ਮੈਟਰੋ ਚਲਾਉਣ ਲਈ ਦਸੰਬਰ ਤੱਕ ਤਿਆਰ ਹੋ ਜਾਵੇਗੀ ਪ੍ਰਾਜੈਕਟ ਰਿਪੋਰਟ, ਅਗਲੇ ਸਾਲ ਤੋਂ ਕੰਮ ਸ਼ੁਰੂ ਹੋਣ ਦੀ ਉਮੀਦ

Saturday, Oct 07, 2023 - 02:38 PM (IST)

ਮੈਟਰੋ ਚਲਾਉਣ ਲਈ ਦਸੰਬਰ ਤੱਕ ਤਿਆਰ ਹੋ ਜਾਵੇਗੀ ਪ੍ਰਾਜੈਕਟ ਰਿਪੋਰਟ, ਅਗਲੇ ਸਾਲ ਤੋਂ ਕੰਮ ਸ਼ੁਰੂ ਹੋਣ ਦੀ ਉਮੀਦ

ਚੰਡੀਗੜ੍ਹ  (ਰਜਿੰਦਰ ਸ਼ਰਮਾ) : ਸ਼ਹਿਰ ਵਿਚ ਮੈਟਰੋ ਚਲਾਉਣ ਲਈ ਡਿਟੇਲ ਪ੍ਰਾਜੈਕਟ ਅਤੇ ਵਿਸ਼ਲੇਸ਼ਣ ਰਿਪੋਰਟ ਦਾ ਕੰਮ ਦਸੰਬਰ ਮਹੀਨੇ ਤਕ ਪੂਰਾ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਹੀ ਇਸ ਰਿਪੋਰਟ ਨੂੰ ਅੰਤਿਮ ਪ੍ਰਵਾਨਗੀ ਲਈ ਯੂ. ਐੱਮ. ਟੀ. ਏ. ਦੀ ਮੀਟਿੰਗ ਵਿਚ ਰੱਖਿਆ ਜਾਵੇਗਾ। ਇਸ ਪ੍ਰਾਜੈਕਟ ’ਤੇ ਅਗਲੇ ਸਾਲ ਮਾਰਚ ’ਚ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

