ਸਿੱਖ ਸਮੱਸਿਆ ਦਾ ਹੱਲ ਪੰਜਾਬ ਦੀ ਪ੍ਰਭੂਸੱਤਾ ਸੰਪੰਨ ਆਜ਼ਾਦੀ ’ਚ ਹੈ, ਨਾ ਕਿ ਖੁਦਮੁਖਤਿਆਰੀ ’ਚ : ਦਲ ਖਾਲਸਾ
Saturday, Jun 05, 2021 - 09:46 PM (IST)
ਜਲੰਧਰ(ਚਾਵਲਾ)- ਘੱਲੂਘਾਰਾ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਈ ਗੁਰਦਾਸ ਹਾਲ ਵਿਖੇ ਕਰਵਾਏ ਗਏ ‘ਘੱਲੂਘਾਰਾ ਯਾਦਗਾਰੀ ਸਮਾਗਮ’ ਦੌਰਾਨ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖ ਸਮੱਸਿਆ ਦਾ ਹੱਲ ਪੰਜਾਬ ਦੀ ਪ੍ਰਭੂਸੱਤਾ ਸੰਪੰਨ ਆਜ਼ਾਦੀ ਵਿਚ ਪਿਆ ਹੈ, ਨਾ ਕਿ ਖੁਦਮੁਖਤਿਆਰੀ ਵਿਚ ਹੈ।
ਖੁਦਮੁਖਤਿਆਰੀ ਦੀ ਵਕਾਲਤ ਕਰਨ ਵਾਲਿਆਂ ਨੂੰ ਲੰਬੇ ਹੱਥੀ ਲੈਂਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਕਿਹਾ ਕਿ ਖਾਲਿਸਤਾਨ ਤੋਂ ਬੈਕ-ਗੇਅਰ (ਪਿੱਛਾਂਅ ਹਟਣਾ) ਲਾਉਣ ਦਾ ਅਰਥ ਹੈ ਕਿ ਹਜ਼ਾਰਾਂ ਸ਼ਹਾਦਤਾਂ ਨਾਲ ਧੋਖਾ ਕਰਨਾ। ਉਨ੍ਹਾਂ ਅਹਿਦ ਦੁਹਰਾਇਆ ਕਿ ਉਹ ਸਿੱਖ ਕੌਮ ਦੀ ਆਜ਼ਾਦੀ ਤੱਕ ਸੰਘਰਸ਼ ਕਰਦੇ ਰਹਿਣਗੇ।
ਪੰਜਾਬ ਅੰਦਰ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਸਖਤ ਹੱਥੀਂ ਲੈਂਦਿਆਂ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਅੰਦਰ ਫੈੱਡਰਲਿਜ਼ਮ (ਰਾਜਾਂ ਨੂੰ ਖੁਦਮੁਖਤਿਆਰੀ) ਇਕ ਭਰਮ-ਭੁਲੇਖੇ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਦ ਦੀ ਮੁੱਖ ਧਾਰਾ ਵਿਚ ਵਿਚਰ ਰਹੇ ਸਿਆਸੀ ਲੋਕ ਵਾਰ-ਵਾਰ ਵੱਧ ਅਧਿਕਾਰਾਂ ਦੀ ਗੱਲ ਕਰ ਕੇ ਆਮ ਲੋਕਾਂ ਨੂੰ ਸੰਪੂਰਨ ਆਜ਼ਾਦੀ ਦੀ ਮੰਜਿਲ ਤੋਂ ਭਟਕਾ ਰਹੇ ਹਨ।
ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਤੇ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।