ਮਿਊਂਸੀਪਲ ਕਰਮਚਾਰੀਆਂ ਦਾ ਸੰਘਰਸ਼ ਦੂਸਰੇ ਦਿਨ ''ਚ ਦਾਖਲ
Saturday, Jun 16, 2018 - 06:52 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਨਗਰ ਕੌਂਸਲ ਕਪੂਰਥਲਾ ਦੇ ਕਰਮਚਾਰੀਆਂ ਵਲੋਂ ਆਪਣੀਆਂ ਜਾਇਜ਼ ਮੰਗਾਂ ਲਾਗੂ ਕਰਵਾਉਣ ਲਈ ਲੋਕਲ ਪੱਧਰ 'ਤੇ ਅੱਜ ਦੂਜੇ ਦਿਨ ਵੀ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਤੇ ਜ਼ਿਲਾ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਵਲੋਂ ਨਗਰ ਕੌਂਸਲ ਕਪੂਰਥਲਾ ਦਫਤਰ ਦੇ ਬਾਹਰ ਨਾਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਘੜਾ ਭੰਨ੍ਹਿਆ ਗਿਆ।
ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਤੇ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਲੰਬੇ ਸਮੇਂ ਤੋਂ ਲਗਾਤਾਰ ਲਾਰੇ ਦੀ ਨੀਤੀ ਅਪਨਾਈ ਜਾ ਰਹੀ ਹੈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਦੇਖਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਤਨਖਾਹਾਂ ਸਮੇਂ ਸਿਰ ਕਰਵਾਉਣ, ਠੇਕੇਦਾਰੀ ਸਿਸਟਮ ਬੰਦ ਕਰਵਾਉਣ, ਬਰਾਬਰ ਕੰਮ ਬਰਾਬਰ ਤਨਖਾਹ ਤੇ 31-12-11 ਨੂੰ ਦਿੱਤੀ ਆਪਸ਼ਨ ਦੀ ਪੈਨਸ਼ਨ ਲਗਾਉਣ ਆਦਿ ਮੁੱਖ ਮੰਗਾਂ ਦੇ ਨਾਲ-ਨਾਲ ਹੋਰ ਜਾਇਜ਼ ਮੰਗਾਂ ਪੂਰੀਆਂ ਕਰਵਾਉਣ ਲਈ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਚੁਣਨਾ ਪਿਆ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਅਜੇ ਵੀ ਲਾਗੂ ਨਾ ਕੀਤੀਆਂ ਤਾਂ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਜਨਰਲ ਸਕੱਤਰ ਮਨੋਜ ਰੱਤੀ, ਚੇਅਰਮੈਨ ਰਾਜੇਸ਼ ਸਹੋਤਾ, ਸੀਨੀਅਰ ਵਾਈਸ ਪ੍ਰਧਾਨ ਵਿਕਰਮ ਘਈ, ਵਾਈਸ ਚੇਅਰਮੈਨ ਨਰੇਸ਼ ਮੱਟੂ, ਵਾਈਸ ਪ੍ਰਧਾਨ ਨਰਿੰਦਰ ਬੰਟੀ, ਗੁਰਦੀਪ ਸਿੰਘ, ਤਿਲਕਰਾਜ, ਰੋਹਿਨ ਸਹੋਤਾ, ਨੀਰਜ ਭੰਡਾਰੀ ਸੁਪਰਡੈਂਟ, ਅਕਾਊਂਟੈਂਟ ਸਤਨਾਮ ਸਿੰਘ, ਖਜ਼ਾਨਚੀ ਕੁਲਵੰਤ ਸਿੰਘ, ਸੰਜੇ ਧੀਰ, ਜਸਵਿੰਦਰ ਸਿੰਘ, ਪ੍ਰਭਜੋਤ ਕੌਰ, ਅਨੀਤਾ ਕੁਮਾਰੀ, ਬਿਮਲਾ ਦੇਵੀ, ਸੁਨੀਤਾ ਰਾਣੀ ਤੇ ਸਮੂਹ ਕਰਮਚਾਰੀ ਹਾਜ਼ਰ ਸਨ।
ਸਰਕਾਰ ਦਾ ਸਾੜਿਆ ਪੁਤਲਾ
ਸੁਲਤਾਨਪੁਰ ਲੋਧੀ, (ਧੀਰ)-ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਮਿਊਂਸੀਪਲ ਯੂਨੀਅਨ ਨੇ ਸਰਕਾਰ ਵੱਲੋਂ ਮੰਗਾਂ ਨਾ ਮੰਨਣ 'ਤੇ ਰੋਸ ਵਜੋਂ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦਾ ਪੁਤਲਾ ਵੀ ਸਾੜਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਜਿਵੇਂ ਕਰਮਚਾਰੀਆਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਵਾਉਣੀਆਂ, ਠੇਕੇਦਾਰੀ ਪ੍ਰਥਾ ਬੰਦ ਕਰਨ, ਰੈਗੂਲਰ ਭਰਤੀ ਕਰਨ, ਵੱਖ-ਵੱਖ ਸਮੇਂ 'ਤੇ ਕਰਮਚਾਰੀਆਂ ਨੂੰ ਬਣਦਾ ਲਾਭ ਦੇਣ ਅਤੇ ਦਿਹਾੜੀਦਾਰ ਤੇ ਪੱਕੇ ਕਰਮਚਾਰੀਆਂ ਦਾ ਈ. ਪੀ. ਐੱਫ. ਖਾਤੇ 'ਚ ਜਮ੍ਹਾ ਕਰਨ ਆਦਿ ਮੰਨਣ ਨੂੰ ਟਾਲ-ਮਟੋਲ ਕਰ ਰਹੀ ਹੈ, ਜਿਸ ਕਾਰਨ ਸਮੂਹ ਜਥੇਬੰਦੀ 'ਚ ਰੋਸ ਵਧਦਾ ਜਾ ਰਿਹਾ ਹੈ।
ਜਥੇਦਾਰ ਵਲੋਂ ਸਰਕਾਰ ਨੂੰ ਜਗਾਉਣ ਵਾਸਤੇ ਪਹਿਲਾਂ ਰੋਸ ਪ੍ਰਦਰਸ਼ਨ ਤੇ ਫਿਰ 17-18 ਜੁਲਾਈ ਨੂੰ ਪੂਰੇ ਪੰਜਾਬ 'ਚ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਪਰੰਤ ਜੇ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਇਸ ਦੇ ਵਿਰੁੱਧ ਤਿੱਖਾ ਸੰਘਰਸ਼ ਛੇੜਨ ਤੋਂ ਵੀ ਜਥੇਬੰਦੀ ਗੁਰੇਜ ਨਹੀਂ ਕਰੇਗੀ। ਇਸ ਮੌਕੇ ਕੁਲਦੀਪ ਸ਼ਰਮਾ, ਗੌਰਵ, ਭੁਪਿੰਦਰਜੀਤ ਸਿੰਘ, ਕੁਲਦੀਪ ਕੁਮਾਰ, ਸੰਜੀਵ ਘਈ, ਬਾਬਾ, ਆਸ਼ਾ ਤੇ ਵੱਡੀ ਗਿਣਤੀ 'ਚ ਮੁਲਾਜ਼ਮ ਹਾਜ਼ਰ ਸਨ।