ਦਾਤਰ ਦੀ ਨੋਕ ''ਤੇ ਕੀਤੀ ਗਈ 48 ਲੱਖ ਦੀ ਲੁੱਟ, 2 ਕਾਬੂ, 1 ਫਰਾਰ

08/20/2019 9:27:03 PM

ਜਲੰਧਰ (ਵਰੁਣ) - ਗੁਲਾਬ ਦੇਵੀ ਰੋਡ 'ਤੇ ਐੱਨ. ਆਰ. ਆਈ. ਦੇ ਸਾਲੇ ਨੂੰ ਦਾਤਰ ਮਾਰ ਕੇ ਉਸ ਤੋਂ 48 ਲੱਖ ਰੁਪਏ ਲੁੱਟਣ ਵਾਲੇ 2 ਲੁਟੇਰਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਤੋਂ 48 ਲੱਖ 'ਚੋਂ 31 ਲੱਖ ਰੁਪਏ ਬਰਾਮਦ ਕਰ ਲਏ ਹਨ। ਬਾਕੀ ਦੇ 17 ਲੱਖ ਰੁਪਏ ਫਰਾਰ ਲੁਟੇਰੇ ਕੋਲ ਹਨ ਜਿਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵਾਰਦਾਤ 6 ਅਗਸਤ ਨੂੰ ਹੋਈ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫਿਲਪਾਇਨ ਦੇ ਐੱਨ. ਆਰ. ਆਈ. ਜਸਵੰਤ ਸਿੰਘ ਵਾਸੀ ਰੋਜ਼ ਪਾਰਕ ਗੁਲਾਬ ਦੇਵੀ ਰੋਡ ਦੇ ਬੇਟੇ ਗੁਰਦੀਪ ਸਿੰਘ ਵਾਸੀ ਫਿਲਪਾਇਨ ਨੇ ਜਲੰਧਰ 'ਚ ਪ੍ਰਾਪਰਟੀ ਖਰੀਦਣੀ ਸੀ। ਜਸਵੰਤ ਸਿੰਘ ਦੇ ਸਾਰੇ ਬੱਚੇ ਵਿਦੇਸ਼ 'ਚ ਹਨ ਜਦਕਿ ਉਹ ਜਲੰਧਰ ਰਹਿੰਦੇ ਹਨ। ਗੁਰਦੀਪ ਸਿੰਘ ਨੇ ਪ੍ਰਾਪਰਟੀ ਲਈ ਇਕ ਡੀਲਰ ਨਾਲ ਗੱਲ ਕੀਤੀ ਹੋਈ ਸੀ। ਪ੍ਰਾਪਰਟੀ ਖਰੀਦਣ ਲਈ ਗੁਰਦੀਪ ਨੇ 11 ਅਗਸਤ ਨੂੰ ਫਿਲਪਾਇਨ ਤੋਂ ਜਲੰਧਰ ਆਉਣਾ ਸੀ ਪਰ ਉਸ ਨੇ ਆਪਣੇ ਸਾਲੇ ਸੋਨੂੰ ਵਾਸੀ ਬਸਤੀ ਸ਼ੇਖ ਦੇ ਹੱਥ 48 ਲੱਖ ਰੁਪਏ ਦੇ ਕੇ 6 ਅਗਸਤ ਨੂੰ ਪ੍ਰਾਪਰਟੀ ਡੀਲਰ ਕੋਲ ਭੇਜ ਦਿੱਤਾ। ਕਿਸੇ ਕਾਰਨਾਂ ਕਾਰਨ ਡੀਲ ਕੈਂਸਲ ਹੋ ਗਈ ਪਰ ਸੋਨੂੰ ਜਦੋਂ 48 ਲੱਖ ਰੁਪਏ ਦੀ ਰਕਮ ਲੈ ਕੇ ਵਾਪਸ ਕਰਨ ਜਾ ਰਿਹਾ ਸੀ ਤਾਂ ਗੁਲਾਬ ਦੇਵੀ ਰੋਡ 'ਤੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੇ ਸੋਨੂੰ ਦੀ ਮੋਟਰਸਾਈਕਲ 'ਚ ਐਕਟਿਵਾ ਮਾਰ ਕੇ ਉਸ ਦੀ ਬਾਹ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਕੈਸ਼ ਵਾਲਾ ਬੈਗ ਲੈ ਕੇ ਫਰਾਰ ਹੋ ਗਏ।