ਸ਼ੁੱਕਰਵਾਰ ਆਰ. ਆਈ. ਟੀ. ਈ. ਐੱਸ. ਨੇ ਡੀ. ਪੀ. ਆਰ. ਅਤੇ ਏ. ਏ. ਆਰ. ਦੀ ਸ਼ੁਰੂਆਤੀ ਰਿਪੋਰਟ ’ਤੇ ਇਕ ਪੇਸ਼ਕਾਰੀ ਦਿੱਤੀ, ਜਿਸ ਨੂੰ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸ਼ੁਰੂਆਤੀ ਰਿਪੋਰਟ ਸਾਰੇ ਪਹਿਲੂਆਂ ਨੂੰ ਕਵਰ ਕਰਦੀ ਹੈ, ਤਾਂ ਜੋ ਹਰ ਕੋਈ ਪ੍ਰਾਜੈਕਟ ਦੀ ਸਮਾਂ ਹੱਦ ਅਤੇ ਯੋਜਨਾ ’ਤੇ ਸਹਿਮਤ ਹੋ ਸਕੇ। ਪ੍ਰਸ਼ਾਸਨ ਅਨੁਸਾਰ ਡੀ. ਪੀ. ਆਰ. ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਹੀ ਇਸ ਨੂੰ ਕੇਂਦਰ ਸਰਕਾਰ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਇਸ ਪ੍ਰਾਜੈਕਟ ’ਤੇ ਅਗਲੇਰਾ ਕੰਮ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਹਰਿਆਣਾ ਅਤੇ ਪੰਜਾਬ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਨੇ ਮੈਟਰੋ ਦੀ ਸੋਧੀ ਹੋਈ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (ਆਰ. ਆਈ. ਟੀ. ਈ. ਐੱਸ.) ਨੇ ਮੋਬਿਲਟੀ ਪਲਾਨ ਤਹਿਤ ਸ਼ਹਿਰ ਵਿਚ ਮੈਟਰੋ ਨੂੰ ਦੋ ਪੜਾਵਾਂ ਵਿਚ ਚਲਾਉਣ ਦੀ ਸਿਫਾਰਸ਼ ਕੀਤੀ ਹੈ, ਜਿਸ ਲਈ ਇਕ ਡਿਟੇਲ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਰਿਪੋਰਟ ਲਈ ਪੰਜਾਬ ਅਤੇ ਹਰਿਆਣਾ ਤੋਂ ਫੰਡ ਵੀ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਟਰੋ ਦੀ ਇਸ ਫਾਈਨਲ ਰਿਪੋਰਟ ਲਈ ਇਕ ਏਜੰਸੀ ਨੂੰ ਹਾਇਰ ਕੀਤਾ ਜਾਣਾ ਹੈ। ਪ੍ਰਸ਼ਾਸਨ ਨੇ ਮੋਬਿਲਟੀ ਪਲਾਨ ਸਬੰਧੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਸੀ ਅਤੇ ਕੇਂਦਰ ਦੀ ਵਾਪਸੀ ਤੋਂ ਬਾਅਦ ਹੀ ਪ੍ਰਸ਼ਾਸਨ ਇਸ ’ਤੇ ਅੱਗੇ ਕੰਮ ਕਰ ਰਿਹਾ ਹੈ। ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿਚ ਵਧਦੇ ਟ੍ਰੈਫਿਕ ਜਾਮ ਨੂੰ ਖਤਮ ਕਰਨ ਲਈ, ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (ਰਾਈਟਸ) ਨੇ ਇਕ ਕੰਪਰੀਹੈਂਸਿਵ ਮੋਬਿਲਟੀ ਪਲਾਨ (ਸੀ. ਐੱਮ. ਪੀ.) ਤਿਆਰ ਕੀਤਾ ਹੈ। ਇਸ ਵਿਚ ਮੈਟਰੋ ਚਲਾਉਣ, ਕਈ ਥਾਵਾਂ ’ਤੇ ਫਲਾਈਓਵਰ-ਅੰਡਰਪਾਸ ਬਣਾਉਣ, ਕਈ ਕਿਲੋਮੀਟਰ ਸਾਈਕਲ ਟ੍ਰੈਕ, ਕਈ ਬੱਸ ਸਟੈਂਡ ਤੇ ਮਲਟੀ ਲੈਵਲ ਪਾਰਕਿੰਗ ਸਮੇਤ ਕਈ ਸੁਝਾਅ ਦਿੱਤੇ ਗਏ ਹਨ।

ਰਿਪੋਰਟ ਮੁਤਾਬਕ ਟ੍ਰਾਈਸਿਟੀ ਵਿਚ ਮੈਟਰੋ ਦਾ ਕੰਮ ਦੋ ਪੜਾਵਾਂ ਵਿਚ ਅਤੇ ਬਾਕੀ ਸਾਰੇ ਕੰਮ ਤਿੰਨ ਪੜਾਵਾਂ ਵਿਚ ਮੁਕੰਮਲ ਕੀਤੇ ਜਾਣੇ ਹਨ। ਮੈਟਰੋ ਦਾ ਕੁੱਲ ਖਰਚ 12960 ਕਰੋੜ ਰੁਪਏ ਪ੍ਰਸਤਾਵਿਤ ਹੈ। ਦੱਸਿਆ ਜਾ ਰਿਹਾ ਹੈ ਕਿ ਰਾਈਟਸ ਦੇ ਸਾਰੇ ਸੁਝਾਵਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਲੋਂ ਲਗਭਗ 16509 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿਚ 60 ਫੀਸਦੀ ਪੈਸਾ ਕੇਂਦਰ ਅਤੇ 40 ਫੀਸਦੀ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਲੋਂ ਦਿੱਤਾ ਜਾਵੇਗਾ। ਰਿਪੋਰਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਨੇ ਮੈਟਰੋ ਸਬੰਧੀ ਕੁਝ ਸੁਝਾਅ ਵੀ ਦਿੱਤੇ ਸਨ। ਪੰਜਾਬ ਨੇ ਪਹਿਲੇ ਪੜਾਅ ਵਿਚ ਪਡੌਲ, ਨਿਊ ਚੰਡੀਗਡ਼੍ਹ ਤੋਂ ਸਾਰੰਗਪੁਰ ਤਕ ਐੱਮ. ਆਰ. ਟੀ. ਐੱਸ. ਰੂਟ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਸੀ।

ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ

ਮੋਹਾਲੀ ਤੇ ਪੰਚਕੂਲਾ ’ਚ ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਸੁਝਾਅ
ਰਾਈਟਸ ਨੇ ਮੋਹਾਲੀ ਅਤੇ ਪੰਚਕੂਲਾ ਸਮੇਤ ਚੰਡੀਗੜ੍ਹ ਵਿਚ ਵੱਡੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਦਾ ਸੁਝਾਅ ਦਿੱਤਾ ਹੈ। ਇਸ ਲਈ 2037 ਅਤੇ 2052 ਤੱਕ ਦਾ ਟੀਚਾ ਰੱਖਿਆ ਗਿਆ ਹੈ। ਇਸ ਵਿਚ ਮਾਸ ਰੈਪਿਡ ਟਰਾਂਜ਼ਿਟ ਕੋਰੀਡੋਰ ਸਿਸਟਮ ਯਾਨੀ ਮੈਟਰੋ, ਸਮਰਪਿਤ ਬੱਸ ਕੋਰੀਡੋਰ, ਬੱਸ ਟਰਮੀਨਲ ਅਤੇ ਡਿਪੂ, ਨਵੀਆਂ ਲਿੰਕ ਸੜਕਾਂ ਦਾ ਨਿਰਮਾਣ ਤੇ ਪਾਰਕਿੰਗ ਸਹੂਲਤ ਸਮੇਤ ਕਈ ਕੰਮਾਂ ਨੂੰ ਪੂਰਾ ਕਰਨ ਦੀ ਗੱਲ ਕਹੀ ਗਈ ਹੈ।

ਮਾਸ ਰੈਪਿਡ ਟਰਾਂਸਪੋਰਟ ਸਿਸਟਮ (ਐੱਮ. ਆਰ. ਟੀ. ਐੱਸ. ), 79.5 ਕਿ. ਮੀ. - (2027 ਤੋਂ 2037) ਲਈ ਪੜਾਅ-1
-ਪਡੌਲ ਨਿਊ ਚੰਡੀਗਡ਼੍ਹ ਤੋਂ ਪੰਚਕੂਲਾ ਐਕਸਟੈਂਸ਼ਨ- 32.5 ਕਿ. ਮੀ.
-ਰਾਕ ਗਾਰਡਨ ਤੋਂ ਆਈ. ਐੱਸ. ਬੀ. ਟੀ. ਰਾਹੀਂ ਜ਼ੀਰਕਪੁਰ ਆਈ. ਐੱਸ. ਬੀ. ਟੀ. ਤਕ
-ਮੋਹਾਲੀ ਤੋਂ ਚੰਡੀਗੜ੍ਹ ਏਅਰਪੋਰਟ- 34 ਕਿ. ਮੀ.
-ਦਾਣਾ ਮੰਡੀ ਚੌਕ ਤੋਂ ਟਰਾਂਸਪੋਰਟ ਲਾਈਟ ਸੈਕਟਰ 26-13 ਕਿ. ਮੀ.

ਇਹ ਵੀ ਪੜ੍ਹੋ : 11ਵੀਂ ’ਚ ਦਾਖ਼ਲੇ ਲਈ ਇਕ ਹੋਰ ਮੌਕਾ, 9 ਤੱਕ ਜਮ੍ਹਾ ਕਰਵਾਓ ਫਾਰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News