ਟਰਾਂਸਪੋਰਟ ਮੰਤਰੀ ਦੇ ਹੁਕਮਾਂ ''ਤੇ RTA ਸੈਕਰੇਟਰੀ ਨੇ ਕੱਸਿਆ ਸ਼ਿਕੰਜਾ, ਅੱਧਾ ਦਰਜਨ ਬੱਸਾਂ ਬੰਦ

Monday, Oct 11, 2021 - 02:15 AM (IST)

ਅੰਮ੍ਰਿਤਸਰ(ਨੀਰਜ)- ਟਰਾਂਸਪੋਰਟ ਮਾਫੀਆ ਖ਼ਿਲਾਫ਼ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਨਵ-ਨਿਯੁਕਤ ਆਰ. ਟੀ. ਏ. ਸੈਕਰੇਟਰੀ ਅੰਮ੍ਰਿਤਸਰ ਅਰਸ਼ਦੀਪ ਸਿੰਘ ਲੁਬਾਣਾ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਂਸਪੋਰਟ ਮਾਫੀਆ ’ਤੇ ਸ਼ਿਕੰਜ਼ਾ ਕੱਸ ਦਿੱਤਾ ਹੈ ।

ਇਸ ਤਹਿਤ ਅੰਮ੍ਰਿਤਸਰ ’ਚ ਵੱਖ-ਵੱਖ ਸਥਾਨਾਂ ’ਤੇ ਅੱਧਾ ਦਰਜਨ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕੁਝ ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ, ਜੋ ਟੈਕਸ ਡਿਫਾਲਟਰ ਸਨ ਜਾਂ ਫਿਰ ਨਾਜਾਇਜ਼ ਤੌਰ ’ਤੇ ਚਲਾਈ ਜਾ ਰਹੀ ਸਨ। ਬੰਦ ਕੀਤੀਆਂ ਜਾਣ ਵਾਲੀਆਂ ਬੱਸਾਂ ’ਤੇ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਟਰਾਂਸਪੋਰਟ ਮਾਫੀਆ ਖ਼ਿਲਾਫ਼ ਵੱਡਾ ਐਕਸ਼ਨ ਕਰਨ ਦੇ ਨਿਰਦੇਸ਼ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਤੋਂ ਜਾਰੀ ਕੀਤੇ ਜਾ ਚੁੱਕੇ ਹਨ । ਉਥੇ ਹੀ ਟਰਾਂਸਪੋਰਟ ਵਿਭਾਗ ਦੀ ਇਸ ਕਾਰਵਾਈ ਤੋਂ ਟਰਾਂਸਪੋਰਟ ਮਾਫੀਆ ਅਤੇ ਟੈਕਸ ਮਾਫੀਆ ਵੀ ਬੁਰੀ ਤਰ੍ਹਾਂ ਨਾਲ ਸਹਿਮ ਗਿਆ ਹੈ ਕਿਉਂਕਿ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਅਤੇ ਟੈਕਸ ਡਿਫਾਲਟਰ ਬੱਸਾਂ ’ਤੇ ਸਿਰਫ਼ ਅੰਮ੍ਰਿਤਸਰ ’ਚ ਨਹੀਂ ਸਗੋਂ ਰਾਜ ਦੇ ਸਾਰੇ ਪ੍ਰਮੁੱਖ ਜ਼ਿਲ੍ਹਿਆਂ ’ਚ ਕਾਰਵਾਈ ਕੀਤੀ ਜਾ ਰਹੀ ਹੈ। ਖੁਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅਧਿਕਾਰੀਆਂ ਦੀ ਟੀਮ ਨਾਲ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰ ਚੁੱਕੇ ਹਨ । ਉਨ੍ਹਾਂ ਨੇ ਆਰ. ਟੀ. ਏ. ਸੈਕਰੇਟਰੀ ਅਤੇ ਟਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕਿਸੇ ਵੀ ਟੈਕਸ ਡਿਫਾਲਟਰ ਬੱਸ ਨੂੰ ਸੜਕ ’ਤੇ ਨਾ ਚਲਣ ਦਿੱਤਾ ਜਾਵੇ ਕਿਉਂਕਿ ਜਦੋਂ ਟੈਕਸ ਦੀ ਚੋਰੀ ਹੁੰਦੀ ਹੈ ਤਾਂ ਰਾਜ ਦਾ ਵਿਕਾਸ ਵੀ ਘੱਟ ਹੁੰਦਾ ਹੈ ਇਮਾਨਦਾਰੀ ਦੇ ਨਾਲ ਜੇਕਰ ਰੈਵੇਨਿਊ ਮਿਲੇ ਤਾਂ ਇਸ ਰੈਵੇਨਿਊ ਨਾਲ ਰਾਜ ਦਾ ਠੀਕ ਤਰੀਕੇ ਨਾਲ ਵਿਕਾਸ ਕੀਤਾ ਜਾ ਸਕਦਾ ਹੈ ।

