ਲੁਟੇਰਿਆਂ ਦੀ ਦਹਿਸ਼ਤ : ਵਿਅਕਤੀ ਨੂੰ ਅਗਵਾ ਕਰ ਕੇ ਬਣਾਇਆ ਬੰਦੀ, ਕੁੱਟ-ਮਾਰ ਕਰ ਕੇ ਕੈਸ਼ ਲੁੱਟਿਆ

07/20/2023 2:34:58 PM

ਲੁਧਿਆਣਾ (ਰਾਜ) : ਟਿੱਬਾ ਇਲਾਕੇ ’ਚ ਇਨ੍ਹੀਂ ਦਿਨੀਂ ਲੁਟੇਰਿਆਂ ਦੀ ਅੱਤ ਮਚੀ ਹੋਈ ਹੈ। ਲੁਟੇਰਿਆਂ ਨੇ ਬਾਈਕ ਸਵਾਰ ਇਕ ਵਿਅਕਤੀ ਨੂੰ ਅਗਵਾ ਕਰ ਲਿਆ। ਫਿਰ ਉਸ ਨੂੰ ਇਕ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਬੰਦੀ ਬਣਾ ਲਿਆ, ਜਿੱਥੇ ਪਹਿਲਾਂ ਤਾਂ ਲੁਟੇਰਿਆਂ ਦੇ ਸਾਥੀਆਂ ਨੇ ਵਿਅਕਤੀ ਨਾਲ ਕੁੱਟ-ਮਾਰ ਕੀਤੀ, ਉਸ ਤੋਂ ਬਾਅਦ ਜੇਬ ’ਚੋਂ ਕੈਸ਼, ਮੋਬਾਇਲ ਅਤੇ ਹੋਰ ਸਾਮਾਨ ਲੁੱਟ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਏ. ਟੀ. ਐੱਮ. ਕਾਰਡ ’ਚੋਂ ਪੈਸੇ ਵੀ ਕਢਵਾ ਲਏ। ਫਿਰ 2 ਘੰਟਿਆਂ ਬਾਅਦ ਜਾ ਕੇ ਉਸ ਨੂੰ ਛੱਡਿਆ। ਵਿਅਕਤੀ ਕਿਸੇ ਤਰ੍ਹਾਂ ਘਰ ਪੁੱਜਾ ਅਤੇ ਸੂਚਨਾ ਪੁਲਸ ਕੰਟਰੋਲ ਰੂਮ 112 ’ਤੇ ਦਿੱਤੀ, ਜਿੱਥੇ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਥਾਣੇ ਜਾ ਕੇ ਆਪਣੀ ਸ਼ਿਕਾਇਤ ਦੇਣ। ਫਿਰ ਵਿਅਕਤੀ ਆਪਣੇ ਭਰਾ ਨਾਲ ਥਾਣਾ ਟਿੱਬਾ ’ਚ ਗਿਆ, ਜਿੱਥੋਂ ਪੁਲਸ ਮੁਲਾਜ਼ਮ ਮੌਕਾ ਦੇਖਣ ਲਈ ਗਏ ਪਰ ਪੁਲਸ ਬੋਲੀ ਕਿ ਉਹ ਪਹਿਲਾਂ ਮੁਲਜ਼ਮਾਂ ਨੂੰ ਫੜ ਲਵੇ, ਫਿਰ ਉਨ੍ਹਾਂ ਦੀ ਐੱਫ. ਆਈ. ਆਰ. ਦਰਜ ਕਰਨਗੇ। ਹਾਲਾਂਕਿ ਪੀੜਤ ਦੇ ਭਰਾ ਨੇ ਉਹ ਜਗ੍ਹਾ ਲੱਭ ਲਈ, ਜਿੱਥੇ ਉਸ ਦੇ ਭਰਾ ਨੂੰ ਦੋ ਘੰਟੇ ਬੰਦੀ ਬਣਾ ਕੇ ਰੱਖਿਆ ਸੀ, ਉੱਥੇ ਆਮ ਕਰ ਕੇ ਨੌਜਵਾਨ ਨਸ਼ਾ ਕਰਨ ਆਉਂਦੇ ਹਨ ਅਤੇ ਨਾਲ ਹੀ ਨੌਜਵਾਨ ਲੁੱਟ ਦੀਆਂ ਵਾਰਦਾਤਾਂ ਕਰਦੇ ਹਨ। ਜਾਣਕਾਰੀ ਦਿੰਦਿਆਂ ਪੀੜਤ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਰਾਜੂ ਰਾਠੌਰ ਬਹਾਦਰਕੇ ਰੋਡ ਇਕ ਫੈਕਟਰੀ ’ਚ ਕੰਮ ਕਰਦਾ ਹੈ। ਕਿਸੇ ਕੰਮ ਕਰ ਕੇ ਉਹ ਟਿੱਬਾ ਰੋਡ ਸਥਿਤ ਗਊਸ਼ਾਲਾ ਕੋਲ ਗਿਆ ਸੀ, ਜਿੱਥੇ ਕਿਸੇ ਵਰਕਰ ਨੂੰ ਕਾਲ ਕਰਨ ਲਈ ਉਹ ਰਸਤੇ ’ਚ ਰੁਕਿਆ। ਜਦੋਂ ਉਹ ਮੋਬਾਇਲ ਕੱਢ ਕੇ ਗੱਲ ਕਰ ਰਿਹਾ ਸੀ ਤਾਂ ਇਸ ਦੌਰਾਨ 2 ਨੌਜਵਾਨ ਉਸ ਕੋਲ ਆਏ।

