ਪਵਿੱਤਰ ਨਗਰੀ ''ਚ ਖੜ੍ਹੇ ਪਾਣੀ ਨੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੇ ਖੋਲ੍ਹੀ ਪੋਲ

06/18/2017 4:02:59 AM

ਸੁਲਤਾਨਪੁਰ ਲੋਧੀ,   (ਧੀਰ)- ਪਵਿੱਤਰ ਨਗਰੀ 'ਚ ਅੱਜ ਸਵੇਰੇ ਪਈ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਪਹੁੰਚਾਈ, ਉਥੇ ਇਸ ਨਾਲ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਦੇ ਚਿਹਰੇ ਤਾਂ ਖਿੜ ਗਏ, ਜਦਕਿ ਮੰਡੀਆਂ 'ਚ ਇਸ ਸਮੇਂ ਮੱਕੀ ਦੀ ਫਸਲ ਲੈ ਕੇ ਆਏ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਗੌਰਤਲਬ ਹੈ ਕਿ ਇਸ ਸਮੇਂ ਮੱਕੀ ਦਾ ਸੀਜ਼ਨ ਪੂਰੇ ਜ਼ੋਰਾਂ-ਸ਼ੋਰਾਂ 'ਤੇ ਚਲ ਰਿਹਾ ਹੈ। ਕਿਉਂਕਿ ਇਸ ਵਾਰ ਕਣਕ ਨਾਲੋਂ ਵੀ ਕਿਤੇ ਜ਼ਿਆਦਾ ਹਲਕੇ 'ਚ ਮੱਕੀ ਦੀ ਬਿਜਾਈ ਹੋਈ ਸੀ। ਕੁਝ ਕਿਸਾਨਾਂ ਨੇ ਤਾਂ ਮੰਡੀ 'ਚ ਫਸਲ ਸੁੱਟੀ ਹੋਈ ਹੈ ਤੇ ਕੁਝ ਕਿਸਾਨ ਮੱਕੀ ਦੀ ਕਟਾਈ 'ਚ ਰੁਝੇ ਹੋਏ ਸਨ। ਬਾਰਿਸ਼ ਨੇ ਜਿਥੇ ਮੱਕੀ ਕਟਾਈ 'ਚ ਖੜੋਤ ਲਿਆ ਦਿੱਤੀ, ਉਥੇ ਮੰਡੀ 'ਚ ਫਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਪ੍ਰੇਸ਼ਾਨੀ ਚੁੱਕਣੀ ਪਈ। ਕਿਸਾਨ ਫੁੰਮਣ ਸਿੰਘ, ਪਰਗਟ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਮੱਕੀ ਦੀ ਫਸਲ ਦਾ ਰੇਟ 1400 ਰੁਪਏ ਪ੍ਰਤੀ ਕੁਇੰਟਲ ਸੀ, ਜਦਕਿ ਇਸ ਵਾਰ 1100 ਤੋਂ 1150 ਤਕ ਹੀ ਹੈ। ਅੱਜ ਮੀਂਹ ਨੇ ਰੇਟ 'ਚ ਹੋਰ ਕਮੀ ਲਿਆ ਦਿੱਤੀ ਹੈ, ਜਿਸ ਦਾ ਨੁਕਸਾਨ ਵੀ ਕਿਸਾਨਾਂ ਨੂੰ ਝੱਲਣਾ ਪੈਣਾ ਹੈ।
ਪਹਿਲਾਂ ਹੀ ਸੀਵਰੇਜ ਜਾਮ ਰਹਿਣ ਕਾਰਨ ਪਵਿੱਤਰ ਨਗਰੀ ਦੇ ਲੋਕ ਪ੍ਰੇਸ਼ਾਨ ਸਨ ਤੇ ਹੁਣ ਬਾਕੀ ਕਸਰ ਮੀਂਹ ਨੇ ਪੂਰੀ ਕਰ ਦਿੱਤੀ। ਮੀਂਹ ਕਾਰਨ ਬਾਜ਼ਾਰ, ਮੁੱਖ ਸੜਕਾਂ, ਚੌਕ, ਮੁਹੱਲੇ ਪਾਣੀ ਦੇ ਨਾਲ ਲਬਾਲਬ ਭਰ ਗਏ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਮੀਂਹ ਪੈਣ ਤੋਂ ਬਾਅਦ ਮੁਹੱਲਾ ਮੋਰੀ ਵਾਸੀਆਂ ਨੂੰ ਆਉਂਦੀ ਹੈ। ਇਸ ਤੋਂ ਇਲਾਵਾ ਆਰੀਆ ਸਮਾਜ ਚੌਕ, ਲੋਹੀਆਂ ਚੂੰਗੀ ਰੋਡ, ਰੇਲਵੇ ਸਟੇਸ਼ਨ ਚੌਕ, ਮਾਡਲ ਟਾਊਨ ਰੋਡ, ਬੀ. ਡੀ. ਪੀ. ਓ. ਚੌਕ ਆਦਿ 'ਚ ਬਾਰਿਸ਼ ਕਾਰਨ ਇਕੱਠਾ ਹੋਇਆ ਪਾਣੀ ਕਿਸੇ ਦਰਿਆ ਦੇ ਵਾਂਗ ਪ੍ਰਤੀਤ ਹੋ ਰਿਹਾ ਸੀ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 


Related News