ਪਹਿਲਾਂ ਲੋਕ ਸਭਾ ਤਾਂ ਬਾਅਦ ’ਚ ਵਿਧਾਨ ਸਭਾ ’ਚ ਜਨਤਾ ਕਰੇਗੀ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ
Tuesday, Jan 02, 2024 - 06:08 PM (IST)
ਜਲੰਧਰ (ਅਨਿਲ ਪਾਹਵਾ) : 2024 ਸ਼ੁਰੂ ਹੋ ਚੁੱਕਾ ਹੈ। ਇਹ ਸਾਲ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਸਾਲ ਦੇਸ਼ ’ਚ ਆਮ ਚੋਣਾਂ ਹੋਣੀਆਂ ਹਨ। ਦੇਸ਼ ’ਚ ਨਵੇਂ ਸਿਆਸੀ ਸਮੀਕਰਣ ਬਣਨ ਤੇ ਵਿਗੜਨ ਦਾ ਇਹ ਸਮਾਂ ਹੈ। ਇਸ ਵਿਚਾਲੇ ਇਹ ਵੀ ਗੱਲ ਚਰਚਾ ਵਿਚ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੁਝ ਸਿਆਸੀ ਸਮੀਕਰਣ ਬਣਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਦਿੱਲੀ ਦੀ ਸਿਆਸਤ ’ਚ ਕੁਝ ਤਬਦੀਲੀਆਂ ਵੀ ਹੋ ਸਕਦੀਆਂ ਹਨ। ਇਸ ਤੋਂ ਇਹ ਗੱਲ ਸਪਸ਼ਟ ਹੈ ਕਿ 2024 ਦਾ ਸਾਲ ਦਿੱਲੀ ਲਈ ਅਹਿਮ ਹੈ।
ਮਿਲ ਕੇ ਲੜਨ ‘ਆਪ’ ਤੇ ਕਾਂਗਰਸ ਤਾਂ...
ਅਸਲ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀਆਂ ਹਨ। ਦੋਵਾਂ ਪਾਰਟੀਆਂ ਨੇ ਇਹ ਚੋਣਾਂ ਲੜਨ ’ਤੇ ਸਹਿਮਤੀ ਬਣਾ ਲਈ ਹੈ ਪਰ ਪਾਰਟੀਆਂ ਸਾਹਮਣੇ ਕਈ ਥਾਵਾਂ ’ਤੇ ਨਵੀਆਂ ਚੁਨੌਤੀਆਂ ਆ ਰਹੀਆਂ ਹਨ। ਸਭ ਤੋਂ ਵੱਡੀ ਚੁਨੌਤੀ ਦਿੱਲੀ ਅਤੇ ਪੰਜਾਬ ਹੈ ਜਿੱਥੇ ਆਮ ਆਦਮੀ ਪਾਰਟੀ ਸੱਤਾ ’ਚ ਹੈ। ਪੰਜਾਬ ’ਚ ਕਾਂਗਰਸ ਮੁੱਖ ਵਿਰੋਧੀ ਪਾਰਟੀ ਵਜੋਂ ਕੰਮ ਕਰ ਰਹੀ ਹੈ। ਦਿੱਲੀ ’ਚ ਵੀ ਕਾਂਗਰਸ ਅਤੇ ਭਾਜਪਾ ਵਿਰੋਧੀ ਧਿਰ ’ਚ ਹਨ। ਇਸ ਸਭ ਦੇ ਵਿਚਾਲੇ ਸਭ ਤੋਂ ਵੱਡੀ ਚੁਨੌਤੀ ਇਹ ਹੈ ਕਿ ਦੋਵਾਂ ਸਿਆਸੀ ਪਾਰਟੀਆਂ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਵਿਚਾਲੇ ਤਾਲਮੇਲ ਕਿਵੇਂ ਪੈਦਾ ਕੀਤਾ ਜਾਵੇ।
ਇਹ ਵੀ ਪੜ੍ਹੋ : ਟਰਾਂਸਪੋਰਟਰਾਂ ਦੀ ਹੜਤਾਲ ਤੋਂ ਬਾਅਦ ਬਣੇ ਹਾਲਾਤ ਦਰਮਿਆਨ ਜਲੰਧਰ ਦੇ ਡੀ. ਸੀ. ਦਾ ਬਿਆਨ ਆਇਆ ਸਾਹਮਣੇ
ਪਾਰਟੀਆਂ ਸਾਹਮਣੇ ਵੱਡੀ ਚੁਨੌਤੀ
