ਸੰਵਿਧਾਨ ’ਚ ਨਹੀਂ ਹੈ ਡਿਪਟੀ CM ਅਹੁਦੇ ਦਾ ਜ਼ਿਕਰ ਪਰ ਸਿਆਸੀ ਪਾਰਟੀਆਂ ਨੂੰ ਖੂਬ ‘ਸੂਟ’ ਕਰ ਰਿਹਾ ਹੈ ਇਹ ਅਹੁਦਾ

Monday, Dec 18, 2023 - 12:58 PM (IST)

ਸੰਵਿਧਾਨ ’ਚ ਨਹੀਂ ਹੈ ਡਿਪਟੀ CM ਅਹੁਦੇ ਦਾ ਜ਼ਿਕਰ ਪਰ ਸਿਆਸੀ ਪਾਰਟੀਆਂ ਨੂੰ ਖੂਬ ‘ਸੂਟ’ ਕਰ ਰਿਹਾ ਹੈ ਇਹ ਅਹੁਦਾ

ਜਲੰਧਰ (ਅਨਿਲ ਪਾਹਵਾ)–ਬੇਸ਼ੱਕ ਭਾਰਤੀ ਸੰਵਿਧਾਨ ’ਚ ਉੱਪ-ਮੁੱਖ ਮੰਤਰੀ ਨਾਂ ਦਾ ਕੋਈ ਅਹੁਦਾ ਨਹੀਂ ਹੈ ਪਰ ਇਸ ਦੇ ਬਾਵਜੂਦ ਦੇਸ਼ ਵਿਚ ਸਿਆਸੀ ਹਾਲਾਤ ਦੇ ਹਿਸਾਬ ਨਾਲ ਕਈ ਸੂਬਿਆਂ ਵਿਚ ਡਿਪਟੀ ਸੀ. ਐੱਮ. ਬਣਾਏ ਜਾ ਰਹੇ ਹਨ। ਹੁਣੇ ਜਿਹੇ ਜਿਨ੍ਹਾਂ 4 ਸੂਬਿਆਂ ਵਿਚ ਚੋਣਾਂ ਹੋਈਆਂ, ਉੱਥੇ ਨਵੀਆਂ ਸਰਕਾਰਾਂ ਬਣੀਆਂ ਹਨ। ਇਨ੍ਹਾਂ 4 ਸੂਬਿਆਂ ਵਿਚ 7 ਨਵੇਂ ਉੱਪ-ਮੁੱਖ ਮੰਤਰੀ ਬਣਾਏ ਗਏ ਹਨ, ਜਿਸ ਤੋਂ ਬਾਅਦ ਦੇਸ਼ ਭਰ ਵਿਚ 14 ਸੂਬਿਆਂ ’ਚ ਉੱਪ-ਮੁੱਖ ਮੰਤਰੀਆਂ ਦੀ ਗਿਣਤੀ 24 ਤਕ ਪਹੁੰਚ ਗਈ ਹੈ। ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਉਂਝ ਤਾਂ ਡਿਪਟੀ ਸੀ. ਐੱਮ. ਕਿਸੇ ਸੂਬਾ ਸਰਕਾਰ ’ਚ ਕੈਬਨਿਟ ਮੰਤਰੀ ਦੇ ਬਰਾਬਰ ਹੀ ਹੁੰਦਾ ਹੈ ਪਰ ਇਸ ਅਹੁਦੇ ਦਾ ਮਤਲਬ ਹੈ ਕਿ ਉਹ ਸ਼ਖ਼ਸ ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਉਂਝ ਸੂਬੇ ਦੇ ਹਿਸਾਬ ਨਾਲ ਸਿਆਸੀ ਸਮੀਕਰਨ ਵੱਖ-ਵੱਖ ਹੁੰਦੇ ਹਨ, ਜਿਸ ਦੇ ਮੁਤਾਬਕ ਉੱਪ-ਮੁੱਖ ਮੰਤਰੀ ਦੇ ਅਹੁਦੇ ਦਾ ਗਠਨ ਵੀ ਉਸ ਦੇ ਅਨੁਸਾਰ ਹੀ ਕੀਤਾ ਜਾਂਦਾ ਹੈ। ਭਾਰਤ ਵਿਚ ਆਂਧਰਾ ਪ੍ਰਦੇਸ਼ ਅਜਿਹਾ ਸੂਬਾ ਹੈ, ਜਿੱਥੇ ਉੱਪ-ਮੁੱਖ ਮੰਤਰੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਉੱਥੇ 5 ਉੱਪ-ਮੁੱਖ ਮੰਤਰੀ ਬਣਾਏ ਗਏ ਹਨ, ਜਿਨ੍ਹਾਂ ਵਿਚ ਓ. ਬੀ. ਸੀ., ਦਲਿਤ, ਸ਼ਡਿਊਲਡ ਟ੍ਰਾਈਬ ਅਤੇ ਹੋਰ 2 ਭਾਈਚਾਰਿਆਂ ’ਚੋਂ ਉੱਪ-ਮੁੱਖ ਮੰਤਰੀ ਲਏ ਗਏ ਹਨ।

ਇਹ ਵੀ ਪੜ੍ਹੋ : ਦੇਸ਼ ਖਾਤਿਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਸਮੁੱਚਾ ਮੁਲਕ ਕਰਜ਼ਦਾਰ ਰਹੇਗਾ: ਭਗਵੰਤ ਮਾਨ

ਆਂਧਰਾ ਪ੍ਰਦੇਸ਼ ਦੀ ਵਾਈ. ਐੱਸ. ਜਗਨਮੋਹਨ ਰੈੱਡੀ ਦੀ ਸਰਕਾਰ ਨੇ 5 ਡਿਪਟੀ ਸੀ. ਐੱਮ. ਬਣਾ ਕੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਕਾਂਗਰਸ ਤੇ ਭਾਜਪਾ ਨੇ ਵੀ ਉਪ-ਮੁੱਖ ਮੰਤਰੀ ਦਾ ਫਾਰਮੂਲਾ ਆਪੋ-ਆਪਣੇ ਪੱਧਰ ’ਤੇ ਲਾਗੂ ਕੀਤਾ ਹੈ।
ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਭਾਜਪਾ ਨੇ 2-2 ਉੱਪ-ਮੁੱਖ ਮੰਤਰੀ ਬਣਾਏ ਹਨ। ਮੱਧ ਪ੍ਰਦੇਸ਼ ’ਚ ਬ੍ਰਾਹਮਣ ਅਤੇ ਦਲਿਤ ਵਰਗ ’ਚੋਂ ਉੱਪ-ਮੁੱਖ ਮੰਤਰੀ ਲਿਆ ਗਿਆ ਹੈ, ਜਦੋਂਕਿ ਇਥੇ ਮੁੱਖ ਮੰਤਰੀ ਓ. ਬੀ. ਸੀ. ਵਰਗ ’ਚੋਂ ਹਨ। ਇਸੇ ਤਰ੍ਹਾਂ ਰਾਜਸਥਾਨ ’ਚ ਰਾਜਪੂਤ ਅਤੇ ਦਲਿਤ ਵਰਗ ’ਚੋਂ ਇਕ-ਇਕ ਉੱਪ-ਮੁੱਖ ਮੰਤਰੀ ਲਿਆ ਗਿਆ ਹੈ, ਜਦੋਂਕਿ ਇਥੇ ਬ੍ਰਾਹਮਣ ਨੂੰ ਸੀ. ਐੱਮ. ਬਣਾਇਆ ਗਿਆ ਹੈ। ਛੱਤੀਸਗੜ੍ਹ ’ਚ ਬ੍ਰਾਹਮਣ ਅਤੇ ਓ. ਬੀ. ਸੀ. ਵਰਗ ’ਚੋਂ ਇਕ-ਇਕ ਉੱਪ-ਮੁੱਖ ਮੰਤਰੀ ਲਿਆ ਗਿਆ ਹੈ, ਜਦਕਿ ਸੀ. ਐੱਮ. ਟ੍ਰਾਈਬਲ ਵਰਗ ’ਚੋਂ ਹੈ।
ਤੇਲੰਗਾਨਾ ’ਚ ਕਾਂਗਰਸ ਨੇ ਰੈੱਡੀ ਭਾਈਚਾਰੇ ’ਚੋਂ ਸੀ. ਐੱਮ. ਲਿਆ, ਜਦੋਂਕਿ ਉੱਪ-ਮੁੱਖ ਮੰਤਰੀ ਦਲਿਤ ਵਰਗ ’ਚੋਂ ਲਿਆ ਗਿਆ ਹੈ। ਭਾਜਪਾ ਨੇ ਵੀ ਜਾਤੀਗਤ ਸਮੀਕਰਨ ਨੂੰ ਫਿਟ ਕਰਨ ਲਈ ਇਸ ਤਰ੍ਹਾਂ ਦੇ ਕਈ ਪ੍ਰਬੰਧ ਕੀਤੇ ਹਨ। ਉੱਤਰ ਪ੍ਰਦੇਸ਼ ’ਚ 2 ਉੱਪ-ਮੁੱਖ ਮੰਤਰੀ ਬਣਾਏ ਗਏ ਹਨ, ਬ੍ਰਾਹਮਣ ਅਤੇ ਓ. ਬੀ. ਸੀ. ਵਰਗ ’ਚੋਂ, ਜਦਕਿ ਸੀ. ਐੱਮ. ਠਾਕੁਰ ਰਾਜਪੂਤ ਵਰਗ ’ਚੋਂ ਹਨ।

