ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ

Thursday, Aug 12, 2021 - 11:06 PM (IST)

ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ (ਬਿਊਰੋ)-ਅੱਜ ਸ਼ਾਮ ਇਥੇ ਪੰਜਾਬ ਭਵਨ ਵਿਖੇ ਰੱਖੇ ਸਮਾਗਮ ਦੌਰਾਨ ਓਲੰਪਿਕ ਤਮਗਾ ਜੇਤੂਆਂ ਅਤੇ ਟੋਕੀਓ ਓਲੰਪਿਕ-2020 ’ਚ ਹਿੱਸਾ ਲੈਣ ਵਾਲੇ ਖਿਡਾਰੀਆਂ, ਜਿਨ੍ਹਾਂ ਨੇ ਦੇਸ਼ ਖਾਸ ਕਰਕੇ ਸੂਬੇ ਦਾ ਨਾਂ ਰੌਸ਼ਨ ਕਰ ਕੇ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ, ਨੂੰ 28.36 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਮੌਕੇ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਖੇਡ ਇਤਿਹਾਸ ’ਚ ਮੁੜ ਇਤਿਹਾਸ ਸਿਰਜਿਆ ਹੈ। ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਨਕਦ ਇਨਾਮੀ ਰਾਸ਼ੀ ਨੂੰ ਓਲੰਪਿਕ ਤਮਗਾ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਦੇ ਖਾਤਿਆਂ ’ਚ ਆਨਲਾਈਨ ਟਰਾਂਸਫਰ ਕੀਤਾ। ਸਤਿਕਾਰ ਅਤੇ ਸ਼ੁਕਰਾਨੇ ਦੇ ਪ੍ਰਤੀਕ ਵਜੋਂ ਮਹਿਲਾ ਹਾਕੀ ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਆਪਣੀ ਸਮੁੱਚੀ ਟੀਮ ਦੇ ਮੈਂਬਰਾਂ ਦੇ ਦਸਤਖਤਾਂ ਵਾਲੀ ਹਾਕੀ ਭੇਟ ਕੀਤੀ। ਟੋਕੀਓ ਓਲੰਪਿਕ -2020 ’ਚ 41 ਸਾਲਾਂ ਦੇ ਵਕਫੇ ਬਾਅਦ ਕਾਂਸੀ ਤਮਗਾ ਜਿੱਤਣ ’ਚ ਪੁਰਸ਼ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਹਾਕੀ ’ਚ ਭਾਰਤ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਸ਼ੁਰੂਆਤ ਦੱਸਿਆ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ-ਉਹ ਦਿਨ ਦੂਰ ਨਹੀਂ ਜਦੋਂ 5 ਰੁਪਏ ਪ੍ਰਤੀ ਯੂਨਿਟ ਮਿਲੇਗੀ ਬਿਜਲੀ

ਟੋਕੀਓ ਓਲੰਪਿਕ-2020 ’ਚ ਸੂਬਾਈ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਅਤੇ ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਨਾਂ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਅਤੇ ਸਕੂਲ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਅਜਿਹੇ ਸਕੂਲਾਂ ਅਤੇ ਸੜਕਾਂ ਦੀ ਪਛਾਣ ਕਰਨ ਲਈ ਵੀ ਕਿਹਾ ਤਾਂ ਜੋ ਇਨ੍ਹਾਂ ਖਿਡਾਰੀਆਂ ਨੂੰ ਬਣਦਾ ਸਨਮਾਨ ਦਿੱਤਾ ਜਾ ਸਕੇ, ਜਿਨ੍ਹਾਂ ਨੇ ਹਰ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਪੰਜਾਬ ਪੁਲਸ ’ਚ ਡੀ. ਐੱਸ. ਪੀ. ਤੋਂ ਐੱਸ. ਪੀ. ਵਜੋਂ ਤਰੱਕੀ ਦਿੱਤੀ। ਖਿਡਾਰੀਆਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ, ਜਿਸ ਨਾਲ ਉਹ ਵਿਸ਼ਵ ਪੱਧਰੀ ਮੁਕਾਬਲਿਆਂ ’ਚ ਹੋਰ ਉੱਤਮ ਕਾਰਗੁਜ਼ਾਰੀ ਵਿਖਾ ਸਕਣ, ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ `ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ` ਪੰਜਾਬ ਦੇ ਖਿਡਾਰੀਆਂ ਦੇ ਵਿਲੱਖਣ ਹੁਨਰ ਨੂੰ ਆਲਮੀ ਨਕਸ਼ੇ ’ਤੇ ਪ੍ਰਦਰਸ਼ਿਤ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ।