ਇਹ ਵੀ ਪੜ੍ਹੋ : ਕੱਚੇ ਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੇ ਘੇਰਿਆ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਘਰ

ਅੰਮ੍ਰਿਤਸਰ ਤੋਂ ਦਿੱਲੀ ਅਤੇ ਜੰਮੂ-ਕਟੜਾ ਚਲਣ ਵਾਲੀਆਂ ਵੀਡੀਓ ਕੋਚ ਬੱਸਾਂ ਰਾਡਾਰ ’ਤੇ
ਪਿਛਲੇ ਲੰਬੇ ਸਮਾਂ ਤੋਂ ਅੰਮ੍ਰਿਤਸਰ ਤੋਂ ਦਿੱਲੀ, ਜੰਮੂ-ਕਟੜਾ ਅਤੇ ਹੋਰ ਰੂਟਾਂ ’ਤੇ ਅਣ-ਰਜਿਸਟਰਡ ਵੀਡੀਓ ਕੋਚ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜੋ ਹਮੇਸ਼ਾ ਟਰਾਂਸਪੋਰਟ ਵਿਭਾਗ ਦੇ ਨਿਸ਼ਾਨੇ ’ਤੇ ਰਹੀਆਂ ਹਨ ਪਰ ਜਦੋਂ ਵੀ ਕਿਸੇ ਨਵੀਂ ਪਾਰਟੀ ਦੀ ਸਰਕਾਰ ਸੱਤਾ ’ਚ ਆਉਂਦੀ ਹੈ ਤਾਂ ਕੁਝ ਦਿਨਾਂ ਤੱਕ ਇਸ ਨਾਜਾਇਜ਼ ਬੱਸਾਂ ’ਤੇ ਕਾਰਵਾਈ ਕੀਤੀ ਜਾਂਦੀ ਹੈ ਬਾਅਦ ’ਚ ਮਾਮਲਾ ਠੰਡੇ ਬੱਸ ’ਚ ਪਾ ਦਿੱਤਾ ਜਾਂਦਾ ਹੈ ਪਰ ਇਸ ਵਾਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮਾਫੀਆ ਖ਼ਿਲਾਫ਼ ਕਮਾਨ ਸੰਭਾਲ ਰਹੇ ਹਨ। ਇਸ ਦੇ ਨਾਲ ਆਰ. ਟੀ. ਏ. ਸੈਕਰੇਟਰੀ ਅਤੇ ਹੋਰ ਅਧਿਕਾਰੀਆਂ ਦਾ ਵੀ ਹੌਸਲਾ ਵੱਧਦਾ ਹੈ । ਅੰਮ੍ਰਿਤਸਰ ਤੋਂ ਪ੍ਰਮੁੱਖ ਰੂਟਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਰਾਤ ਦੇ ਸਮੇਂ ਵੀਡੀਓ ਕੋਚ ਬੱਸਾਂ ਚੱਲਦੀਆਂ ਹਨ ਪਰ ਇਨ੍ਹਾਂ ਦਾ ਟੈਕਸ ਪੰਜਾਬ ਸਰਕਾਰ ਨੂੰ ਨਹੀਂ ਮਿਲਦਾ ਹੈ । ਇੰਨਾ ਹੀ ਨਹੀਂ ਇਨ੍ਹਾਂ ’ਚੋਂ ਜਿਆਦਾਤਰ ਬੱਸਾਂ ਨੂੰ ਦੂਜੇ ਰਾਜਾਂ ਦੇ ਨੰਬਰਾਂ ਤੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਸ਼ੁਰੂ ਹੋ ਚੁੱਕੀ ਹੈ । ਅੰਮ੍ਰਿਤਸਰ ’ਚ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹਾਲ ਬਾਜ਼ਾਰ ਦੇ ਨੇੜਿਓਂ ਵੀਡੀਓ ਕੋਚ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਲਈ ਇਨ੍ਹਾਂ ਨਾਜਾਇਜ਼ ਬੱਸਾਂ ਨੂੰ ਰੋਕਣਾ ਚੁਣੋਤੀ ਭਰਪੂਰ ਰਹਿੰਦਾ ਹੈ।