ਇਸੇ ਤਰ੍ਹਾਂ ਹਿਮਾਚਲ ’ਚ ਵੀ ਕਾਂਗਰਸ ਨੇ ਜਿੱਤ ਹਾਸਲ ਕਰਨ ਤੋਂ ਬਾਅਦ 2 ਵੱਡੇ ਨੇਤਾਵਾਂ ਸੁਖਵਿੰਦਰ ਸਿੰਘ ਸੁੱਖੂ ਅਤੇ ਮੁਕੇਸ਼ ਅਗਨੀਹੋਤਰੀ ਨੂੰ ਐਡਜਸਟ ਕੀਤਾ ਹੈ। ਸੁੱਖੂ ਨੂੰ ਸੀ. ਐੱਮ. ਬਣਾਇਆ ਤਾਂ ਮੁਕੇਸ਼ ਅਗਨੀਹੋਤਰੀ ਨੂੰ ਉੱਪ-ਮੁੱਖ ਮੰਤਰੀ ਬਣਾਇਆ ਗਿਆ। ਉਂਝ ਜਿਨ੍ਹਾਂ ਸੂਬਿਆਂ ’ਚ 2 ਪਾਰਟੀਆਂ ਵਿਚਾਲੇ ਗਠਜੋੜ ਹੁੰਦਾ ਹੈ, ਉੱਥੇ ਇਸ ਤਰ੍ਹਾਂ ਦਾ ਫਾਰਮੂਲਾ ਲਾਇਆ ਜਾਂਦਾ ਰਿਹਾ ਹੈ। ਇਕ ਪਾਰਟੀ ਦਾ ਸੀ. ਐੱਮ. ਤਾਂ ਦੂਜਾ ਪਾਰਟੀ ਦਾ ਉੱਪ-ਮੁੱਖ ਮੰਤਰੀ ਬਣਾਉਣ ਦੀ ਇਕ ਪ੍ਰਥਾ ਚਲਾਈ ਗਈ ਸੀ ਪਰ ਹੁਣ ਸਿਆਸੀ ਸਮੀਕਰਨ ਬਦਲਦੇ ਵੇਖ ਕੇ ਪਾਰਟੀਆਂ ਨੇ ਇਕੋ ਸੂਬੇ ਵਿਚ ਵੱਖ-ਵੱਖ ਭਾਈਚਾਰਿਆਂ ਨੂੰ ਖ਼ੁਸ਼ ਕਰਨ ਲਈ ਇਹ ਫਾਰਮੂਲਾ ਕੱਢਿਆ ਹੈ। ਇਸ ਸਾਲ ਕਰਨਾਟਕ ’ਚ ਜਿੱਤ ਤੋਂ ਬਾਅਦ ਕਾਂਗਰਸ ਹਾਈਕਮਾਨ ਦੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਦੋ ਸੀਨੀਅਰ ਨੇਤਾਵਾਂ ਸਿੱਧਰਮੱਈਆ ਤੇ ਡੀ. ਕੇ. ਸ਼ਿਵਕੁਮਾਰ ਵਿਚਾਲੇ ਸੰਤੁਲਨ ਬਣਾਉਣ ਦੀ ਸੀ। ਦੋਵਾਂ ਨੇ ਮੁੱਖ ਮੰਤਰੀ ਅਹੁਦੇ ’ਤੇ ਦਾਵਾ ਠੋਕਿਆ ਸੀ ਅਤੇ ਸੂਬੇ ਵਿਚ ਕਾਫ਼ੀ ਸਮੇਂ ਤੋਂ ਪਾਰਟੀ ਅੰਦਰ ਦੋਵਾਂ ਧੜ੍ਹਿਆਂ ਵਿਚਾਲੇ ਇਕ ਤਰ੍ਹਾਂ ਦੀ ਵਿਰੋਧਤਾ ਚੱਲਦੀ ਆ ਰਹੀ ਸੀ। ਚੋਣ ਨਤੀਜੇ ਆਉਣ ਤੋਂ ਇਕ ਹਫ਼ਤਾ ਬਾਅਦ ਕਾਂਗਰਸ ਹਾਈਕਮਾਨ ਨੇ ਦੋਵਾਂ ਧੜ੍ਹਿਆਂ ਨੂੰ ਖ਼ੁਸ਼ ਅਤੇ ਸੰਤੁਸ਼ਟ ਕਰਨ ਦਾ ਫਾਰਮੂਲਾ ਕੱਢਿਆ। ਡੀ. ਕੇ. ਸ਼ਿਵਕੁਮਾਰ ਨੂੰ ਉੱਪ-ਮੁੱਖ ਮੰਤਰੀ ਬਣਾਇਆ ਗਿਆ ਅਤੇ ਸਿੱਧਰਮੱਈਆ ਨੂੰ ਮੁੱਖ ਮੰਤਰੀ।