ਇਕ-ਦੂਜੇ ਦੇ ਉਮੀਦਵਾਰ ਦੇ ਪੱਖ ’ਚ ਵੋਟ ਨੂੰ ਟਰਾਂਸਫਰ ਕਰਨ ਸਬੰਧੀ ਦੋਵਾਂ ਪਾਰਟੀਆਂ ਨੂੰ ਵੱਡੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਝ ਵੀ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਸੀਟਾਂ ’ਤੇ ਲੜੇ, ਜਦੋਂਕਿ ਕਾਂਗਰਸ ਵੀ ਇਹੀ ਚਾਹੁੰਦੀ ਹੈ। ਉਂਝ ਦਿੱਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਇਹ ਵੀ ਦਲੀਲ ਹੈ ਕਿ ਹੁਣੇ ਜਿਹੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ’ਚ ਉਸ ਨੇ ਬਿਹਤਰ ਕਾਰਗੁਜ਼ਾਰੀ ਵਿਖਾਈ ਹੈ, ਜਦੋਂਕਿ ਕਾਂਗਰਸ ਕੋਈ ਖਾਸ ਚਮਤਕਾਰ ਨਹੀਂ ਵਿਖਾ ਸਕੀ। ਕਾਂਗਰਸ ਦੇ ਸਿਰਫ਼ 9 ਕੌਂਸਲਰ ਹੀ ਜਿੱਤੇ ਹਨ।
ਕਾਂਗਰਸ ਦਾ ਦਾਅਵਾ
ਕਾਂਗਰਸ ਦਾਅਵਾ ਕਰ ਰਹੀ ਹੈ ਕਿ ਉਹ ਨਾ ਸਿਰਫ਼ 2014 ਸਗੋਂ 2019 ’ਚ ਵੀ ਦੂਜੇ ਨੰਬਰ ’ਤੇ ਰਹੀ ਸੀ ਅਤੇ ਉਸ ਦਾ ਵੋਟ ਫੀਸਦੀ ਆਮ ਆਦਮੀ ਪਾਰਟੀ ਤੋਂ ਵੱਧ ਸੀ। ਅਜਿਹੀ ਹਾਲਤ ’ਚ 2024 ਦੀਆਂ ਲੋਕ ਸਭਾ ਚੋਣਾਂ ’ਚ ਦਿੱਲੀ ਦੀ ਸਿਆਸਤ ’ਚ ਉਹ ਬਿਹਤਰ ਕਾਰਗੁਜ਼ਾਰੀ ਵਿਖਾ ਸਕਦੀ ਹੈ। ਦੂਜੇ ਪਾਸੇ ਵੇਖਿਆ ਜਾਵੇ ਤਾਂ ਭਾਜਪਾ ਲਈ ਵੀ ਚੁਨੌਤੀ ਘੱਟ ਨਹੀਂ ਹੈ। ਲਗਾਤਾਰ 2 ਵਾਰ ਲੋਕ ਸਭਾ ਚੋਣਾਂ ’ਚ ਪਾਰਟੀ 7 ਸੀਟਾਂ ਹਾਸਲ ਕਰਦੀ ਆ ਰਹੀ ਹੈ ਪਰ ਇਸ ਵਾਰ ਵੀ ਮੋਦੀ ਮੈਜਿਕ ਕੰਮ ਕਰੇਗਾ, ਇਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ‘ਆਪ’ ਅਤੇ ਕਾਂਗਰਸ ਜੇ ਮਿਲ ਕੇ ਚੋਣ ਲੜਦੀਆਂ ਹਨ ਤਾਂ ਭਾਜਪਾ ਲਈ ਚੁਨੌਤੀ ਪੈਦਾ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਾਲ 2024 ਦਾ ਪੰਜਾਬ ਸਰਕਾਰ ਦਾ ਕੈਲੰਡਰ ਅਤੇ ਡਾਇਰੀ ਜਾਰੀ
ਭਾਜਪਾ ਦੀ ਚਿੰਤਾ
ਭਾਰਤੀ ਜਨਤਾ ਪਾਰਟੀ ਇਹ ਵੀ ਦਾਅਵਾ ਕਰਦੀ ਹੈ ਕਿ 2019 ’ਚ ਉਸ ਨੇ 56 ਫੀਸਦੀ ਤੋਂ ਵੱਧ ਵੋਟ ਹਾਸਲ ਕੀਤੇ ਸਨ। ਜੇ ‘ਆਪ’ ਤੇ ਕਾਂਗਰਸ ਮਿਲ ਕੇ ਚੋਣ ਲੜਨਗੀਆਂ ਤਾਂ ਉਨ੍ਹਾਂ ਦੇ ਮੁਕਾਬਲੇ ਭਾਜਪਾ ਦਾ ਵੋਟ 50 ਫੀਸਦੀ ਤੋਂ ਵੱਧ ਹੋਵੇਗਾ। ਭਾਜਪਾ ਨੂੰ ਲੱਗਦਾ ਹੈ ਕਿ ਉਸ ਦੇ ਲਈ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਸ ਨੂੰ ਜਿਹੜੀ ਚਿੰਤਾ ਸਤਾ ਰਹੀ ਹੈ, ਉਹ ਹੈ ਹੁਣੇ ਜਿਹੇ ਦੀਆਂ ਨਿਗਮ ਚੋਣਾਂ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਸਿਰਫ 39 ਫੀਸਦੀ ਵੋਟਾਂ ਮਿਲੀਆਂ, ਜਦੋਂਕਿ ਕਾਂਗਰਸ ਤੇ ‘ਆਪ’ ਦੇ ਵੋਟ ਸ਼ੇਅਰ ਦਾ ਕੁਲ ਅੰਕੜਾ 51 ਫੀਸਦੀ ਸੀ। ਜੇ ਗਠਜੋੜ ਵਿਚ ਕਾਂਗਰਸ ਤੇ ‘ਆਪ’ ਆਉਂਦੀਆਂ ਹਨ ਤਾਂ ਨਤੀਜਿਆਂ ਦਾ ਅਸਰ 2024 ਤੋਂ ਬਾਅਦ ਦਿੱਲੀ ਵਿਚ ਹੋਣ ਵਾਲੀਆਂ 2025 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਨਜ਼ਰ ਆਏਗਾ।
ਦਿੱਲੀ ਨਗਰ ਨਿਗਮ ’ਚ ਸਿਆਸੀ ਪਾਰਟੀਆਂ ਦਾ ਲੇਖਾ-ਜੋਖਾ
ਜਿੱਥੋਂ ਤਕ ਦਿੱਲੀ ਦੇ ਨਗਰ ਨਿਗਮ ਦਾ ਸਵਾਲ ਹੈ ਤਾਂ 2022 ’ਚ ਦਿੱਲੀ ਨਗਰ ਨਿਗਮ ’ਚ ‘ਆਪ’ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਪਿਛਲੇ 15 ਸਾਲਾਂ ਤੋਂ ਭਾਜਪਾ ਨਗਰ ਨਿਗਮ ’ਤੇ ਕਾਬਜ਼ ਸੀ। ਪਾਰਟੀ ਨੇ ਆਪਣੇ ਵਲੋਂ ਦਿੱਲੀ ਨਿਗਮ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੀ। ਇੱਥੋਂ ਤਕ ਕਿ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਤਿੰਨਾਂ ਨਿਗਮਾਂ ਦੇ ਮਰਜਰ ਦਾ ਫੈਸਲਾ ਵੀ ਪਾਰਟੀ ਦੇ ਕੰਮ ਨਹੀਂ ਆਇਆ ਅਤੇ ਪਾਰਟੀ ਉੱਥੋਂ ਹਾਰ ਗਈ। ਆਮ ਆਦਮੀ ਪਾਰਟੀ ਪਹਿਲਾਂ ਵਿਧਾਨ ਸਭਾ ਤਾਂ ਹੁਣ ਦਿੱਲੀ ਨਗਰ ਨਿਗਮ ’ਤੇ ਵੀ ਕਾਬਜ਼ ਹੋ ਚੁੱਕੀ ਹੈ। ਇਹ ਭਾਜਪਾ ਲਈ ਵੱਡਾ ਝਟਕਾ ਹੈ। ਇਸ ਸਭ ਵਿਚਾਲੇ ਕਾਂਗਰਸ ਦੀ ਸਥਿਤੀ ਵੀ ਕੁਝ ਬਿਹਤਰ ਨਹੀਂ ਹੈ। ਪਾਰਟੀ ਇੱਥੋਂ ਸਿਰਫ 9 ਵਾਰਡਾਂ ਵਿਚ ਹੀ ਚੋਣ ਜਿੱਤ ਸਕੀ ਅਤੇ ਉਸ ਦਾ ਵੋਟ ਸ਼ੇਅਰ 9 ਫੀਸਦੀ ਸੀ। ਇਸ ਸਭ ਤੋਂ ਬਾਅਦ ਕਾਂਗਰਸ ਤੇ ਭਾਜਪਾ ਦੋਵਾਂ ’ਚ ਸੂਬਾ ਪ੍ਰਧਾਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ, ਜਦੋਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚ ਸੰਗਠਨਾਤਮਕ ਤੌਰ ’ਤੇ ਕੋਈ ਖਾਸ ਤਬਦੀਲੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8