ਇਹ ਵੀ ਪੜ੍ਹੋ : ਬਰੇਨ ਡੈੱਡ ਹੋਏ ਨੌਜਵਾਨ ਕਾਰਨ 3 ਮਰੀਜ਼ਾਂ ਨੂੰ ਮਿਲਿਆ ਨਵਾਂ ਜੀਵਨ, ਪਰਿਵਾਰ ਦੇ ਫ਼ੈਸਲੇ ਨੇ ਕਾਇਮ ਕੀਤੀ ਮਿਸਾਲ

ਇਕ ਨੌਜਵਾਨ ਬਾਈਕ ਦੇ ਪਿੱਛੇ ਬੈਠ ਗਿਆ, ਜਦੋਂਕਿ ਦੂਜੇ ਨੇ ਬਾਈਕ ਦੀ ਚਾਬੀ ਕੱਢ ਲਈ। ਜਦੋਂ ਰਾਜੂ ਨੇ ਇਸ ਦਾ ਵਿਰੋਧ ਕੀਤਾ ਤਾਂ ਤੇਜ਼ਧਾਰ ਹਥਿਆਰ ਕੱਢ ਕੇ ਡਰਾਉਣ-ਧਮਕਾਉਣ ਲੱਗ ਗਏ। ਇਸ ਤੋਂ ਬਾਅਦ ਉਸ ਦੇ ਚਿਹਰਾ ਢਕ ਕੇ ਬਾਈਕ ’ਤੇ ਉਸ ਨੂੰ ਆਪਣੇ ਨਾਲ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਪਹਿਲਾਂ ਤੋਂ ਮੁਲਜ਼ਮਾਂ ਦੇ 8-10 ਸਾਥੀ ਬੈਠੇ ਹੋਏ ਸਨ। ਇਕ ਖਾਲੀ ਦੁਕਾਨ ’ਚ ਮੁਲਜ਼ਮਾਂ ਨੇ ਉਸ ਨੂੰ ਬੰਦੀ ਬਣਾ ਲਿਆ, ਜਿੱਥੇ ਉਸ ਨਾਲ ਮੁਲਜ਼ਮਾਂ ਨੇ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ’ਚੋਂ ਕੈਸ਼, ਮੋਬਾਇਲ ਅਤੇ ਹੋਰ ਸਾਮਾਨ ਲੁੱਟ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਏ. ਟੀ. ਐੱਮ. ਕਾਰਡ ਦਾ ਕੋਡ ਪੁੱਛਿਆ ਅਤੇ ਪੈਸੇ ਕਢਵਾਉਣ ਲਈ ਗਏ। ਪਹਿਲਾਂ ਉਸ ਨੇ ਗਲਤ ਕੋਡ ਦਿੱਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਕੁੱਟਿਆ, ਫਿਰ ਉਸ ਨੂੰ ਸਹੀ ਕੋਡ ਦੇਣਾ ਪਿਆ। ਮੁਲਜ਼ਮਾਂ ਦੇ ਸਾਥੀਆਂ ਨੇ ਉਸ ਦੇ ਏ. ਟੀ. ਐੱਮ. ਕਾਰਡ ’ਚੋਂ 3 000 ਰੁਪਏ ਹੋਰ ਕਢਵਾ ਲਏ। ਮੁਲਜ਼ਮਾਂ ਨੇ 2 ਘੰਟੇ ਤੱਕ ਉਸ ਨੂੰ ਬੰਦੀ ਬਣਾਈ ਰੱਖਿਆ। ਛੱਡਦੇ ਹੋਏ ਮੁਲਜ਼ਮਾਂ ਨੇ ਫਿਰ ਉਸ ਦੇ ਚਿਹਰੇ ਨੂੰ ਕੱਪੜੇ ਨਾਲ ਢਕ ਦਿੱਤਾ ਤਾਂ ਕਿ ਉਹ ਜਗ੍ਹਾ ਨਾ ਲੱਭ ਸਕੇ ਅਤੇ ਉਸ ਨੂੰ ਸੁੰਨਸਾਨ ਗਲੀ ’ਚ ਛੱਡ ਦਿੱਤਾ। ਅਜੇ ਉਹ ਬਾਈਕ ਸਟਾਰਟ ਕਰ ਰਿਹਾ ਸੀ ਤਾਂ ਉਸ ਨੂੰ ਦੋ ਹੋਰ ਨੌਜਵਾਨਾਂ ਨੇ ਰੋਕ ਲਿਆ, ਜੋ ਮੁਲਜ਼ਮਾਂ ਦੇ ਹੀ ਸਾਥੀ ਸਨ। ਉਨ੍ਹਾਂ ਨੇ ਉਸ ਦਾ ਬਾਈਕ ਖੋਹਣ ਦਾ ਯਤਨ ਕੀਤਾ ਪਰ ਦੂਜੇ ਨੌਜਵਾਨਾਂ ਨੇ ਮਨ੍ਹਾ ਕਰ ਦਿੱਤਾ। ਇਸ ਲਈ ਉਹ ਬਿਨਾਂ ਬਾਈਕ ਲਏ ਹੀ ਚਲੇ ਗਏ। ਇਸ ਤੋਂ ਬਾਅਦ ਕਿਸੇ ਤਰ੍ਹਾਂ ਆਪਣੇ ਘਰ ਪੁੱਜਾ।