ਸੋਨੂੰ ਨੇ ਇਸ ਸਬੰਧੀ ਜਸਵੰਤ ਸਿੰਘ ਨੂੰ ਦੱਸਿਆ ਅਤੇ ਬਾਅਦ 'ਚ ਆਪਣੇ ਜੀਜਾ ਨੂੰ ਸਾਰੀ ਗੱਲ ਦੱਸੀ। ਜਿਵੇਂ ਹੀ ਕੈਸ਼ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਤਾਂ ਪਹਿਲਾਂ ਤਾਂ ਐੱਨ. ਆਰ. ਆਈ. ਨੇ ਸੋਨੂੰ 'ਤੇ ਸ਼ੱਕ ਜਤਾਇਆ ਅਤੇ 18 ਅਗਸਤ ਨੂੰ ਜਾ ਕੇ ਐੱਨ. ਆਰ. ਆਈ. ਨੇ ਪੁਲਸ ਕਮਿਸ਼ਨਰ ਨੂੰ 48 ਲੱਖ ਰੁਪਏ ਦੀ ਲੁੱਟ ਹੋਣ ਦੀ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ-1 ਨੂੰ ਸੌਂਪੀ ਗਈ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਨੇ ਸ਼ੁਰੂ ਕੀਤੇ ਤਾਂ ਐਕਟਿਵਾ ਸਵਾਰ ਤਿੰਨ ਲੁਟੇਰਿਆਂ ਦੇ ਚਿਹਰੇ ਸਾਫ ਕੈਮਰੇ 'ਚ ਕੈਦ ਹੋ ਗਏ। ਪੁਲਸ ਨੇ ਆਪਣੇ ਵੱਖ ਵੱਖ ਸੋਰਸਿਸ ਨਾਲ ਉਕਤ ਲੋਕਾਂ ਬਾਰੇ ਪਤਾ ਲਗਵਾਇਆ। ਤਿੰਨੋਂ ਲੁਟੇਰਿਆਂ 'ਚੋਂ ਅਮਿਤ ਕੁਮਾਰ ਉਰਫ ਅਮੀ ਪੁੱਤਰ ਜੀਵਨ ਲਾਲ ਵਾਸੀ ਜੇਲ ਚੌਂਕ ਅਤੇ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਮੋਹਨ ਸਿੰਘ ਵਾਸੀ ਸੰਗਤ ਸਿੰਘ ਨਗਰ ਗਲੀ ਨੰਬਰ 7 ਦੇ ਘਰ ਵਿਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤੀਜਾ ਮੁਲਜ਼ਮ ਘਰ ਤੋਂ ਫਰਾਰ ਹੈ। ਪੁਲਸ ਨੇ ਅਮਿਤ ਦੇ ਘਰ ਦੀ ਅਲਮਾਰੀ 'ਚੋ 17 ਲੱਖ ਰੁਪਏ ਬਰਾਮਦ ਕੀਤੇ ਜਦਕਿ ਅਮਨਦੀਪ ਦੇ ਘਰ ਦੇ ਬੈੱਡ ਤੋਂ 14 ਲੱਖ ਰੁਪਏ ਲੁੱਟ ਦੇ ਬਰਾਮਦ ਕਰ ਲਏ। ਵਾਰਦਾਤ 'ਚ ਇਸਤੇਮਾਲ ਕੀਤੀ ਗਈ ਅਮਿਤ ਦੀ ਐਕਟਿਵਾ ਨੂੰ ਵੀ ਪੁਲਸ ਨੇ ਕਬਜੇ 'ਚ ਲੈ ਲਿਆ ਹੈ। ਸੀ. ਪੀ. ਭੁੱਲਰ ਨੇ ਕਿਹਾ ਕਿ ਬਾਕੀ ਦੇ 17 ਲੱਖ ਰੁਪਏ ਫਰਾਰ ਮੁਲਜ਼ਮ ਕੋਲ ਹਨ। ਉਸ ਨੂੰ ਫੜਨ ਲਈ ਵੱਖ ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਹੈ । ਜਲਦੀ ਹੀ ਉਕਤ ਮੁਲਜ਼ਮ ਨੂੰ ਵੀ ਫੜ ਲਿਆ ਜਾਵੇਗਾ।

