ਲੁਟੇਰਿਆਂ ਪੈਟਰੋਲ ਪੰਪ ਦੇ ਮੈਨੇਜਰ ਨੂੰ ਲੁੱਟਿਆ
Wednesday, Aug 09, 2017 - 07:53 AM (IST)

ਜਲੰਧਰ, (ਮਹੇਸ਼)— ਸੋਮਵਾਰ ਦੇਰ ਰਾਤ ਮੇਨ ਰੋਡ ਪਤਾਰਾ 'ਤੇ ਨਿਰਮਲ ਕੁਟੀਆ ਜੌਹਲਾਂ ਦੇ ਨੇੜੇ ਸਥਿਤ ਇਕ ਪੈਟਰੋਲ ਪੰਪ ਦੇ ਮੈਨੇਜਰ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ 38 ਹਜ਼ਾਰ 640 ਰੁਪਏ ਦੀ ਨਕਦੀ ਖੋਹ ਲਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ 2 ਮੋਟਰਸਾਈਕਲਾਂ 'ਤੇ ਸਵਾਰ ਸਨ ਜਿਨ੍ਹਾਂ ਵਿਚ ਇਕ ਲੜਕੀ ਵੀ ਸ਼ਾਮਲ ਸੀ। ਮੈਨੇਜਰ ਹਰਭਜਨ ਸਿੰਘ ਵਾਸੀ ਪਿੰਡ ਬੋਲੀਨਾ ਦੋਆਬਾ ਨੇ ਮੌਕੇ 'ਤੇ ਪਹੁੰਚੀ ਥਾਣਾ ਪਤਾਰਾ ਦੀ ਪੁਲਸ ਨੂੰ ਦੱਸਿਆ ਕਿ ਉਹ ਰਾਤ ਨੂੰ ਪੈਟਰੋਲ ਪੰਪ ਨੂੰ ਬੰਦ ਕਰ ਕੇ ਆਪਣੀ ਕਾਲੇ ਰੰਗ ਦੀ ਐਕਟਿਵਾ 'ਤੇ ਘਰ ਜਾ ਰਿਹਾ ਸੀ। ਅਜੇ ਉਹ ਪੰਪ ਤੋਂ 200 ਗਜ਼ ਦੀ ਦੂਰੀ 'ਤੇ ਪਹੁੰਚਿਆ ਸੀ ਕਿ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਕੋਲੋਂ ਐਕਟਿਵਾ ਦੀ ਡਿੱਕੀ ਦੀ ਚਾਬੀ ਮੰਗਣ ਲੱਗੇ।
ਉਸ ਵੱਲੋਂ ਵਿਰੋਧ ਕਰਨ 'ਤੇ ਉਹ ਕੁੱਟਮਾਰ ਕਰਨ ਲੱਗੇ। ਉਨ੍ਹਾਂ ਨੇ ਜ਼ਬਰਦਸਤੀ ਐਕਟਿਵਾ ਦੀ ਚਾਬੀ ਖੋਹ ਲਈ ਤੇ ਡਿੱਕੀ ਵਿਚੋਂ ਪੈਸੇ ਕੱਢ ਲਏ। ਲੁਟੇਰੇ ਉਸ ਦੀ ਐਕਟਿਵਾ ਵੀ ਲੈ ਗਏ ਪਰ ਥੋੜ੍ਹਾ ਅੱਗੇ ਜਾ ਕੇ ਛੱਡ ਗਏ ਜੋ ਮੌਕੇ ਤੋਂ ਬਰਾਮਦ ਹੋ ਗਈ। ਮੈਨੇਜਰ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਪਰ ਵਾਰਦਾਤ ਪੈਟਰੋਲ ਪੰਪ ਤੋਂ ਅੱਗੇ ਜਾ ਕੇ ਹੋਈ। ਇਸ ਲਈ ਫੁਟੇਜ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕੈਦ ਨਹੀਂ ਹੋ ਸਕੇ। ਐੱਸ. ਐੱਚ. ਓ. ਸਤਪਾਲ ਸਿੱਧੂ ਅਤੇ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਕਿਹਾ ਕਿ ਪੁਲਸ ਵਾਰਦਾਤ ਦੇ ਸੰਬੰਧ ਵਿਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।