ਇਹ ਵੀ ਪੜ੍ਹੋ : ਪਾਕਿ ਦੇ ਕਰਾਚੀ ’ਚ 160 ਰੁਪਏ ਪ੍ਰਤੀ ਕਿਲੋ ਪੁੱਜੀ ਆਟੇ ਦੀ ਕੀਮਤ, ਲੋਕਾਂ ’ਚ ਹਾਹਾਕਾਰ ਮਚੀ

ਪੁਲਸ ਨੂੰ ਸ਼ਿਕਾਇਤ ਕਰਨ ’ਤੇ ਘਰ ਆ ਕੇ ਵੱਢਣ ਦੀ ਦਿੱਤੀ ਧਮਕੀ
ਪੀੜਤ ਦੇ ਭਰਾ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੇ ਭਰਾ ਨਾਲ ਕਾਫੀ ਕੁੱਟ-ਮਾਰ ਕੀਤੀ ਸੀ, ਜਿਸ ਕਾਰਨ ਉਸ ਦੇ ਭਰਾ ਦੇ ਕੰਨ ਦਾ ਪਰਦਾ ਤੱਕ ਫਟ ਗਿਆ। ਮੁਲਜ਼ਮਾਂ ਨੇ ਉਸ ਦੇ ਭਰਾ ਨੂੰ ਡਰਾਇਆ ਕਿ ਜੇਕਰ ਉਸ ਨੇ ਪੁਲਸ ਨੂੰ ਦੱਸਿਆ ਤਾਂ ਉਹ ਉਸ ਨੂੰ ਘਰ ਆ ਕੇ ਕੁੱਟਣਗੇ, ਜਿਸ ਕਾਰਨ ਉਹ ਕਾਫੀ ਡਰ ਗਿਆ। ਪਹਿਲਾਂ ਤਾਂ ਉਸ ਦਾ ਭਰਾ ਸ਼ਿਕਾਇਤ ਦੇਣ ਲਈ ਤਿਆਰ ਨਹੀਂ ਸੀ। ਫਿਰ ਉਸ ਨੂੰ ਕਿਸੇ ਤਰ੍ਹਾਂ ਸਮਝਾ ਕੇ ਸ਼ਿਕਾਇਤ ਦੇਣ ਲਈ ਰਾਜ਼ੀ ਕੀਤਾ ਗਿਆ।