ਇਹ ਵੀ ਪੜ੍ਹੋ : ਪੰਛੀਆਂ ਦੇ ਵੀ ਹੁੰਦੇ ਹਨ ਪਾਸਪੋਰਟ, ਸਾਊਦੀ ਪ੍ਰਿੰਸ ਨੇ ਬਾਜ਼ਾਂ ਲਈ ਜਹਾਜ਼ ਦੀਆਂ 80 ਸੀਟਾਂ ਕਰਵਾਈਆਂ ਸਨ ਬੁੱਕ

ਬਿਹਾਰ ’ਚ ਜਦੋਂ ਪਿਛਲੇ ਸਾਲ ਅਗਸਤ ’ਚ ਨਿਤੀਸ਼ ਕੁਮਾਰ ਦੀ ਜੇ. ਡੀ. ਯੂ. ਅਤੇ ਆਰ. ਜੇ. ਡੀ. ਆਈਆਂ ਤਾਂ ਸਰਕਾਰ ’ਚ ਤੇਜਸਵੀ ਯਾਦਵ ਨੂੰ 4 ਅਹਿਮ ਮੰਤਰਾਲਿਆਂ ਦੇ ਨਾਲ ਉੱਪ-ਮੁੱਖ ਮੰਤਰੀ ਦੀ ਕੁਰਸੀ ਮਿਲੀ। ਨਿਤੀਸ਼ ਕੁਮਾਰ ਸੂਬੇ ਦੇ ਮੁੱਖ ਮੰਤਰੀ ਬਣੇ ਰਹੇ। ਮਹਾਰਾਸ਼ਟਰ ’ਚ ਵੀ ਭਾਜਪਾ ਨੇ ਉੱਪ-ਮੁੱਖ ਮੰਤਰੀ ਵਾਲਾ ਫਾਰਮੂਲਾ ਅਪਣਾਇਆ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਮੁੱਖ ਮੰਤਰੀ ਹਨ। ਭਾਜਪਾ ਅਤੇ ਐੱਨ. ਸੀ. ਪੀ. ਦੇ ਅਜੀਤ ਪਵਾਰ ਧੜ੍ਹੇ ’ਚੋਂ ਇਕ-ਇਕ ਉੱਪ-ਮੁੱਖ ਮੰਤਰੀ ਹਨ। ਪਹਿਲਾਂ ਸਰਕਾਰ ’ਚ ਸ਼ਿੰਦੇ ਦੀ ਅਗਵਾਈ ’ਚ ਸ਼ਿਵ ਸੈਨਾ ਅਤੇ ਭਾਜਪਾ ਦੀ ਸਰਕਾਰ ਸੀ। ਉਸ ਵੇਲੇ ਸਿਰਫ਼ ਇਕ ਉੱਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਨ੍ਹਾਂ ਕੋਲ ਕਈ ਅਹਿਮ ਮੰਤਰਾਲੇ ਸਨ। ਬਾਅਦ ’ਚ ਇਸ ਸਾਲ ਜੁਲਾਈ ’ਚ ਅਜੀਤ ਪਵਾਰ ਵਾਲਾ ਐੱਨ. ਸੀ. ਪੀ. ਦਾ ਧੜ੍ਹਾ ਵੀ ਸਰਕਾਰ ’ਚ ਸ਼ਾਮਲ ਹੋ ਗਿਆ। ਉਸ ਵੇਲੇ ਸੂਬੇ ਨੂੰ ਫੜਨਵੀਸ ਤੋਂ ਇਲਾਵਾ ਇਕ ਹੋਰ ਉੱਪ-ਮੁੱਖ ਮੰਤਰੀ ਅਜੀਤ ਪਵਾਰ ਦੇ ਰੂਪ ’ਚ ਮਿਲਿਆ। ਫੜਨਵੀਸ ਦੇ ਕੁਝ ਅਹਿਮ ਮੰਤਰਾਲੇ ਪਵਾਰ ਨੂੰ ਮਿਲ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News