ਭਿਆਨਕ ਗਰਮੀ ਨੇ ਆੜ੍ਹਤੀਆਂ ਨੂੰ ਆਰਥਿਕ ਮੰਦੇ ਵੱਲ ਧਕੇਲਿਆ, ਮੰਡੀ ’ਚ ਸਵੇਰੇ 9 ਵਜੇ ਦੀ ਪਸਰ ਜਾਂਦੈ ਸੰਨਾਟਾ
Wednesday, May 18, 2022 - 04:33 PM (IST)

ਲੁਧਿਆਣਾ (ਖੁਰਾਣਾ): ਅੱਗ ਉਗਲਦੀ ਗਰਮੀ ਕਾਰਨ ਸਬਜ਼ੀ ਮੰਡੀ ’ਚ ਖ਼ਰੀਦਦਾਰਾਂ ਵਿਸ਼ੇਸ਼ ਕਰ ਕੇ ਗਲੀ-ਮੁਹੱਲਿਆਂ ’ਚ ਸਬਜ਼ੀਆਂ ਵੇਚਣ ਵਾਲੇ ਸਟ੍ਰੀਟ ਵੈਂਡਰ ਦੀ ਐਂਟਰੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਇਸ ਕਾਰਨ ਸਬਜ਼ੀ ਮੰਡੀ ਵਿਚ ਕਾਰੋਬਾਰੀ ਮੰਦੀ ਦਾ ਦੌਰ ਪਸਰ ਗਿਆ ਹੈ। ਹਾਲਾਤ ਇਹ ਬਣੇ ਹਨ ਕਿ ਸਵੇਰੇ 9 ਵਜੇ ਹੀ ਮੰਡੀ ਵਿਚ ਚਾਰੇ ਪਾਸੇ ਸੰਨਾਟਾ ਪਸਰ ਜਾਂਦਾ ਹੈ। ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਨੇ ਦੱਸਿਆ ਕਿ ਸਬਜ਼ੀਆਂ ਦੀ ਆਮਦ ਡਿਮਾਂਡ ਦੇ ਮੁਕਾਬਲੇ ਕਿਤੇ ਜ਼ਿਆਦਾ ਹੋਣ ਕਾਰਨ ਜ਼ਿਆਦਤਰ ਸਬਜ਼ੀਆਂ ਦੀਆਂ ਕੀਮਤਾਂ ਮੂਧੇ ਮੂੰਹ ਡਿੱਗ ਗਈਆਂ ਹਨ। ਸਬਜ਼ੀ ਮੰਡੀ ’ਚ ਖ਼ਰੀਦਦਾਰਾਂ ਦੀ ਗਿਣਤੀ ’ਚ ਭਾਰੀ ਕਮੀ ਆਈ ਹੈ।
ਇਹ ਵੀ ਪੜ੍ਹੋ- ਆਪ’ ਆਗੂ ਨੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ’ਤੇ ਲਗਾਏ ਗੰਭੀਰ ਦੋਸ਼
ਈਲੂ ਨੇ ਕਿਹਾ ਕਿ ਕਾਰੋਬਾਰ ਘੋਰ ਮੰਦੀ ਦੀ ਲਪੇਟ ਵਿਚ ਹੈ ਕਿਉਂਕਿ ਹੋਲਸੇਲ ਸਬਜ਼ੀ ਮੰਡੀ ’ਚ ਗਾਹਕ ਲੱਭਣ 'ਤੇ ਵੀ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਲੋਂ ਮੰਡੀ ’ਚ ਲਿਆਂਦੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਸਹੀ ਮੁੱਲ ਨਹੀਂ ਮਿਲ ਰਹੇ। ਗਾਹਕ ਨਾ ਆਉਣ ਕਾਰਨ ਸਬਜ਼ੀਆਂ ਮੁਫ਼ਤ ਦੇ ਭਾਅ ’ਚ ਵੇਚਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰਮੀ ਦੇ ਕਹਿਰ ਕਾਰਨ ਆੜ੍ਹਤੀਆਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਵੇਰੇ ਲਗਭਗ 6 ਤੋਂ 8 ਵਜੇ ਤੱਕ ਹੀ ਮੰਡੀ ’ਚ ਗਾਹਕ ਨਜ਼ਰ ਆਉਂਦੇ ਹਨ, ਜਦਕਿ ਉਸ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰ ਜਾਂਦਾ ਹੈ। ਇਸ ਤਰ੍ਹਾਂ ਹੀ ਆੜ੍ਹਤੀਆਂ ਨੂੰ ਬਾਕੀ ਬਚੀਆਂ ਸਬਜ਼ੀਆਂ ਔਣੇ-ਪੌਣੇ ਮੁੱਲ ਵਿਚ ਵੇਚ ਕੇ ਹੀ ਸਬਰ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਨਾਲ ਪੰਚਾਇਤੀ ਜਗ੍ਹਾ ’ਤੇ ਬਣੇ ਘਰਾਂ ਅਤੇ ਉਸਾਰੀਆਂ ਨੂੰ ਵੀ ਤੋੜਨ ਦੇ ਹੁਕਮ ਜਾਰੀ
ਉਨ੍ਹਾਂ ਦੱਸਿਆ ਕਿ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ’ਚ ਲਿਆਉਣ ਦਾ ਕਿਰਾਇਆ ਭਾੜਾ ਜੇਬ ’ਚੋਂ ਭਰਨਾ ਪੈ ਰਿਹਾ ਹੈ ਕਿਉਂਕਿ ਖੇਤ ਦੀ ਲੇਬਰ, ਲੋਡਿੰਗ-ਅਨਲੋਡਿੰਗ ਅਤੇ ਕਿਰਾਇਆ ਭਾੜਾ ਦੇਣ ਤੋਂ ਬਾਅਦ ਜ਼ਿਆਦਾਤਰ ਹਰੀਆਂ ਸਬਜ਼ੀਆਂ 3 ਤੋਂ 5 ਰੁਪਏ ਕਿਲੋ ਤੱਕ ਹੀ ਵਿਕ ਰਹੀਆਂ ਹਨ। ਮਤਲਬ ਕਿ ਲਾਗਤ ਦੇ ਮੁਕਾਬਲੇ ਕਿਤੇ ਘੱਟ ਕੀਮਤਾਂ ਸਬਜ਼ੀਆਂ ਨੂੰ ਵੇਚਿਆ ਜਾ ਰਿਹਾ ਹੈ।
ਨੋਟ- ਇਹ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।