧੀਆਂ ਤੋਂ ਜ਼ਿਆਦਾ ਰੋਡ-ਗਲੀਆਂ ਅਜੇ ਵੀ ਜਾਮ ਪਈਆਂ ਹਨ। ਨਿਗਮ ਵਲੋਂ ਮਾਨਸੂਨ ਤੋਂ ਪਹਿਲਾਂ ਛੇ ਮਹੀਨੇ ਲਈ 100 ਫ਼ੀਸਦੀ ਮੈਨ ਪਾਵਰ ਨੂੰ ਲਾਇਆ ਜਾਂਦਾ ਹੈ, ਜਦੋਂਕਿ ਇਸ ਤੋਂ ਬਾਅਦ ਮੈਨ ਪਾਵਰ ਨੂੰ ਘਟਾ ਕੇ 50 ਫ਼ੀਸਦੀ ਕਰ ਦਿੱਤਾ ਜਾਂਦਾ ਹੈ।   
ਕਈ ਸਾਲਾਂ ਤੋਂ ਰੋਡ-ਗਲੀਆਂ ਜਾਮ
ਸ਼ਹਿਰ ਦੀਆਂ ਸੈਂਕਡ਼ੇ ਰੋਡ-ਗਲੀਆਂ ਤਾਂ ਅਜਿਹੀਆਂ ਹਨ ਜੋ ਕਈ ਸਾਲਾਂ ਤੋਂ ਜਾਮ ਹਨ। ਇਨ੍ਹਾਂ ਵਿਚ ਬਹੁਤ ਜ਼ਿਆਦਾ ਕੂਡ਼ਾ ਭਰਿਆ ਹੈ। ਨਿਗਮ ਇਨ੍ਹਾਂ ਦਾ ਕੰਮ ਤਾਂ ਅਲਾਟ ਕਰ ਦਿੰਦਾ ਹੈ ਪਰ ਠੇਕੇਦਾਰ ਕਰਮੀ ਇਨ੍ਹਾਂ ਦੀ ਸਫਾਈ ਲਈ ਗੰਭੀਰਤਾ ਨਹੀਂ ਦਿਖਾਉਂਦੇ। ਉਹ ਖਾਨਾਪੂਰਤੀ ਲਈ ਉਤੋਂ ਸਫਾਈ ਕਰ ਦਿੰਦੇ ਹਨ, ਜਦੋਂ ਕਿ ਹੇਠੋਂ ਕੂਡ਼ਾ ਨਹੀਂ ਕੱਢਦੇ। ਇਸ ਕਾਰਨ ਸਫਾਈ ਦੇ ਬਾਵਜੂਦ ਵੀ ਇਹ ਜਾਮ ਰਹਿੰਦੀਆਂ ਹਨ। ਇਸ ਦੀ ਚੈਕਿੰਗ ਵੀ ਠੀਕ ਤਰੀਕੇ ਨਾਲ ਨਹੀਂ ਹੋ ਪਾ ਰਹੀ ਹੈ।
ਪਾਣੀ ਦੀ ਨਿਕਾਸੀ ਨਾ ਹੋਣ ਦੇ ਇਹ ਵੀ ਕਾਰਨ
-ਸ਼ਹਿਰ ਦਾ ਡਰੇਨੇਜ ਸਿਸਟਮ 60 ਸਾਲ ਪੁਰਾਣਾ ਹੋ ਚੁੱਕਿਆ ਹੈ, ਜਿਸ ਨੂੰ ਉਸ ਸਮੇਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ। ਹੁਣ ਇਸ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਦੀ ਜ਼ਰੂਰਤ ਹੈ।
-ਰੋਡ-ਗਲੀਆਂ ਦੇ ਕਰਵ ਤੇ ਚੈਨਲ ਦਾ ਪੱਧਰ ਠੀਕ ਨਹੀਂ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਹੈ।
-ਕਰਵ ਤੇ ਚੈਨਲ ਤੋਂ ਅੱਗੇ ਲੋਕਾਂ ਨੇ ਘਰਾਂ ਦੇ ਬਾਹਰ ਰੈਂਪ ਵੀ ਬਣਾ ਲਏ ਹਨ, ਜੋ ਕਿ ਇਨ੍ਹਾਂ ਦੇ ਬਰਾਬਰ ਨਹੀਂ ਬਣੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਦੇ ਦੋਨਾਂ ਪਾਸੇ ਪਾਣੀ ਜਮ੍ਹਾ ਹੋ ਜਾਂਦਾ ਹੈ।
ਇਨ੍ਹਾਂ ਥਾਵਾਂ ’ਤੇ ਭਰਦਾ ਹੈ ਜ਼ਿਆਦਾ ਪਾਣੀ
ਇੰਡਸਟ੍ਰੀਅਲ ਏਰੀਆ ਫੇਜ਼-1, ਰਾਮ ਦਰਬਾਰ, ਹੱਲੋਮਾਜਰਾ, ਮਨੀਮਾਜਰਾ, ਬਾਪੂਧਾਮ ਕਾਲੋਨੀ, ਡੱਡੂਮਾਜਰਾ, ਖੁੱਡਾ ਲਾਹੌਰਾ, ਕਾਲੋਨੀ ਨੰਬਰ-4, ਸੈਕਟਰ-18, 31 ਦਾ ਕੁਝ ਏਰੀਆ, 38, 40, 56 ਅਤੇ ਹੋਰ ਕਈ ਥਾਵਾਂ ਸ਼ਾਮਲ ਹਨ। ਨਿਗਮ ਦਾ ਸਰਵੇ ਚੱਲ ਰਿਹਾ ਹੈ, ਉਸ ਵਿਚ 50 ਅਜਿਹੇ ਸਪਾਟ ਸਾਹਮਣੇ ਆਏ ਹਨ, ਜਿਥੇ ਜ਼ਿਆਦਾ ਮੀਂਹ ਦਾ ਪਾਣੀ ਭਰਦਾ ਹੈ।
ਜਿਨ੍ਹਾਂ ਥਾਵਾਂ ’ਤੇ ਵਾਟਰ ਲਾਗਿੰਗ ਜ਼ਿਆਦਾ ਹੁੰਦੀਆਂ ਹਨ, ਉਨ੍ਹਾਂ ਥਾਵਾਂ ਦਾ ਪਤਾ ਲਾਉਣ ਲਈ ਨਿਗਮ ਨੇ ਸਰਵੇ ਸ਼ੁਰੂ ਕੀਤਾ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੱਲ ਲਈ ਕੰਮ ਸ਼ੁਰੂ ਕੀਤਾ ਜਾਵੇਗਾ।
 -ਮਨੋਜ ਬਾਂਸਲ, ਚੀਫ ਇੰਜੀਨੀਅਰ, ਨਗਰ ਨਿਗਮ ਚੰਡੀਗਡ਼੍ਹ


Related News