ਅਰਬਨ ਅਸਟੇਟ ’ਚ ਪੁਲਸ ਪਾਰਟੀ ’ਤੇ ਫਾਇਰਿੰਗ ਕਰਨ ਵਾਲਾ ਰਿਮਾਂਡ ’ਤੇ
Thursday, Jun 22, 2023 - 11:31 AM (IST)
ਜਲੰਧਰ (ਜ. ਬ.)–ਅਰਬਨ ਅਸਟੇਟ ਵਿਚ ਥਾਣਾ ਨੰਬਰ 7 ਦੀ ਪੁਲਸ ’ਤੇ ਫਾਇਰਿੰਗ ਕਰਨ ਵਾਲੇ ਭਗੌੜੇ ਬਦਮਾਸ਼ ਯੁਵਰਾਜ ਠਾਕੁਰ ਨੂੰ ਪੁਲਸ ਨੇ ਹਸਪਤਾਲ ਤੋਂ ਛੁੱਟੀ ਦਿਵਾਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਠਾਕੁਰ ਖ਼ਿਲਾਫ਼ ਪੁਲਸ ਨੇ ਫਾਇਰਿੰਗ ਕਰਨ ’ਤੇ ਨਵਾਂ ਕੇਸ ਦਰਜ ਕੀਤਾ ਹੈ, ਜਿਸ ਵਿਚ ਧਾਰਾ 307, 353, 186 ਲਗਾਈ ਗਈ ਹੈ। ਏ. ਡੀ. ਸੀ. ਪੀ.-2 ਆਦਿੱਤਿਆ ਨੇ ਦੱਸਿਆ ਕਿ ਯੁਵਰਾਜ ਠਾਕੁਰ ਖ਼ਿਲਾਫ਼ 12 ਮਈ ਨੂੰ ਵੀ ਗੜ੍ਹੇ ਵਿਚ ਹੋਈ ਗੁੰਡਾਗਰਦੀ ਅਤੇ ਗੋਲੀ ਚਲਾਉਣ ’ਤੇ 307 ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਉਹ ਭਗੌੜਾ ਸੀ। ਇਸ ਤੋਂ ਇਲਾਵਾ ਉਸ ਦੇ ਕਿਰਾਏ ਦੇ ਘਰ ਵਿਚੋਂ ਮਿਲੀ ਜਾਅਲੀ ਕਰੰਸੀ ਅਤੇ ਕਰੰਸੀ ਛਾਪਣ ਵਾਲੇ ਸਾਮਾਨ ਤੋਂ ਬਾਅਦ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕੇਸਾਂ ਵਿਚ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ ਹੈ, ਜਦਕਿ ਮੰਗਲਵਾਰ ਦੀ ਰਾਤ ਨੂੰ ਪੁਲਸ ਪਾਰਟੀ ’ਤੇ ਗੋਲ਼ੀ ਚਲਾਉਣ ਦਾ ਕੇਸ ਦਰਜ ਕਰਕੇ ਉਸ ਵਿਚ ਵੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ।
ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ
ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਯੁਵਰਾਜ ਠਾਕੁਰ ਤੋਂ ਬਰਾਮਦ ਹੋਇਆ ਦੇਸੀ ਪਿਸਤੌਲ ਯੂ. ਪੀ. ਤੋਂ ਹੀ ਲਿਆਂਦਾ ਗਿਆ ਸੀ। ਪੁਲਸ ਪਾਰਟੀ ’ਤੇ ਜੋ ਫਾਇਰ ਕੀਤਾ ਗਿਆ ਸੀ, ਉਸ ਦਾ ਖੋਲ ਵੀ ਮੌਕੇ ਤੋਂ ਬਰਾਮਦ ਹੋ ਗਿਆ ਹੈ। ਪੁਲਸ ਹੁਣ ਉਸ ਦੇ 2 ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਕੋਲ ਹਥਿਆਰ ਹਨ। ਦੱਸ ਦੇਈਏ ਕਿ ਭਗੌੜੇ ਯੁਵਰਾਜ ਠਾਕੁਰ ਨੂੰ ਲੈ ਕੇ ਥਾਣਾ ਨੰਬਰ 7 ਦੇ ਮੁਖੀ ਪਰਵਿੰਦਰ ਸਿੰਘ ਨੂੰ ਕੁਝ ਇਨਪੁੱਟ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅਰਬਨ ਅਸਟੇਟ ਗੰਦੇ ਨਾਲੇ ਕੋਲ ਟਰੈਪ ਲਗਾਇਆ ਤਾਂ ਠਾਕੁਰ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ ਸੀ। ਜਵਾਬੀ ਕਾਰਵਾਈ ਦੌਰਾਨ ਪੁਲਸ ਦੀ ਇਕ ਗੋਲੀ ਠਾਕੁਰ ਦੀ ਲੱਤ ਵਿਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁਲਜ਼ਮ ਤੋਂ ਮੌਕੇ ’ਤੇ ਹੀ ਦੇਸੀ ਪਿਸਤੌਲ ਬਰਾਮਦ ਹੋਇਆ ਸੀ। ਠਾਕੁਰ ਨੇ ਕਾਲੀ ਗਰੁੱਪ ਨਾਲ ਮਿਲ ਕੇ 11 ਮਈ ਦੀ ਰਾਤ ਨੂੰ ਆਰੀਆ ਨਗਰ ਵਿਚ ਪ੍ਰੇਮਾ ਗਰੁੱਪ ’ਤੇ ਗੋਲੀ ਚਲਾਈ ਸੀ। ਇਕ ਗੋਲੀ ਅਜੇ ਨਾਂ ਦੇ ਨੌਜਵਾਨ ਨੂੰ ਲੱਗੀ ਸੀ, ਜਦਕਿ ਉਕਤ ਲੋਕਾਂ ਨੇ ਇਲਾਕੇ ਵਿਚ ਜੰਮ ਕੇ ਪੱਥਰ ਅਤੇ ਬੋਤਲਾਂ ਵੀ ਚਲਾਈਆਂ ਸਨ। ਅਗਲੇ ਹੀ ਦਿਨ ਪੁਲਸ ਨੇ ਪਰਸ਼ੂਰਾਮ ਨਗਰ ਸਥਿਤ ਯੁਵਰਾਜ ਠਾਕੁਰ ਦੇ ਕਿਰਾਏ ਦੇ ਘਰ ’ਤੇ ਰੇਡ ਕਰਕੇ ਕਾਲੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਪੁਲਸ ਦੀ ਰੇਡ ਤੋਂ ਪਹਿਲਾਂ ਹੀ ਯੁਵਰਾਜ ਠਾਕੁਰ ਨਿਕਲ ਗਿਆ ਸੀ।
12 ਮਈ ਨੂੰ ਗੜ੍ਹਾ ਇਲਾਕੇ ’ਚ ਹੋਈ ਸੀ ਜੰਮ ਕੇ ਗੁੰਡਾਗਰਦੀ
ਪ੍ਰੇਮਾ ਅਤੇ ਕਾਲੀ ਗਰੁੱਪ ਕਾਫ਼ੀ ਸਮੇਂ ਤੋਂ ਇਕ-ਦੂਜੇ ਵਿਰੁੱਧ ਰਹੇ ਹਨ। ਚੋਣਾਂ ਦੀ ਰੈਲੀ ਵਿਚ ਵੀ ਦੋਵੇਂ ਗਰੁੱਪ ਆਹਮੋ-ਸਾਹਮਣੇ ਹੋਏ ਸਨ, ਜਿਸ ਤੋਂ ਪ੍ਰੇਮਾ ਗਰੁੱਪ ਨੇ ਲਗਭਗ 60 ਸਾਥੀਆਂ ਨਾਲ ਮਿਲ ਕੇ ਕਾਲੀ ਦੇ ਫੱਗੂ ਮੁਹੱਲਾ ਵਿਚ ਆ ਕੇ ਇੱਟਾਂ ਅਤੇ ਬੋਤਲਾਂ ਚਲਾਈਆਂ ਸਨ। ਲੋਕਾਂ ਦੇ ਘਰਾਂ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਉਸੇ ਰਾਤ ਪੌਣੇ 2 ਵਜੇ ਕਾਲੀ ਗਰੁੱਪ ਨੇ ਪ੍ਰੇਮਾ ਦੇ ਆਰੀਆ ਨਗਰ ਵਿਚ ਸਥਿਤ ਘਰ ਦੇ ਬਾਹਰ ਹਮਲਾ ਕਰ ਦਿੱਤਾ ਸੀ ਅਤੇ ਜੰਮ ਕੇ ਭੰਨ-ਤੋੜ ਕੀਤੀ ਸੀ। ਇਸ ਦੌਰਾਨ ਯੁਵਰਾਜ ਠਾਕੁਰ ਨੇ ਗੋਲੀ ਚਲਾ ਦਿੱਤੀ ਸੀ। ਉਸ ਤੋਂ ਬਾਅਦ ਕਾਲੀ ਗਰੁੱਪ ਦੇ ਮੈਂਬਰਾਂ ਨੂੰ ਥਾਣਾ ਨੰਬਰ 7 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਪ੍ਰੇਮਾ ਗਰੁੱਪ ਦਾ ਕੋਈ ਵੀ ਮੈਂਬਰ ਗ੍ਰਿਫ਼ਤਾਰ ਨਹੀਂ ਹੋ ਸਕਿਆ। ਪੁਲਸ ਹੁਣ ਪ੍ਰੇਮਾ ਗਰੁੱਪ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਉਜੜਿਆ ਪਰਿਵਾਰ, ਮਾਂ ਸਣੇ ਇਕ ਸਾਲਾ ਧੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਏ. ਡੀ. ਸੀ. ਪੀ. ਆਦਿੱਤਿਆ ਦੀ ਅਗਵਾਈ ਵਿਚ ਲੱਗੇ ਟਰੈਪ ਤੋਂ ਬਾਅਦ ਗ੍ਰਿਫ਼ਤਾਰ ਹੋ ਸਕਿਆ ਬਦਮਾਸ਼ ਠਾਕੁਰ
ਤੇਜ਼ ਤਰਾਰ ਅਫ਼ਸਰਾਂ ਵਿਚ ਗਿਣੇ ਜਾਂਦੇ ਏ. ਡੀ. ਸੀ. ਪੀ.-2 ਆਦਿੱਤਿਆ ਕਾਫ਼ੀ ਸਮੇਂ ਤੋਂ ਬਦਮਾਸ਼ ਯੁਵਰਾਜ ਠਾਕੁਰ ਨੂੰ ਗ੍ਰਿਫ਼ਤਾਰ ਕਰਨ ਲਈ ਇਨਪੁੱਟ ਜੁਟਾ ਰਹੇ ਸਨ। ਮੰਗਲਵਾਰ ਨੂੰ ਇਕ ਛੋਟੀ ਜਿਹੀ ਜਾਣਕਾਰੀ ਏ. ਡੀ. ਸੀ. ਪੀ. ਆਦਿੱਤਿਆ ਕੋਲ ਆਈ ਤਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਹੋਰ ਇਨਪੁੱਟ ਜੁਟਾ ਕੇ ਲੀਡ ਹਾਸਲ ਕਰ ਲਈ। ਅਜਿਹੇ ਵਿਚ ਪਤਾ ਲੱਗਾ ਕਿ ਠਾਕੁਰ ਅਰਬਨ ਅਸਟੇਟ ਵਿਚ ਹੈ। ਪੁਲਸ ਨੇ ਤੁਰੰਤ ਉਥੇ ਰੇਡ ਕੀਤੀ ਅਤੇ ਕਾਮਯਾਬੀ ਵੀ ਹਾਸਲ ਕੀਤੀ। ਜਿਸ ਸਮੇਂ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ, ਉਦੋਂ ਏ. ਡੀ. ਸੀ. ਪੀ. ਆਦਿੱਤਿਆ ਦੀ ਸਿਹਤ ਵੀ ਠੀਕ ਨਹੀਂ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬਦਮਾਸ਼ ਠਾਕੁਰ ਨੂੰ ਫੜਨ ਲਈ ਟੀਮ ਦੀ ਅਗਵਾਈ ਕੀਤੀ ਅਤੇ ਕਾਮਯਾਬ ਰਹੇ।
ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ 14 ਛੋਟੇ ਪੈਕੇਟ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani