ਢਾਈ ਮਹੀਨੇ ਬਾਅਦ ਇਤਿਹਾਸਕ ਸਥਾਨ ਟਿੱਲਾ ਬਾਬਾ ਫਰੀਦ ਜੀ ਦੇ ਦਰਸ਼ਨਾਂ ਲਈ ਪਹੁੰਚਣ ਲੱਗੇ ਸ਼ਰਧਾਲੂ
Monday, Jun 08, 2020 - 03:55 PM (IST)
ਫਰੀਦਕੋਟ - ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਸਾਰੇ ਧਾਰਮਿਕ ਸਥਾਨ ਖੁੱਲ੍ਹ ਚੁੱਕੇ ਹਨ। ਇਸੇ ਤਹਿਤ ਫਰੀਦਕੋਟ ਦੇ ਇਤਿਹਾਸਕ ਸਥਾਨ ਟਿੱਲਾ ਬਾਬਾ ਫਰੀਦ ਜੀ ਦੇ ਦਰਵਾਜ਼ੇ ਵੀ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਤਿਆਰੀਆਂ ਕਰਨ ਉਪਰੰਤ ਅੱਜ ਸੰਗਤਾਂ ਲਈ ਖੋਲ੍ਹ ਦਿੱਤੇ ਗਏ ਹਨ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਕਾਇਦਾ ਸੈਨੇਟਾਇਜਰ, ਹੈਂਡ ਫਰੀ ਪੰਪ, ਹੈਂਡ ਫਰੀ ਪਿਆਓ ਲਗਾਉਣ ਤੋਂ ਇਲਾਵਾ ਇਕ ਸਮੇਂ 20 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਨੂੰ ਲੈ ਕੇ ਪ੍ਰਬੰਧਕ ਕਮੇਟੀ ਵਲੋਂ ਸਾਰੇ ਇੰਤਜ਼ਾਮ ਕਰ ਲਏ ਗਏ ਹਨ।
ਇਸ ਮੌਕੇ ਪਹਿਲੇ ਦਿਨ ਟਿੱਲਾ ਬਾਬਾ ਫਰੀਦ ਜੀ ਦੇ ਸਥਾਨ 'ਤੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਕਰੀਬ ਢਾਈ ਮਹੀਨੇ ਬਾਅਦ ਉਨ੍ਹਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਰਸ਼ਨ ਕਰ ਰਹੇ ਹਨ ਅਤੇ ਹੋਰਨਾਂ ਸੰਗਤਾਂ ਨੂੰ ਵੀ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਨ ਦੀ ਅਪੀਲ ਕਰਦੇ ਹਨ ਤਾਂ ਜੋ ਇਸ ਭਿਆਨਕ ਮਹਾਮਾਰੀ ਤੋਂ ਬਚਿਆ ਜਾ ਸਕੇ।
ਇਸ ਮੌਕੇ ਬਾਬਾ ਫਰੀਦ ਜੀ ਸੰਸਥਾ ਦੇ ਮੁੱਖ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਇਹ ਸਥਾਨ ਇਤਿਹਾਸਕ ਹੋਣ ਕਰਕੇ ਇਥੇ ਰੋਜ਼ਾਨਾ ਹਜਾਰਾਂ ਦੀ ਗਿਣਤੀ 'ਚ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਸਨ। ਪਰ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਹ ਸਥਾਨ ਵੀ ਢਾਈ ਮਹੀਨੇ ਬਾਅਦ ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੋਲ੍ਹ ਦਿਤੇ ਗਏ ਹਨ। ਇਸ ਮੌਕੇ ਉਨਾਂ ਦੱਸਿਆ ਕਿ ਇਕ ਸਮੇਂ 20 ਸ਼ਰਧਾਲੂ ਦਰਸ਼ਨ ਕਰ ਸਕਣਗੇ ਅਤੇ ਬਕਾਇਦਾ ਹੈਂਡ ਫਰੀ ਪੰਪ ਲਗਾਏ ਗਏ ਹਨ। ਬਕਾਇਦਾ ਸੈਨੇਟਾਇਜਰ ਦਾ ਪ੍ਰਬੰਧ ਕੀਤਾ ਗਿਆ ।ਲੰਗਰ ਅਤੇ ਪ੍ਰਸ਼ਾਦ ਦੀ ਪ੍ਰਥਾ ਫਿਲਹਾਲ ਬੰਦ ਰੱਖੀ ਜਾਵੇਗੀ।ਸ਼ਰਧਾਲੂ ਮਾਸਕ ਪਹਿਨ ਕੇ ਅਤੇ ਸਮਾਜਿਕ ਦੂਰੀ ਬਣਾ ਕੇ ਹੀ ਨਤਮਸਤਕ ਹੋਣਗੇ।