ਕਰਜ਼ਾ ਮੁਆਫ ਨਾ ਕਰਨ ਖਿਲਾਫ਼ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Tuesday, Jun 20, 2017 - 02:13 AM (IST)

ਮੁਕੇਰੀਆਂ, (ਨਾਗਲਾ)- ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਕੀਤੀ ਜਾ ਰਹੀ ਆਨਾਕਾਨੀ ਦੇ ਵਿਰੋਧ 'ਚ ਕੁਲ ਹਿੰਦ ਕਿਸਾਨ ਸਭਾ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਭਾ ਦੇ ਜਨਰਲ ਸਕੱਤਰ ਅਸ਼ੋਕ ਮਹਾਜਨ ਤੇ ਪ੍ਰਧਾਨ ਧਿਆਨ ਸਿੰਘ ਨੇ ਕੀਤੀ, ਜਦੋਂ ਕਿ ਸੀ. ਪੀ. ਆਈ. ਐੱਮ. ਦੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਬੱਸ ਅੱਡੇ ਤੋਂ ਲੈ ਕੇ ਸਿਵਲ ਹਸਪਤਾਲ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਆਸ਼ਾ ਨੰਦ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸੂਬੇ ਵਿਚ ਸਰਕਾਰ ਬਣਨ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤਕ ਕਿਸਾਨਾਂ ਦੇ ਕਰਜ਼ੇ ਜਿਉਂ ਦੇ ਤਿਉਂ ਖੜ੍ਹੇ ਹਨ। ਕਿਸਾਨ ਆਰਥਿਕ ਤੰਗੀ ਦੇ ਮਾਰੇ ਨਿੱਤ ਖੁਦਕੁਸ਼ੀਆਂ ਕਰ ਰਹੇ ਹਨ, ਪਰ ਸਰਕਾਰ ਕਰਜ਼ਾ ਮੁਆਫ ਕਰਨ ਦੀ ਥਾਂ ਕਮੇਟੀਆਂ ਗਠਿਤ ਕਰ ਕੇ ਡੰਗ ਟਪਾ ਰਹੀ ਹੈ, ਜਦੋਂ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਪਹਿਲਾਂ ਹੀ ਕਈ ਆਰਥਿਕ ਮਾਹਿਰ ਆਪਣੀਆਂ ਸਿਫਾਰਸ਼ਾਂ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਸੂਬੇ ਨੂੰ ਆਰਥਿਕ ਤੰਗੀ ਦਾ ਬਹਾਨਾ ਲਾਉਣਾ ਸੂਬਾ ਸਰਕਾਰ ਦੀ ਨਾਲਾਇਕੀ ਸਾਬਤ ਕਰ ਰਿਹਾ ਹੈ, ਜਦੋਂ ਕਿ ਸੂਬੇ ਦੇ ਹਾਲਾਤ ਬਾਰੇ ਕਾਂਗਰਸ ਪਹਿਲਾਂ ਤੋਂ ਹੀ ਜਾਣੂ ਸੀ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਦੁਸ਼ਮਣ ਦੱਸਦਿਆਂ ਕਿਹਾ ਕਿ ਸੂਬਿਆਂ ਦੀ ਸੱਤਾ 'ਤੇ ਕਾਬਜ਼ ਭਾਜਪਾਈ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਐਲਾਨ ਕਰ ਰਹੇ ਹਨ, ਜਦੋਂ ਕਿ ਕੇਂਦਰ ਵਿਚ ਭਾਜਪਾ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕਰਜ਼ਾ ਮੁਆਫੀ ਵਿਰੋਧੀ ਬਿਆਨ ਦੇ ਰਹੇ ਹਨ।
ਕਿਸਾਨ ਆਗੂ ਅਸ਼ੋਕ ਮਹਾਜਨ ਤੇ ਧਿਆਨ ਸਿੰਘ ਨੇ ਮੰਗ ਕੀਤੀ ਕਿ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਬਚਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਸਾਂਝੇ ਯਤਨਾਂ ਰਾਹੀਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਆਪਣੇ ਕਰਜ਼ਾ ਮੁਆਫੀ ਦੇ ਵਾਅਦੇ ਸਮੇਤ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਨਾ ਕੀਤੇ ਤਾਂ ਉਹ ਸੰਘਰਸ਼ ਨੂੰ ਤੇਜ਼ ਕਰ ਦੇਣਗੇ। 
ਇਸ ਮੌਕੇ ਉਂਕਾਰ ਸਿੰਘ ਭੰਗਾਲਾ, ਸੁਰਜੀਤ ਸਿੰਘ, ਕਿਸ਼ਨ ਸਿੰਘ ਪਟਿਆਲ, ਜੀਤ ਰਾਮ ਪੋਤਾ, ਵਿਜੇ ਸਿੰਘ, ਨਰੇਸ਼ ਕੁਮਾਰ, ਭਗਵਾਨ ਸਿੰਘ, ਤਜਿੰਦਰ ਸਿੰਘ, ਪੂਰਨ ਸਿੰਘ, ਜਸਵੰਤ ਸਿੰਘ ਛੰਨੀ, ਦਵਿੰਦਰ ਸ਼ਰਮਾ, ਯਸ਼ਪਾਲ, ਮੁਲਖ ਰਾਜ, ਸੁਰੇਸ਼ ਸ਼ਰਮਾ, ਰਾਮ ਲੁਭਾਇਆ ਆਦਿ ਵੀ ਹਾਜ਼ਰ ਸਨ।


Related News