ਗੜ੍ਹਾ ਖੇਤਰ 'ਚ ਜਾ ਕੇ ਵੰਡੇ ਸਨ ਲੁੱਟ ਦੇ ਪੈਸੇ, ਡਰ ਦੇ ਮਾਰੇ ਨਹੀਂ ਖਰਚੇ
ਲੁੱਟ ਦੀ ਵਾਰਦਾਤ ਦੇ ਬਾਅਦ ਤਿੰਨੋਂ ਲੁਟੇਰੇ ਗੜ੍ਹਾ ਖੇਤਰ 'ਚ ਚਲੇ ਗਏ ਸਨ। ਉੱਥੇ ਇਕ ਸੁੰਨਸਾਨ ਇਲਾਕੇ 'ਚ ਤਿੰਨਾਂ ਨੇ ਪੈਸੇ ਵੰਡੇ। ਅਮਿਤ ਦੇ ਹਿੱਸੇ 17 ਲੱਖ, ਅਮਨ ਦੇ ਹਿੱਸੇ 14 ਲੱਖ ਅਤੇ ਫਰਾਰ ਮੁਲਜ਼ਮਾ ਦੇ ਲੁਟੇਰੇ ਦੇ ਹਿਸੇ ਵੀ 17 ਲੱਖ ਰੁਪਏ ਆਏ। ਪੁਲਸ ਦਾ ਕਹਿਣਾ ਹੈ ਕਿ ਉਕਤ ਲੋਕਾਂ ਨੇ ਅਜਿਹੀ ਪਹਿਲੀ ਵਾਰ ਵਾਰਦਾਤ ਕੀਤੀ ਸੀ ਅਤੇ ਉਹ ਕਾਫ਼ੀ ਡਰੇ ਹੋਏ ਸਨ। ਡਰ ਦੇ ਮਾਰੇ ਪੈਸੇ ਲੁੱਕਾ ਦਿੱਤੇ ਅਤੇ ਖਰਚੇ ਵੀ ਨਹੀਂ।

ਪਹਿਲਵਾਨੀ ਦੀ ਪ੍ਰੈਕਟਿਸ ਕਰਦੇ ਕਰਦੇ ਬਣੇ ਲੁਟੇਰੇ
ਅਮਿਤ ਅਤੇ ਅਮਨ ਦੋਵੇਂ ਨਾਖਾਂਵਾਲਾ ਬਾਗ 'ਚ ਪਹਿਵਾਨੀ ਦੀ ਪ੍ਰੈਕਟਿਸ ਕਰਦੇ ਸਨ ਪਰ ਜਲਦੀ ਅਮੀਰ ਬਣਨ ਦੇ ਚੱਕਰ 'ਚ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜਵੀ ਤੱਕ ਪੜ੍ਹ ਚੁੱਕੇ ਅਮਿਤ ਪਹਿਲਾਂ ਮਾਡਲ ਟਾਊਨ 'ਚ ਇੱਕ ਸ਼ੋਰੂਮ 'ਚ ਕੰਮ ਕਰਦਾ ਸੀ ਪਰ ਪਿਤਾ ਦੀ ਮੌਤ ਦੇ ਬਾਅਦ ਵਿਆਹ ਅਤੇ ਹੋਰ ਸਮਾਗਮਾਂ ਵਿਚ ਡੈਕੋਰੇਸ਼ਨ ਦਾ ਕੰਮ ਕਰਨ ਲਗਾ। ਅਮਨ ਅਤੇ ਅਮਿਤ ਇਕ ਦੂਜੇ ਨੂੰ 7 ਸਾਲਾਂ ਤੋਂ ਜਾਣਦੇ ਹਨ। ਅਮਨਦੀਪ ਉਰਫ ਅਮਨ 8ਵੀ ਪਾਸ ਹੈ। ਉਹ ਐੱਮ. ਬੀ. ਡੀ. ਮਾਰਕੀਟ 'ਚ ਇਕ ਕੱਪੜਿਆਂ ਦੀ ਦੁਕਾਨ 'ਚ ਕੰਮ ਕਰ ਰਿਹਾ ਸੀ। ਸਾਰੀ ਪਲਾਨਿੰਗ ਤੀਜੇ ਮੁਲਜ਼ਮ ਨੇ ਕੀਤੀ ਸੀ ਜਿਸ ਨੂੰ ਪਤਾ ਸੀ ਕਿ ਸੋਨੂੰ ਬਜ਼ੁਰਗ ਐੱਨ. ਆਰ. ਆਈ. ਜਸਵੰਤ ਸਿੰਘ ਦਾ ਕੇਅਰ ਟੇਕਰ ਹੈ ਅਤੇ ਬੈਂਕ ਦੇ ਸਾਰੇ ਕੰਮ ਵੀ ਉਹੀ ਕਰਦਾ ਹੈ। ਉਕਤ ਮੁਲਜ਼ਮ ਖਿਲਾਫ ਪਹਿਲਾਂ ਕੋਈ ਅਪਰਾਧਿਕ ਕੇਸ ਦਰਜ ਨਹੀਂ ਹੈ।


Karan Kumar

Content Editor

Related News