ਮਾਮਲਾ 4 ਬੱਚਿਆਂ ਦੇ ਪਿਓ ਦੇ ਕਤਲ ਦਾ, ਕਲਯੁਗੀ ਭੈਣ ਨੇ ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
Thursday, Jun 02, 2022 - 03:39 PM (IST)
ਬੰਗਾ (ਚਮਨ/ਰਾਕੇਸ਼) : ਬੰਗਾ ਬਲਾਕ ਦੇ ਪਿੰਡ ਸੱਲ ਕਲਾਂ ਵਿਖੇ ਇਕ ਕਲਯੁਗੀ ਭੈਣ ਵੱਲੋਂ ਮਾਂ-ਪਿਉ ਦੀ ਜ਼ਮੀਨ ਹੜੱਪਣ ਲਈ ਆਪਣੇ ਹੀ ਭਰਾ ਦਾ ਕਿਰਾਏ ਦੇ ਸ਼ੂਟਰਾਂ ਰਾਹੀਂ ਗੋਲ਼ੀ ਮਾਰ ਕੇ ਕਤਲ ਕਰਵਾ ਦਿੱਤਾ ਗਿਆ। ਬੀਤੀ 25 ਮਈ ਨੂੰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਸੱਲ ਕਲਾਂ ਵਿਖੇ ਗੋਲ਼ੀ ਮਾਰ ਕੇ ਕਤਲ ਕੀਤੇ ਅਮਰਜੀਤ ਸਿੰਘ ਨਾਮੀ ਵਿਅਕਤੀ ਦੇ ਮਾਮਲੇ ’ਚ ਬੰਗਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਵੱਲੋਂ ਇਸ ਸਬੰਧੀ ਮ੍ਰਿਤਕ ਅਮਰਜੀਤ ਸਿੰਘ ਦੀ ਸਕੀ ਭੈਣ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ 2 ਤੋਂ 5 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ
ਮਨਦੀਪ ਕੌਰ ਨੇ ਇਸ ਸਬੰਧੀ ਆਪਣਾ ਜੁਰਮ ਕਬੂਲ ਕਰਦੇ ਹੋਏ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਮੇਰੇ (ਮਨਦੀਪ ਕੌਰ) ਦੇ ਨਾਂ ਕਰਵਾ ਦਿੱਤੀ ਸੀ ਅਤੇ ਹੁਣ ਮੇਰਾ ਪਿਤਾ ਕੁਝ ਜ਼ਮੀਨ ਉਸਦੇ ਉਕਤ ਭਰਾ ਦੇ ਨਾਂ ’ਤੇ ਕਰਵਾਉਣ ਲਈ ਕਹਿ ਰਿਹਾ ਸੀ ਜਦਕਿ ਉਹ ਪਰਿਵਾਰ ਦੀ ਸਾਰੀ ਜ਼ਮੀਨ ਆਪਣੇ ਕੋਲ ਰੱਖਣਾ ਚਾਹੁੰਦੀ ਸੀ।ਉਸਦਾ ਪਿਤਾ ਗੁਰਮੀਤ ਸਿੰਘ ਜ਼ਮੀਨ ਦਾ ਕੁਝ ਹਿੱਸਾ ਆਪਣੇ ਪੁੱਤਰ ਅਮਰਜੀਤ ਸਿੰਘ ਨੂੰ ਦੇਣ ਲਈ ਵਾਰ-ਵਾਰ ਕਹਿ ਰਿਹਾ ਸੀ। ਇਸ ਕਾਰਨ ਉਸਨੇ ਆਪਣੇ ਭਰਾ ਨੂੰ ਟਿਕਾਣੇ ਲਗਾਉਣ ਲਈ ਕਿਰਾਏ ਦੇ ਸ਼ੂਟਰਾਂ ਰਾਹੀਂ ਆਪਣੇ ਭਰਾ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ : ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਖ਼ੁਲਾਸਾ, ਡੇਰਾ ਮੁਖੀ ਨੇ ਮੈਨੂੰ ਜਾਨੋਂ ਮਾਰਨ ਦੀ ਰਚੀ ਸੀ ਸਾਜ਼ਿਸ਼
ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਾਮਲੇ ’ਚ ਜਦੋਂ ਸ਼ੱਕ ਦੇ ਆਧਾਰ ’ਤੇ ਮਨਦੀਪ ਕੌਰ ਨੂੰ ਸ਼ਖਤੀ ਨਾਲ ਪੁੱਛਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਦੱਸਿਆ ਕਿ ਉਸ ਨੇ ਹੀ ਕਿਰਾਏ ਦੇ ਸ਼ੂਟਰਾਂ ਰਾਹੀਂ ਆਪਣੇ ਭਰਾ ਦਾ ਕਤਲ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਪੁਲਸ ਦੀਆਂ ਟੀਮਾਂ ਉਕਤ ਦੋਵੇਂ ਕਿਰਾਏ ਦੇ ਸ਼ੂਟਰ ਮੋਟਰਸਾਈਕਲ ਸਵਾਰ ਕਾਤਲਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 25 ਮਈ ਨੂੰ ਕਥਿਤ ਦੋਸ਼ੀ ਨੌਜਵਾਨ ਅਮਰਜੀਤ ਸਿੰਘ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਪਿੰਡ ਤੋਂ ਕੁਝ ਦੂਰ ਲਿਜਾ ਕੇ ਨੇੜੇ ਤੋਂ ਉਸ ਦੀ ਛਾਤੀ ’ਚ ਗੋਲ਼ੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