ਝੂਠੀਆਂ ਕਸਮਾਂ 'ਤੇ ਚਲ ਰਹੀ ਹੈ ਪੰਜਾਬ ਸਰਕਾਰ : ਮਨੋਰੰਜਨ ਕਾਲੀਆ

06/05/2020 1:13:18 AM

ਬਠਿੰਡਾ, (ਵਰਮਾ)— ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਪ੍ਰੈੱਸ ਕਾਨਫਰੰਸ 'ਚ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਇਹ ਸਰਕਾਰ ਝੂਠੀਆਂ ਕਸਮਾਂ 'ਤੇ ਚਲ ਰਹੀ ਹੈ। ਚਾਰ ਹਫਤੇ 'ਚ ਨਸ਼ਾ ਖਤਮ ਕਰਨ ਦੀ ਕਸਮ ਖਾਣ ਵਾਲੇ ਮੁੱਖ ਮੰਤਰੀ ਚਾਰ ਸਾਲ ਲੰਘਣ ਦੇ ਬਾਵਜੂਦ ਵੀ ਨਸ਼ਾ ਖਤਮ ਕਰਨ 'ਚ ਨਾਕਾਮ ਰਹੇ। ਇਸ ਤਰ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ 'ਚ ਲੋਕਾਂ ਸਾਹਮਣੇ ਕਸਮ ਖਾਧੀ ਸੀ ਕਿ ਉਹ ਥਰਮਲ ਦੀਆਂ ਚਿਮਨੀਆਂ ਨੂੰ ਕਦੇ ਠੰਡਾ ਨਹੀਂ ਪੈਣ ਦੇਣਗੇ ਅਤੇ ਹਰ ਕੀਮਤ 'ਤੇ ਥਰਮਲ ਪਲਾਂਟ ਨੂੰ ਬੰਦ ਨਹੀਂ ਕੀਤਾ ਜਾਵੇਗਾ। ਇਸ ਤਰ੍ਹਾਂ ਖਟਕਲ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਘਰ ਜਾ ਕੇ ਮੁੱਖ ਮੰਤਰੀ ਨੇ ਉਨ੍ਹਾਂ ਪ੍ਰਤੀ ਕਸਮ ਖਾਧੀ ਸੀ ਕਿ ਉਨ੍ਹਾਂ ਦਾ ਬਲਿਦਾਨ ਦਿਵਸ ਸੂਬਾ ਪੱਧਰ 'ਤੇ ਮਨਾਇਆ ਜਾਵੇਗਾ ਪਰ 23 ਮਾਰਚ ਨੂੰ ਕੋਈ ਵੀ ਕਾਂਗਰਸੀ ਉਨ੍ਹਾਂ ਦੇ ਘਰ ਨਹੀਂ ਪੁੱਜਾ। ਕਾਲੀਆ ਨੇ ਕਿਹਾ ਕਿ ਉਹ ਇਕੱਲੇ ਵਿਅਕਤੀ ਸੀ, ਜਿੰਨ੍ਹਾਂ ਨੇ ਉਥੇ ਪਹੁੰਚ ਕੇ ਦੇਸ਼ ਪ੍ਰਤੀ ਆਪਣੀ ਭਾਵਨਾ ਜਾਗਰੂਕ ਕੀਤੀ।

ਇਕ ਸਾਲ ਦੇ ਕਾਰਜਕਾਲ 'ਚ ਮੋਦੀ ਨੇ ਲਏ ਇਤਿਹਾਸਕ ਫੈਸਲੇ
ਭਾਜਪਾ ਆਗੂ ਕਾਲੀਆ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਅਤੇ ਦੂਜੇ ਕਾਰਜਕਾਲ 'ਚ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਬਰਕਰਾਰ ਰੱਖਿਆ। ਇਥੋਂ ਤਕ ਕਿ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਵੀ ਮਜ਼ਬੂਤ ਰੱਖਿਆ। ਉਨ੍ਹਾਂ ਨੇ ਆਪਣੀ ਦੂਜੀ ਪਾਰੀ ਦੌਰਾਨ ਕਈ ਵੱਡੇ ਅਹਿਮ ਫੈਸਲੇ ਲਏ ਜਿਸ 'ਚ ਸਭ ਤੋਂ ਵੱਡੀ ਧਾਰਾ 370 ਖਤਮ ਕਰਨ ਦਾ, ਰਾਮ ਮੰਦਿਰ ਦੇ ਮੁੱਦੇ ਨੂੰ ਹੱਲ ਕਰਨਾ, ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਮੁਕਤੀ ਦਿਵਾਉਣਾ, ਦੇਸ਼ ਭਰ 'ਚ ਨਾਗਰਿਕਤਾ ਸੰਸ਼ੋਧਨ ਬਿੱਲ ਪਾਸ ਕਰਨਾ ਆਦਿ ਸ਼ਾਮਲ ਹੈ।
ਇਸ ਮੌਕੇ ਬਠਿੰਡਾ ਮਾਨਸਾ ਦੇ ਪ੍ਰਮੁੱਖ ਵਿਨੋਦ ਗੁਪਤਾ, ਪ੍ਰਦੇਸ਼ ਭਾਜਪਾ ਸਕੱਤਰ ਅਸ਼ੋਕ ਭਾਰਤੀ, ਦਿਆਲ ਦਾਸ ਸੋਢੀ, ਸੁਖਪਾਲ ਸਿੰਘ ਸਰਾਂ, ਮੀਡਿਆ ਪ੍ਰਦੇਸ਼ ਸਕੱਤਰ ਸੁਨੀਲ ਸਿੰਗਲਾ, ਜ਼ਿਲਾ ਭਾਜਪਾ ਵਿਨੋਦ ਬਿੰਟਾ, ਆਸ਼ੂਤੋਸ਼ ਤਿਵਾਰੀ, ਅਸ਼ੋਕ ਬਾਲਿਆਵਾਲੀ, ਰਾਜੇਸ਼ ਨੋਨੀ, ਮੁਨੀਸ਼ ਸ਼ਰਮਾ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ।


KamalJeet Singh

Content Editor

Related News