ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਸਰਕਾਰੀ ਨੌਕਰੀਆਂ ਨਾ ਦਿੱਤੇ ਜਾਣ ’ਤੇ ਪੰਜਾਬ ਸਰਕਾਰ ਵਿਰੁੱਧ ਆਵਾਜ਼ ਕੀਤੀ ਬੁਲੰਦ
Wednesday, Aug 24, 2022 - 12:27 PM (IST)
ਜਲੰਧਰ– ਭਾਰਤੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਨੇ ਵੀ ਅੱਜ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਕਾਰੀ ਨੌਕਰੀਆਂ ਨਾ ਦਿੱਤੇ ਜਾਣ ਦੇ ਦੋਸ਼ ਲਾਏ। ਬੀਤੇ ਸਾਲ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਭਾਰਤੀ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਨੇ ਆਵਾਜ਼ ਬੁਲੰਦ ਕਰਦਿਆਂ ਪ੍ਰੈੱਸ ਕਲੱਬ ਵਿਚ ਕਿਹਾ ਕਿ ਦੇਸ਼ ਨੂੰ ਓਲੰਪਿਕ ਤਮਗਾ ਦਿਵਾਉਣ ਵਾਲੀ ਟੀਮ ਦਾ ਹਿੱਸਾ ਹੋਣ ’ਤੇ ਵੀ ਉਹ ਆਪਣੀ ਕਿਸਮਤ ਨੂੰ ਬਦਲ ਨਹੀਂ ਸਕੇ।
ਉਨ੍ਹਾਂ ਕਿਹਾ ਕਿ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਪਿਛਲੀ ਸਰਕਾਰ ਨੇ ਨੌਕਰੀ ਦੇਣ ਦੀ ਗੱਲ ਕਹੀ ਸੀ ਅਤੇ ਸਰਕਾਰ ਨੇ ਆਫਰ ਲੈਟਰ ਤੱਕ ਜਾਰੀ ਕਰ ਦਿੱਤੇ ਸਨ ਪਰ ਅਜੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ : ਦ੍ਰਾਵਿੜ ਕੋਵਿਡ-19 ਪਾਜ਼ੇਟਿਵ, ਏਸ਼ੀਆ ਕੱਪ ਲਈ ਦੁਬਈ ਨਹੀਂ ਜਾਣਗੇ; BCCI ਸਕੱਤਰ ਨੇ ਕੀਤੀ ਪੁਸ਼ਟੀ
ਉਕਤ ਖਿਡਾਰੀਆਂ ਨੇ ‘ਆਪ’ ਸਰਕਾਰ ਨੂੰ ਨੌਕਰੀ ਨਾਲ ਸਬੰਧਤ ਚਿੱਠੀ ਜਾਰੀ ਕਰਨ ਦੀ ਅਪੀਲ ਕੀਤੀ। ਉਕਤ ਖਿਡਾਰੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਤੋਂ ਆਫਰ ਲੈਟਰ ਮਿਲਣ ਤੋਂ ਬਾਅਦ ਉਨ੍ਹਾਂ ਆਪਣਾ ਮੈਡੀਕਲ ਤੱਕ ਕਰਵਾ ਲਿਆ ਸੀ ਪਰ ਅਜੇ ਤੱਕ ਉਹ ਨੌਕਰੀ ਤੋਂ ਵਾਂਝੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਪੀ. ਪੀ. ਐੱਸ. ਅਹੁਦੇ ’ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਹੁਣ ਸੱਤਾ ਵਿਚ ਆਈ ਪੰਜਾਬ ਸਰਕਾਰ (ਆਪ) ਨੇ ਵੀ ਪੂਰਾ ਨਹੀਂ ਕੀਤਾ। ਖਿਡਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਅਤੇ ਖੇਡ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।