PunjabKesari

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਐਲਾਨ ਕੀਤਾ ਕਿ ਸੂਬਾ ਸਰਕਾਰ ਤਮਗਾ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦ ਹੀ ਰੂਪ-ਰੇਖਾ ਤਿਆਰ ਕਰੇਗੀ। ਉਨ੍ਹਾਂ ਮੁੱਖ ਸਕੱਤਰ ਨੂੰ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਵਿਚਾਰਨ ਲਈ ਕਿਹਾ। ਉਨ੍ਹਾਂ ਨੇ ਖੇਡ ਮੰਤਰੀ ਨੂੰ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਦੀ ਸਲਾਹ ਨਾਲ ਵੱਖ-ਵੱਖ ਖੇਡਾਂ ਲਈ ਅਤਿ-ਆਧੁਨਿਕ ਸਟੇਡੀਅਮ ਵਿਕਸਿਤ ਕਰਨ ਸਬੰਧੀ ਰੂਪ-ਰੇਖਾ ਤਿਆਰ ਕਰਨ ਲਈ ਕਿਹਾ ਤਾਂ ਜੋ ਉਹ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਪੇਸ਼ੇਵਰ ਢੰਗ ਨਾਲ ਅਭਿਆਸ ਕਰ ਸਕਣ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮੰਤਵ ਲਈ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਅਤੇ ਉੱਘੇ ਅਥਲੀਟ ਮਿਲਖਾ ਸਿੰਘ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਅੱਜ ਜ਼ਿੰਦਾ ਹੁੰਦੇ ਤਾਂ ਇਸ ਦੁਰਲੱਭ ਪ੍ਰਾਪਤੀ ’ਤੇ ਸਭ ਤੋਂ ਜ਼ਿਆਦਾ ਖੁਸ਼ੀ ਇਨ੍ਹਾਂ ਦੋਹਾਂ ਮਹਾਨ ਖਿਡਾਰੀਆਂ ਨੂੰ ਹੋਣੀ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦਾ ਪਿਛੋਕੜ ਰੱਖਣ ਵਾਲੇ ਗੋਲਡ ਮੈਡਲ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਜੋ ਇਸ ਵਿਲੱਖਣ ਪ੍ਰਾਪਤੀ ਨੂੰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਥਲੀਟ ਹਨ, ਨੂੰ ਵੀ ਸਨਮਾਨਿਤ ਕਰੇਗੀ। ਦੱਸਣਯੋਗ ਹੈ ਕਿ ਨੀਰਜ ਚੋਪੜਾ ਅੱਜ ਦੇ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ।

PunjabKesari

ਉਨ੍ਹਾਂ ਕਿਹਾ ਕਿ ਪੁਰਸ਼ ਹਾਕੀ ’ਚ ਇਤਿਹਾਸਕ ਜਿੱਤ ਅਤੇ ਮਹਿਲਾ ਹਾਕੀ ਟੀਮ ਅਤੇ ਐਥਲੀਟ ਕਮਲਪ੍ਰੀਤ ਕੌਰ ਵੱਲੋਂ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਹਮੇਸ਼ਾ ਉੱਭਰਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ’ਚ ਮਾਣ-ਸਨਮਾਨ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ ਅਤੇ ਐਥਲੈਟਿਕਸ ’ਚ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਦੀ ਵੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਨੇ ਇਨ੍ਹਾਂ ਖਿਡਾਰੀਆਂ ਦੀ ਪੁਲਸ ਫੋਰਸ ਵਿੱਚ ਭਰਤੀ ਹੋਣ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਇੱਛੁਕ ਖਿਡਾਰੀਆਂ ਨੂੰ ਚੰਡੀਗੜ੍ਹ ਪੁਲਸ ’ਚ ਭਰਤੀ ਹੋਣ ਦੀ ਪੇਸ਼ਕਸ਼ ਵੀ ਕੀਤੀ। ਇਸ ਮੌਕੇ ਕਾਂਸੀ ਤਮਗਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ, ਭਾਰਤੀ ਪੁਰਸ਼ ਹਾਕੀ ਖਿਡਾਰੀ (ਭਾਗੀਦਾਰ) ਅਤੇ ਇਕ ਫਾਈਨਲਿਸਟ ਐਥਲੀਟ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ’ਚ ਹਿੱਸਾ ਲੈਣ ਵਾਲੇ ਛੇ ਖਿਡਾਰੀਆਂ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।


author

Manoj

Content Editor

Related News