ਗਰਮਾਈ ਜਲੰਧਰ 'ਚ ਸਿਆਸਤ: ਸੁਸ਼ੀਲ ਰਿੰਕੂ ਦੀ ‘ਆਪ’ ’ਚ ਐਂਟਰੀ ਨਾਲ ਬਦਲੇ ਸਿਆਸੀ ਸਮੀਕਰਨ

Thursday, Apr 06, 2023 - 12:18 PM (IST)

ਗਰਮਾਈ ਜਲੰਧਰ 'ਚ ਸਿਆਸਤ: ਸੁਸ਼ੀਲ ਰਿੰਕੂ ਦੀ ‘ਆਪ’ ’ਚ ਐਂਟਰੀ ਨਾਲ ਬਦਲੇ ਸਿਆਸੀ ਸਮੀਕਰਨ

ਜਲੰਧਰ (ਸੋਮਨਾਥ)–ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ 10 ਮਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਕਾਂਗਰਸ ਵੱਲੋਂ ਸਵ. ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਜਾ ਚੁੱਕਾ ਹੈ, ਜਦਕਿ ਦੂਜੀਆਂ ਪਾਰਟੀਆਂ ਵੱਲੋਂ ਅਜੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਹਾਲੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਜਲੰਧਰ ਵੈਸਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਤੇਜ਼ੀ ਨਾਲ ਸਮੀਕਰਨ ਬਦਲਣ ਲੱਗੇ ਹਨ।

ਕਿੱਥੇ ਸੁਸ਼ੀਲ ਰਿੰਕੂ ਕਾਂਗਰਸ ਵਿਚ ਕੰਮ ਕਰਦੇ ਸਨ ਅਤੇ ਹੁਣ ਉਹੀ ਰਿੰਕੂ ਕਾਂਗਰਸ ਖ਼ਿਲਾਫ਼ ਆਮ ਆਦਮੀ ਪਾਰਟੀ ਵਿਚ ਕੰਮ ਕਰਨਗੇ। ਗੱਲ ਸਿਰਫ਼ ਸਿਆਸੀ ਸਮੀਕਰਨ ਦੀ ਹੀ ਨਹੀਂ ਹੈ, ਸਗੋਂ ਆਮ ਆਦਮੀ ਪਾਰਟੀ ਦੇ ਅੰਦਰ ਪਹਿਲਾਂ ਤੋਂ ਮੌਜੂਦ ਰਿੰਕੂ ਦੇ ਧੁਰੰਤਰ ਵਿਰੋਧੀ ਸ਼ੀਤਲ ਅੰਗੁਰਾਲ ਦਾ ਕੀ ਹੋਵੇਗਾ, ਇਹ ਇਕ ਵੱਡਾ ਸਵਾਲ ਅੱਜ ਖੜ੍ਹਾ ਹੋ ਗਿਆ ਹੈ। ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੀ ਦੋਸਤੀ ਅਤੇ ਦੁਸ਼ਮਣੀ ਕਿਸੇ ਤੋਂ ਛੁਪੀ ਨਹੀਂ ਹੈ। ਦੁਸ਼ਮਣੀ ਇੰਨੀ ਕਿ ਇਕ-ਦੂਜੇ ਖ਼ਿਲਾਫ਼ ਕੋਈ ਮੌਕਾ ਨਹੀਂ ਛੱਡਦੇ ਪਰ ਹੁਣ ਮਾਹੌਲ ਬਦਲ ਗਿਆ ਹੈ। ਹੁਣ ਸੁਸ਼ੀਲ ਰਿੰਕੂ ਸ਼ੀਤਲ ਅੰਗੁਰਾਲ ਦੀ ਹੀ ਪਾਰਟੀ ਵਿਚ ਚਲੇ ਗਏ ਹਨ ਤਾਂ ਅਜਿਹੇ ਵਿਚ ਸਭ ਤੋਂ ਵੱਡੀ ਸਮੱਸਿਆ ਸ਼ੀਤਲ ਅੰਗੁਰਾਲ ਲਈ ਪੈਦਾ ਹੋ ਗਈ ਹੈ ਕਿਉਂਕਿ ਸ਼ੀਤਲ ਅੰਗੁਰਾਲ ਕੋਲ ਹੁਣ ਕੋਈ ਬਹੁਤ ਜ਼ਿਆਦਾ ਬਦਲ ਨਹੀਂ ਬਚੇ ਹਨ। ਜਾਂ ਤਾਂ ਉਹ ਆਮ ਆਦਮੀ ਪਾਰਟੀ ਵਿਚ ਹੀ ਰਹਿ ਕੇ ਕੰਮ ਕਰਨ ਜਾਂ ਵਾਪਸ ਭਾਜਪਾ ਵਿਚ ਚਲੇ ਜਾਣ।

ਇਹ ਵੀ ਪੜ੍ਹੋ :ਪੁਲਸ ਵੱਲੋਂ ਨਰਸਿੰਗ ਹੋਮ 'ਚ ਛਾਪਾ, ਗਰਭਪਾਤ ਕਰਦੀ ਨਕਲੀ ਡਾਕਟਰ ਰੰਗੇ ਹੱਥੀਂ ਗ੍ਰਿਫ਼ਤਾਰ, ਰੱਖੇ ਸਨ ਕੋਡ ਵਰਡ

ਰਿੰਕੂ ਨਾਲ ਮਿਲ ਕੇ ਚੱਲਣਾ ਹੀ ਹੋਵੇਗਾ ਸ਼ੀਤਲ ਅੰਗੁਰਾਲ ਨੂੰ
ਵੈਸੇ ਕਿਹਾ ਜਾ ਰਿਹਾ ਹੈ ਕਿ ਸ਼ੀਤਲ ਅੰਗੁਰਾਲ ਨੂੰ ਕੁਝ ਦਿਨ ਪਹਿਲਾਂ ਹੀ ਸੁਸ਼ੀਲ ਰਿੰਕੂ ਦੇ ‘ਆਪ’ ਵਿਚ ਸ਼ਾਮਲ ਕੀਤੇ ਜਾਣ ਦੀ ਭਿਣਕ ਲੱਗ ਗਈ ਸੀ, ਜਿਸ ਕਾਰਨ ਉਹ ਪਾਰਟੀ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ, ਜਿਸ ਦਾ ਕੋਈ ਅਸਰ ਨਹੀਂ ਹੋਇਆ। ਵੈਸੇ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਸ਼ੀਤਲ ਅੰਗਰਾਲ ਨਾਲ ਇਕ ਮੀਟਿੰਗ ਵੀ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਸ਼ੀਤਲ ਅੰਗੁਰਾਲ ਦਾ ਜੋ ਹੋਵੇਗਾ, ਸੋ ਹੋਵੇਗਾ ਪਰ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿਚ ਆ ਕੇ ਕਿੰਨੇ ਕਾਮਯਾਬ ਹੋਣਗੇ।
ਲੋਕ ਸਭਾ ਚੋਣਾਂ ਵਿਚ ਟਿਕਟਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਦੇ ਨਾਂ ’ਤੇ ਮੋਹਰ ਲੱਗਣੀ ਲਗਭਗ ਤੈਅ ਹੈ। ਜੇਕਰ ਰਿੰਕੂ ਇਸ ਸੀਟ ਨੂੰ ਜਿੱਤਣ ਵਿਚ ਸਫ਼ਲ ਰਹਿੰਦੇ ਹਨ ਤਾਂ ਆਉਣ ਵਾਲਾ ਸਮਾਂ ਸੁਸ਼ੀਲ ਰਿੰਕੂ ਦਾ ਹੈ। ਆਮ ਆਦਮੀ ਪਾਰਟੀ ਵਿਚ ਰਿੰਕੂ ਜੋ ਥਾਂ ਬਣਾ ਲੈਣਗੇ, ਉਹ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ਨਾਲ ਸੁਸ਼ੀਲ ਰਿੰਕੂ ਤਾਂ ਮਜ਼ਬੂਤ ਹੋਣਗੇ ਪਰ ਉਨ੍ਹਾਂ ਦੇ ਵਿਰੋਧੀ ਕਾਫ਼ੀ ਹੱਦ ਤੱਕ ਕਮਜ਼ੋਰ ਹੋ ਜਾਣਗੇ। ਇਥੋਂ ਤੱਕ ਕਿ ਸ਼ੀਤਲ ਅੰਗੁਰਾਲ, ਜਿਨ੍ਹਾਂ ਨਾਲ ਉਨ੍ਹਾਂ ਦਾ ਛੱਤੀ ਦਾ ਅੰਕੜਾ ਹੈ, ਨੂੰ ਵੀ ਅਖੀਰ ਸੁਸ਼ੀਲ ਰਿੰਕੂ ਨਾਲ ਮਿਲ ਕੇ ਹੀ ਚੱਲਣਾ ਹੋਵੇਗਾ।

ਕਾਂਗਰਸ ਅਤੇ ‘ਆਪ’ ਵਿਚ ਸਖ਼ਤ ਟੱਕਰ ਹੋਣ ਦੀ ਸੰਭਾਵਨਾ
ਜੇਕਰ ਸੁਸ਼ੀਲ ਰਿੰਕੂ ਚੋਣ ਜਿੱਤਣ ’ਚ ਸਫ਼ਲ ਨਹੀਂ ਹੁੰਦੇ ਤਾਂ ਵੀ ਉਨ੍ਹਾਂ ਨੂੰ ਕੋਈ ਬਹੁਤ ਨੁਕਸਾਨ ਨਹੀਂ ਹੋਵੇਗਾ। ਉਹ ਸਿਆਸੀ ਕੱਦ-ਕਾਠੀ ’ਚ ਅੰਗੁਰਾਲ ਭਰਾਵਾਂ ਤੋਂ ਉਪਰ ਹੀ ਰਹਿਣਗੇ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿੱਥੇ ਤਕ ਜਲੰਧਰ ਲੋਕ ਸਭਾ ਸੀਟ ਦੀ ਗੱਲ ਹੈ ਤਾਂ ਇਸ ਵਿਚ ਕੁੱਲ 9 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿਚ 4 ’ਤੇ ਆਮ ਆਦਮੀ ਪਾਰਟੀ ਅਤੇ 5 ’ਤੇ ਕਾਂਗਰਸ ਦੇ ਵਿਧਾਇਕ ਹਨ। ਇਸ ਸਮੇਂ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਖਿੱਚੋਤਾਣ ਕਾਫ਼ੀ ਤੇਜ਼ ਰਹੇਗੀ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਵਿਚ ਸਖ਼ਤ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News