ਸ਼ੱਕੀਆਂ ਦੀ ਤਲਾਸ਼ ''ਚ ਸਰਚ ਆਪ੍ਰੇਸ਼ਨ ਜਾਰੀ

04/19/2018 2:13:13 AM

ਪਠਾਨਕੋਟ,   (ਸ਼ਾਰਦਾ)-  ਪਠਾਨਕੋਟ ਦੇ ਫਤਿਹਪੁਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਫੌਜ ਦੀ ਵਰਦੀ 'ਚ ਦੋ ਸ਼ੱਕੀ ਹਥਿਆਰਬੰਦ ਲੋਕਾਂ ਦੇ ਦੇਖੇ ਜਾਣ ਦੀ ਸੂਚਨਾ ਤੋਂ ਬਾਅਦ ਪੁਲਸ ਵੱਲੋਂ ਪੂਰੇ ਇਲਾਕੇ 'ਚ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਇਸ ਨੂੰ ਸ਼ੱਕੀ ਤੌਰ 'ਤੇ ਦੇਖਦੇ ਹੋਏ ਉਝ ਦਰਿਆ ਕੋਲ ਸਥਿਤ ਖੂਨੀ ਨਾਲੇ ਦੇ ਆਸੇ-ਪਾਸੇ ਪੂਰੇ ਇਲਾਕੇ 'ਚ ਸਰਚ ਆਪ੍ਰੇਸ਼ਨ ਚਲਾਇਆ, ਜਿਸ ਦੀ ਅਗਵਾਈ ਐੱਸ. ਪੀ. ਆਪ੍ਰੇਸ਼ਨ ਹੇਮ ਪੁਸ਼ਪ ਨੇ ਕੀਤੀ। ਸਰਚ ਮੁਹਿੰਮ 'ਚ ਸਵੈਟ ਟੀਮ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ ਅਤੇ ਬਾਰਡਰ ਨਾਲ ਲੱਗਦੇ ਹਰ ਖੇਤਰ ਨੂੰ ਖੰਗਾਲਿਆ। ਦੁਪਹਿਰ ਤੱਕ ਚੱਲੀ ਸਰਚ ਦੀ ਨਿਗਰਾਨੀ ਸੀਨੀਅਰ ਪੁਲਸ ਅਧਿਕਾਰੀ ਕਰ ਰਹੇ ਸਨ। 
ਵਰਨਣਯੋਗ ਹੈ ਕਿ ਸ਼ੱਕੀ ਦੇਖੇ ਜਾਣ ਦੀ ਸੂਚਨਾ ਮਿਲੇ ਤਿੰਨ ਦਿਨ ਹੋ ਗਏ ਹਨ ਪਰ ਅਜੇ ਵੀ ਪੂਰੇ ਇਲਾਕੇ 'ਚ ਸਰਚ ਮੁਹਿੰਮ ਚੱਲ ਰਹੀ ਹੈ। ਪੁਲਸ ਆਸੇ-ਪਾਸੇ ਦੀਆਂ ਬਸਤੀਆਂ ਤੇ ਨਜ਼ਦੀਕੀ ਸਥਾਨਾਂ 'ਤੇ ਸਰਚ ਆਪ੍ਰੇਸ਼ਨ ਚਲਾ ਰਹੀ ਹੈ ਪਰ ਅਜੇ ਤੱਕ ਸ਼ੱਕੀਆਂ ਦੇ ਬਾਰੇ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਸ਼ੱਕੀਆਂ ਦੇ ਦੇਖੇ ਜਾਣ ਤੋਂ ਬਾਅਦ ਹਿਮਾਚਲ ਦੇ ਬਾਰਡਰ ਏਰੀਆ 'ਚ ਵੀ ਚੈਕਿੰਗ ਕੀਤੀ ਜਾ ਰਹੀ ਹੈ। 


Related News