ਮੀਂਹ ਨੇ ਖੋਲ੍ਹੀ ਮੰਡੀ ਪ੍ਰਬੰਧਾਂ ਦੀ ਪੋਲ, ਹੜਤਾਲ ਕਾਰਨ ਰੁਲ ਰਹੀ ਕਿਸਾਨਾਂ ਦੀ ਫ਼ਸਲ
Monday, Oct 16, 2023 - 03:07 PM (IST)
![ਮੀਂਹ ਨੇ ਖੋਲ੍ਹੀ ਮੰਡੀ ਪ੍ਰਬੰਧਾਂ ਦੀ ਪੋਲ, ਹੜਤਾਲ ਕਾਰਨ ਰੁਲ ਰਹੀ ਕਿਸਾਨਾਂ ਦੀ ਫ਼ਸਲ](https://static.jagbani.com/multimedia/2023_10image_14_59_286967507rain.jpg)
ਭਿੱਖੀਵਿੰਡ (ਸੁਖਚੈਨ,ਅਮਨ) : ਜਿੱਥੇ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਉੱਥੇ ਹੀ ਮੰਡੀ ਬੋਰਡ ਵਲੋਂ ਕੀਤੇ ਪ੍ਰਬੰਧਾਂ ਦੀ ਪਹਿਲੀ ਬਾਰਿਸ਼ ਨੇ ਹੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਕ ਪਾਸੇ ਸ਼ੈਲਰਾਂ ਵਾਲਿਆਂ ਵਲੋਂ ਕੀਤੀ ਹੜਤਾਲ ਅਤੇ ਦੂਜੇ ਪਾਸੇ ਆੜ੍ਹਤੀਆਂ ਵਲੋਂ ਕੀਤੀ ਹੜਤਾਲ ਨਾਲ ਕਿਸਾਨ ਮੰਡੀਆਂ ’ਚ ਰੁਲਣ ਲਈ ਮਜਬੂਰ ਹੋਇਆ ਪਿਆ ਹੈ ਅਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉਨ੍ਹਾਂ ਦੀ ਸਾਰ ਨਹੀਂ ਲੈਣ ਨਹੀਂ ਆਇਆ।
ਜੇਕਰ ਗੱਲ ਕੀਤੀ ਜਾਵੇ ਦਾਣਾ ਮੰਡੀ ਭਿੱਖੀਵਿੰਡ ਦੀ ਤਾਂ ਇਸ ਮੰਡੀ ਦੇ ਬਾਹਰ ਕੱਚੀ ਜਗ੍ਹਾ ਹੋਣ ਕਰਨ ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਬਰਬਾਦ ਕਰਕੇ ਰੱਖ ਦਿੱਤੀ ਹੈ ਅਤੇ ਪਾਣੀ ’ਚ ਝੋਨੇ ਦੀਆਂ ਢੇਰੀਆਂ ਡੁੱਬੀਆਂ ਪਈਆਂ ਹਨ। ਜਿੱਥੇ ਅੱਜ ਸਾਰਾ ਦਿਨ ਹੀ ਆੜ੍ਹਤੀਏ ਤੇ ਕਿਸਾਨ ਜੇ.ਸੀ.ਬੀ. ਨਾਲ ਟੋਏ ਪੁੱਟ ਕੇ ਪਾਣੀ ਕੱਢ ਰਹੇ ਸਨ ਪਰ ਸਰਕਾਰ ਦੇ ਕਿਸੇ ਵੀ ਉੱਚ ਅਧਿਕਾਰੀ ਨੇ ਇਕ ਵਾਰ ਵੀ ਆ ਕੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ।
ਇਹ ਵੀ ਪੜ੍ਹੋ: CM ਮਾਨ ਨੇ 304 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ-ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਸ ਬਣਾਵਾਂਗੇ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਕੀਤੀ ਹੜਤਾਲ ਦਾ ਹੱਲ ਕੱਢਕੇ ਜੋ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ, ਉਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੇ ਹੜਤਾਲ ਕੀਤੀ ਹੈ, ਉਸ ਨਾਲ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਲੋਂ ਹੜਤਾਲ ਖਤਮ ਕਰਕੇ ਕਿਸਾਨਾਂ ਦੀ ਫਸਲ ਨੂੰ ਚੁੱਕਿਆ ਜਾਵੇ।
ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਕਈ ਕਿਸਾਨਾਂ ਨੇ ਠੇਕੇ ਦੀਆਂ ਜ਼ਮੀਨਾਂ ਲੈ ਕੇ ਆਪਣੀ ਖੇਤੀ ਸ਼ੁਰੂ ਕੀਤੀ ਹੈ ਅਤੇ ਕਰਜ਼ੇ ਚੁੱਕ ਆਪਣੀ ਫਸਲ ਪਾਲੀ ਹੈ ਤੇ ਜਦ ਅੱਜ ਮੰਡੀਆਂ ’ਚ ਫਸਲ ਲੈਕ ਆਏ ਹਾਂ ਤਾਂ ਆੜ੍ਹਤੀਏ ਹੜਤਾਲ ਕਰਕੇ ਫਸਲ ਨੂੰ ਮੰਡੀਆਂ ’ਚ ਰੋਲ ਰਹੇ ਹਨ। ਸਰਕਾਰ ਨੂੰ ਨਾਜਾਇਜ਼ ਹੜਤਾਲਾਂ ਕਰਨ ਵਾਲਿਆਂ ਵਿਰੁੱਧ ਕਰਵਾਈ ਕਰਨ ਦੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆੜ੍ਹਤੀਆਂ ਤੇ ਕਿਸਾਨਾਂ ’ਚ ਟਕਰਾਰ ਪੈਦਾ ਹੋ ਸਕਦਾ ਹੈ ਕਿਉਂਕਿ ਪੰਜਾਬ ਅੰਦਰ ਕਿਤੇ ਵੀ ਕਿਸੇ ਨੇ ਕੋਈ ਹੜਤਾਲ ਨਹੀਂ ਕੀਤੀ। ਅਸੀਂ ਜ਼ਿਲ੍ਹਾ ਤਰਨਤਰਨ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕਰਦੇ ਹਾਂ ਕਿ ਇਸ ਹੜਤਾਲ ਨੂੰ ਖਤਮ ਕਰਾ ਕੇ ਕਿਸਾਨਾਂ ਦੀ ਫਸਲ ਨੂੰ ਖਰੀਦਿਆ ਜਾਵੇ।
ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਕਿਸਾਨ ਸਤਨਾਮ ਸਿੰਘ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਬਾਰਿਸ਼ ਨੇ ਸਾਡੇ ਝੋਨੇ ਦੀ ਪੂਰੀ ਤਰ੍ਹਾਂ ਨਾਲ ਬਰਬਾਦੀ ਕਰ ਦਿੱਤੀ ਹੈ, ਉੱਥੇ ਹੀ ਮੰਡੀਆਂ ਅੰਦਰ ਕਿਸਾਨਾਂ ਦੀ ਫਸਲ ਅੱਜ ਪੂਰੀ ਤਰ੍ਹਾਂ ਨਾਲ ਰੁਲ ਰਹੀ ਹੈ ਕਿਉਂਕਿ ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਨੇ ਹੜਤਾਲ ਕੀਤੀ ਹੋਈ ਹੈ, ਜਿਸ ਕਰਕੇ ਕਿਸਾਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ। ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਹਾਂ ਕਿ ਇਸ ਹੜਤਾਲ ਨੂੰ ਖਤਮ ਕਰਵਾਇਆ ਜਾਵੇ ਅਤੇ ਨਾਜਾਇਜ਼ ਹੜਤਾਲ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਆੜ੍ਹਤ ਯੂਨੀਅਨ ਭਿੱਖੀਵਿੰਡ ਦੇ ਪ੍ਰਧਾਨ ਕਾਰਜ ਸਿੰਘ ਨੇ ਕਿਹਾ ਕਿ ਸ਼ੈਲਰ ਵਾਲਿਆਂ ਵਲੋਂ ਹੜਤਾਲ ਕੀਤੀ ਗਈ ਹੈ, ਜਿਸ ਕਰਕੇ ਆੜ੍ਹਤੀਆਂ ਵਲੋਂ ਵੀ ਹੜਤਾਲ ਕੀਤੀ ਗਈ ਹੈ ਕਿਉਂਕਿ ਮੰਡੀਆਂ ਅੰਦਰ ਜੋ ਝੋਨਾ ਤੋਲਿਆ ਗਿਆ ਹੈ ਉਸ ਦੀ ਲਿਫਟਿੰਗ ਨਾ ਹੋਣ ਕਰ ਕੇ ਆੜ੍ਹਤੀਆਂ ਨੂੰ ਮਜਬੂਰੀ ਕਾਰਨ ਇਹ ਫੈਸਲਾ ਲੈਣਾ ਪਿਆ ਹੈ ਕਿਉਂਕਿ ਮੰਡੀਆਂ ਅੰਦਰ ਜਗ੍ਹਾ ਨਹੀਂ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8