ਕੰਟਰੋਲ ਰੂਮ ’ਤੇ ਪੁਲਸ ਬੋਲੀ ਥਾਣੇ ਜਾਓ, ਥਾਣਾ ਪੁਲਸ ਨੇ ਕਿਹਾ ਪਹਿਲਾਂ ਮੁਲਜ਼ਮ ਫੜਨਗੇ
ਰਾਜੂ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਪੁਲਸ ਕੰਟਰੋਲ ਰੂਮ ਨੰਬਰ 112 ’ਤੇ ਕਾਲ ਕੀਤੀ, ਜਿਸ ਨੂੰ ਕਿਸੇ ਪੁਲਸ ਮੁਲਾਜ਼ਮ ਨੇ ਚੁੱਕਿਆ ਸੀ। ਉਸ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਮੌਕੇ ’ਤੇ ਪੀ. ਸੀ. ਆਰ. ਦਸਤਾ ਭੇਜਣ ਦੀ ਬਜਾਏ ਕਿਹਾ ਕਿ ਉਹ ਥਾਣਾ ਟਿੱਬਾ ਜਾ ਕੇ ਆਪਣੀ ਸ਼ਿਕਾਇਤ ਦੇਣ। ਇਸ ਤੋਂ ਬਾਅਦ ਉਹ ਥਾਣਾ ਟਿੱਬਾ ਪੁੱਜੇ, ਜਿੱਥੇ ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਸਾਰੀ ਘਟਨਾ ਦੱਸੀ। ਪੁਲਸ ਮੁਲਾਜ਼ਮ ਉਨ੍ਹਾਂ ਦੇ ਨਾਲ ਮੌਕੇ ਦਾ ਮੁਆਇਨਾ ਕਰਨ ਲਈ ਵੀ ਗਏ। ਉਨ੍ਹਾਂ ਦੀ ਸ਼ਿਕਾਇਤ ਲੈ ਲਈ ਗਈ ਪਰ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਪੁਲਸ ਦਾ ਕਹਿਣਾ ਸੀ ਕਿ ਪਹਿਲਾਂ ਉਹ ਮੁਲਜ਼ਮਾਂ ਨੂੰ ਫੜਨਗੇ, ਫਿਰ ਐੱਫ. ਆਈ. ਆਰ. ਦਰਜ ਕਰਨਗੇ।

ਇਲਾਕੇ ਦੇ ਲੋਕ ਦਹਿਸ਼ਤ ਵਿਚ, ਕਿਹਾ- ਜਿਊਣਾ ਦੁੱਭਰ ਕੀਤਾ ਲੁਟੇਰਿਆਂ ਨੇ
ਜਿੱਥੇ ਵਾਰਦਾਤ ਹੋਈ ਹੈ, ਉੱਥੇ ਆਮ ਕਰ ਕੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਕੁਝ ਨੌਜਵਾਨਾਂ ਦਾ ਝੁੰਡ ਹੈ, ਜੋ ਉਕਤ ਇਲਾਕੇ ’ਚ ਘੁੰਮਦਾ ਰਹਿੰਦਾ ਹੈ, ਉੱਥੇ ਬਣੇ ਉਸਾਰੀ ਅਧੀਨ ਖਾਲੀ ਪਲਾਟਾਂ ’ਚ ਬੈਠ ਕੇ ਮੁਲਜ਼ਮ ਨਸ਼ਾ ਕਰਦੇ ਹਨ ਅਤੇ ਇਕੱਠੇ ਹੋ ਕੇ ਲੁੱਟ ਦੀਆਂ ਵਾਰਦਾਤਾਂ ਕਰਦੇ ਹਨ। ਇਲਾਕੇ ਦੇ ਲੋਕ ਕਾਫੀ ਸਹਿਮੇ ਹੋਏ ਹਨ। ਲੋਕਾਂ ਦਾ ਦੋਸ਼ ਹੈ ਕਿ ਲੁਟੇਰੇ ਇਲਾਕੇ ਦੇ ਲੋਕਾਂ ਨੂੰ ਹੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਜੇਕਰ ਕੋਈ ਉਨ੍ਹਾਂ ਖਿਲਾਫ ਪੁਲਸ ’ਚ ਸ਼ਿਕਾਇਤ ਕਰਨ ਲਈ ਜਾਂਦਾ ਹੈ ਤਾਂ ਉਨ੍ਹਾਂ ਦੇ ਘਰ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਲਈ ਲੋਕ ਵਾਰਦਾਤ ਤੋਂ ਬਾਅਦ ਸ਼ਿਕਾਇਤ ਦੇਣ ਵੀ ਨਹੀਂ ਜਾਂਦੇ।

ਇਹ ਵੀ ਪੜ੍ਹੋ : ‘ਮੈਂ ਇਕ ਚੰਗੀ ਮਾਂ ਨਹੀਂ ਬਣ ਸਕੀ’ ਸੁਸਾਈਡ ਨੋਟ ਲਿਖ ਕੇ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News