ਟਰਾਂਸਪੋਰਟ ਮਾਫੀਆ ’ਤੇ ਕਈ ਵੱਡੇ ਨੇਤਾਵਾਂ ਦੀ ਛਤਰ-ਛਾਇਆ
ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਮਾਫੀਆ ’ਤੇ ਹਮੇਸ਼ਾ ਕਿਸੇ ਨਾ ਕਿਸੇ ਵੱਡੇ ਨੇਤਾ ਦੀ ਛਤਰ-ਛਾਇਆ ਬਣੀ ਰਹੀ ਹੈ ਭਾਵੇਂ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਕਾਰਜਕਾਲ ਰਿਹਾ ਹੋ ਜਾਂ ਫਿਰ ਮੌਜੂਦਾ ਕਾਂਗਰਸ ਸਰਕਾਰ ਟਰਾਂਸਪੋਰਟ ਮਾਫੀਆ ਹਮੇਸ਼ਾ ਕਿਸੇ ਨਾ ਕਿਸੇ ਵੱਡੇ ਨੇਤਾ ਦੇ ਇਸ਼ਾਰੇ ’ਤੇ ਹੀ ਸੁਰੱਖਿਅਤ ਰਹਿੰਦਾ ਹੈ। ਨਵੀਂ ਸਰਕਾਰ ਆਉਣ ’ਤੇ ਚਿਹਰੇ ਜ਼ਰੂਰ ਬਦਲ ਜਾਂਦੇ ਹਨ ਪਰ ਹਲਾਤ ਪਹਿਲਾਂ ਵਾਲੇ ਹੀ ਰਹਿੰਦੇ ਹੈ । ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਕਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਫਰੀ ਹੈਂਡ ਕਰ ਦਿੱਤਾ ਜਾਵੇ ਤਾਂ ਇਕ ਹਫ਼ਤੇ ’ਚ ਨਾਜਾਇਜ਼ ਤੌਰ ’ਤੇ ਚਲਣ ਵਾਲੀ ਬੱਸਾਂ ਅਤੇ ਟੈਕਸ ਡਿਫਾਲਟਰ ਬੱਸਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਪਰ ਹਰ ਵਾਰ ਕਿਤੇ ਨਾ ਕਿਤੇ ਕਿਸੇ ਨੇਤਾ ਵੱਲੋਂ ਰੁਕਾਵਟ ਪਾ ਦਿੱਤੀ ਜਾਂਦੀ ਹੈ ਜੋ ਵਿਭਾਗੀ ਅਧਿਕਾਰੀਆਂ ਲਈ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਮੁਕੇਰੀਆਂ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫ਼ੈਲੀ ਸਨਸਨੀ

ਕਰੋੜਾਂ ਰੁਪਏ ਦਾ ਜੀ. ਐੱਸ. ਟੀ. ਵੀ ਚੋਰੀ ਕਰਦੈ ਟੈਕਸ ਮਾਫੀਆ
ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਇਹ ਮਾਫੀਆ ਸਿਰਫ ਟਰਾਂਸਪੋਰਟ ਵਿਭਾਗ ਨੂੰ ਹੀ ਕਰੋੜਾ ਰੁਪਏ ਦੇ ਟੈਕਸ ਦਾ ਹੀ ਨਹੀਂ ਸਗੋਂ ਵਸਤਾਂ ਦੀ ਵਿਕਰੀ ’ਤੇ ਮਿਲਣ ਵਾਲੇ ਜੀ. ਐੱਸ. ਟੀ. ਅਤੇ ਸੀ. ਜੀ. ਐੱਸ. ਟੀ. ਦੇ ਰੁਪ ’ਚ ਵੀ ਕਰੋੜਾਂ ਰੁਪਿਆਂ ਦਾ ਚੂਨਾ ਲਗਾ ਰਿਹਾ ਹੈ । ਮੁੱਖ ਤੌਰ ’ਤੇ ਦਿੱਲੀ ਅਤੇ ਅੰਮ੍ਰਿਤਸਰ ਦੇ ਰੂਟ ’ਤੇ ਚੱਲਣ ਵਾਲੀਆਂ ਵੀਡੀਓ ਕੋਚ ਬੱਸਾਂ ਅਤੇ ਕੁਝ ਟਰੱਕ ਆਪਰੇਟਰਾਂ ਵੱਲੋਂ ਭਾਰੀ ਮਾਤਰਾ ’ਚ ਬਿਨਾਂ ਬਿੱਲ ਸਾਮਾਨ ਲਿਆਇਆ ਜਾ ਰਿਹਾ ਹੈ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ ਦਾ ਚੂਨਾ ਲਗਾਇਆ ਜਾ ਰਿਹਾ ਹੈ। ਭਾਰੀ ਟੈਕਸ ਵਾਲੀਆਂ ਵਸਤਾਂ ਨੂੰ ਦਿੱਲੀ ਤੋਂ ਬਿਨਾਂ ਬਿੱਲ ਲਿਆਇਆ ਜਾ ਰਿਹਾ ਹੈ ਅਤੇ ਕੁਝ ਟਰਾਂਸਪੋਰਟ ਕੰਪਨੀਆਂ ਅਤੇ ਵੀਡੀਓ ਕੋਚ ਬੱਸਾਂ ਚਲਾਨ ਵਾਲੇ ਸਾਲਾਂ ਤੋਂ ਟੈਕਸ ਚੋਰੀ ਦੀ ਖੇਡ ਖੇਡਦੀਆਂ ਆ ਰਹੀਆਂ ਹਨ, ਜਿਨ੍ਹਾਂ ’ਤੇ ਸਖਤੀ ਨਾਲ ਕਾਰਵਾਈ ਹੋਣੀ ਜ਼ਰੂਰੀ ਹੈ ਵਿਸ਼ੇਸ਼ ਤੌਰ ’ਤੇ ਤਿਉਹਾਰਾਂ ਦੇ ਸੀਜਨ ’ਚ ਬਿਨਾਂ ਬਿੱਲ ਸਾਮਾਨ ਦੀ ਆਮਦ ਵਧ ਰਹੀ ਹੈ ਕਿਉਂਕਿ ਬਿਨਾਂ ਬਿੱਲ ਸਾਮਾਨ ’ਚ ਇਲੈਕਟਰਾਨਿਕ ਸਾਮਾਨ ਅਤੇ ਹੋਰ ਵਸਤਾਂ ਸ਼ਾਮਲ ਰਹਿੰਦੀਆਂ ਹਨ ।

ਕੋਰੋਨਾ ਕਾਲ ’ਚ ਮਜ਼ਬੂਤ ਹੋ ਚੁੱਕਿਐ ਟਰਾਂਸਪੋਰਟ ਮਾਫੀਆ
ਕੋਰੋਨਾ ਕਾਲ ’ਚ ਪ੍ਰਮੁੱਖ ਰੂਟਾਂ ’ਤੇ ਟਰੇਨਾਂ ਬੰਦ ਹੋਣ ਕਾਰਨ ਟਰਾਂਸਪੋਰਟ ਮਾਫੀਆ ਨੂੰ ਹੋਰ ਜ਼ਿਆਦਾ ਮਜ਼ਬੂਤ ਹੋਣ ਦਾ ਮੌਕਾ ਮਿਲ ਗਿਆ ਕਿਉਂਕਿ ਜ਼ਰੂਰੀ ਵਸਤਾਂ ਦੀ ਢੁਲਾਈ ਕਰਨ ਦੀ ਵਿਸ਼ੇਸ਼ ਇਜਾਜ਼ਤ ਤੋਂ ਲੈ ਕੇ ਟਰਾਂਸਪੋਰਟ ਮਾਫੀਆ ਨੇ ਰਿਕਾਰਡਤੋੜ ਕਮਾਈ ਕੀਤੀ ਹੈ ਅਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ ਫਿਲਹਾਲ ਜੇਕਰ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਇਸ ਤਰ੍ਹਾਂ ਸਖਤੀ ਨਾਲ ਟਰਾਂਸਪੋਰਟ ਮਾਫੀਆ ’ਤੇ ਕਾਰਵਾਈ ਜਾਰੀ ਰੱਖਦੇ ਹਨ ਤਾਂ ਜਲਦੀ ਹੀ ਮਾਫੀਆ ਦਾ ਲੱਕ ਟੁੱਟ ਜਾਵੇਗਾ।

ਇਹ ਵੀ ਪੜ੍ਹੋ : ਕੱਚੇ ਤੇ ਠੇਕਾ ਆਧਾਰਿਤ ਮੁੁਲਾਜ਼ਮਾਂ ਵੱਲੋਂ ਉਪ ਮੁੱਖ ਮੰਤਰੀ ਸੋਨੀ ਦੀ ਰਿਹਾਇਸ਼ ਵੱਲ ਰੋਸ ਮਾਰਚ

ਦਿਹਾਤੀ ਇਲਾਕਿਆਂ ਦੇ ਚੋਰ ਰਸਤੇ ਨਿਸ਼ਾਨੇ ’ਤੇ
ਸਰਕਾਰ ਨੂੰ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲੀ ਵੀਡੀਓ ਕੋਚ ਬੱਸਾਂ ਤੇ ਟਰੱਕ ਜਿਥੇ ਨੈਸ਼ਨਲ ਹਾਈਵੇ ਅਤੇ ਪ੍ਰਮੁੱਖ ਰਸਤਿਆਂ ’ਤੇ ਚਲਦੇ ਹਨ ਤਾਂ ਉਥੇ ਹੀ ਟਰਾਂਸਪੋਰਟ ਮਾਫੀਆ ਨੈਸ਼ਨਲ ਹਾਈਵੇ ਦੇ ਨਾਲ ਲੱਗਣ ਵਾਲੇ ਦਿਹਾਤੀ ਇਲਾਕਿਆਂ ਦੇ ਚੋਰ ਰਸਤਿਆਂ ਤੋਂ ਆਪਣੇ ਵਾਹਨ ਕੱਢਦਾ ਹੈ। ਟ੍ਰਾਂਸਪੋਰਟ ਵਿਭਾਗ ਦੇ ਕਈ ਕਰਮਚਾਰੀ ਜੋ ਸਮੇਂ ’ਤੇ ਡੀ. ਟੀ. ਓ. ਜਾਂ ਆਰ. ਟੀ. ਏ. ਸੈਕਰੇਟਰੀ ਨਾਲ ਤਾਇਨਾਤ ਰਹੇ ਹਨ, ਨੂੰ ਚੋਰ ਰਸਤਿਆਂ ਦਾ ਪੂਰਾ ਗਿਆਨ ਹੈ ਕਿਉਂਕਿ ਕਈ ਵਾਰ ਅਧਿਕਾਰੀਆਂ ਦੀ ਕਾਰਵਾਈ ’ਤੇ ਚੋਰ ਰਸਤਿਆਂ ਦਾ ਗਿਆਨ ਰੱਖਣ ਵਾਲੇ ਕਰਮਚਾਰੀ ਟੈਕਸ ਮਾਫੀਆ ਨੂੰ ਸੂਚਨਾ ਦਿੰਦੇ ਹਨ।

ਜਾਰੀ ਰਹੇਗੀ ਮੁਹਿੰਮ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ਵੱਲੋਂ ਮੈਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ, ਉਸ ਦਾ ਇਮਾਨਦਾਰੀ ਨਾਲ ਪਾਲਣ ਕਰਨਾ ਮੇਰਾ ਧਰਮ ਹੈ ਅਤੇ ਰਾਜ ’ਚ ਟਰਾਂਸਪੋਰਟ ਮਾਫੀਆ ਅਤੇ ਟੈਕਸ ਡਿਫਾਲਟਰ ਵਾਹਨਾਂ ਖਿਲਾਫ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਹ ਇਸ ਤਰ੍ਹਾਂ ਜਾਰੀ ਰਹੇਗੀ । ਸਰਕਾਰ ਦੇ ਰੈਵੇਨਿਊ ’ਚ ਕਿਸੇ ਨੂੰ ਵੀ ਦਖਲਅੰਦਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ ।


Bharat Thapa

Content Editor

Related News