ਅਮਰੀਕਾ ’ਚ ਸਿੱਖ ਬਜ਼ੁਰਗ ’ਤੇ ਨਫ਼ਰਤੀ ਹਮਲੇ ’ਚ ਦੋਸ਼ੀ ਵਿਅਕਤੀ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ : ਜਥੇਦਾਰ ਗੜਗੱਜ

Thursday, Aug 14, 2025 - 05:01 AM (IST)

ਅਮਰੀਕਾ ’ਚ ਸਿੱਖ ਬਜ਼ੁਰਗ ’ਤੇ ਨਫ਼ਰਤੀ ਹਮਲੇ ’ਚ ਦੋਸ਼ੀ ਵਿਅਕਤੀ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ : ਜਥੇਦਾਰ ਗੜਗੱਜ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ’ਚ ਕੈਲੀਫੋਰਨੀਆ ਦੇ ਨਾਰਥ ਹੋਲੀਵੁੱਡ ਵਿੱਚ 70 ਸਾਲਾ ਸਿੱਖ ਹਰਪਾਲ ਸਿੰਘ ਉੱਤੇ ਗੰਭੀਰ ਨਫ਼ਰਤੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਲਾਸ ਐਂਜਲੇਸ ਪੁਲਸ ਡਿਪਾਰਟਮੈਂਟ (ਐੱਲ.ਏ.ਪੀ.ਡੀ) ਅਤੇ ਅਮਰੀਕੀ ਜਾਂਚ ਏਜੰਸੀਆਂ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਯਕੀਨਾ ਬਣਾਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਦੋਸ਼ੀ ਦੀ ਮਨਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਅਤੇ ਇਸ ਨੂੰ ਨਫ਼ਰਤੀ ਅਪਰਾਧ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਰੱਖੜੀ ਵਾਲੇ ਦਿਨ ਡੇਹਲੋਂ ਨਹਿਰ ’ਚ ਡੁੱਬਿਆ ਨੌਜਵਾਨ, 48 ਘੰਟਿਆਂ ਬਾਅਦ ਮਿਲੀ ਲਾਸ਼

ਜਾਣਕਾਰੀ ਮੁਤਾਬਕ, ਹਰਪਾਲ ਸਿੰਘ ਸੈਟੀਕੋਏ ਸਟ੍ਰੀਟ ਅਤੇ ਲੈਂਕਰਸ਼ਿਮ ਬੁਲੇਵਾਰਡ ਦੇ ਨੇੜੇ ਪੈਦਲ ਜਾ ਰਹੇ ਸਨ, ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਦੇ ਉੱਪਰ ਗੋਲਫ ਕਲੱਬ ਨਾਲ ਗੰਭੀਰ ਹਮਲਾ ਕਰ ਦਿੱਤਾ ਅਤੇ ਉਹ ਹੁਣ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਐੱਲ.ਏ.ਪੀ.ਡੀ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲਸ ਨੂੰ ਇਸ ਹਮਲੇ ਦੇ ਪਿੱਛੇ ਉਸ ਦੀ ਮਨਸ਼ਾ ਦਾ ਖੁਲਾਸਾ ਕਰਨਾ ਚਾਹੀਦਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ) ਦੇ ਸਾਲ 2024 ਦੀ ਨਫ਼ਰਤੀ ਅਪਰਾਧ ਦੀ ਰਿਪੋਰਟ ਮੁਤਾਬਕ ਭਾਵੇਂ ਕਿ ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤੀ ਹਮਲਿਆਂ ਵਿੱਚ ਕੁਝ ਕਮੀ ਆਈ ਹੈ ਪਰ ਸਿੱਖ ਤੀਜੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਧਾਰਮਿਕ ਸਮੂਹ ਵਿੱਚ ਦਰਜ ਕੀਤੇ ਗਏ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਐੱਫ.ਬੀ.ਆਈ ਦੀ ਰਿਪੋਰਟ ਮੁਤਾਬਕ ਸਾਲ 2024 ਵਿੱਚ ਸਿੱਖਾਂ ਵਿਰੁੱਧ 153 ਨਫ਼ਰਤੀ ਹਮਲੇ ਦਰਜ ਕੀਤੇ ਗਏ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਇਨ੍ਹਾਂ ਨਫ਼ਰਤੀ ਹਮਲਿਆਂ ਨੂੰ ਰੋਕਣ ਲਈ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਵੀ ਸਾਂਝੇ ਯਤਨਾਂ ਨਾਲ ਸਿੱਖ ਪਛਾਣ ਬਾਰੇ ਜਾਗਰੂਕਤਾ ਲਿਆਉਣ ਦੀ ਲੋੜ ਹੈ। 

ਉਨ੍ਹਾਂ ਅਮਰੀਕਾ ਸਥਿਤ ਸਿੱਖ ਜਥੇਬੰਦੀਆਂ ਨੂੰ ਤਾਕੀਦ ਕੀਤੀ ਕਿ ਉਹ ਅਮਰੀਕੀ ਲੋਕਾਂ ਵਿੱਚ ਸਿੱਖ ਪਛਾਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਯਤਨ ਕਰਨ ਅਤੇ ਜੇਕਰ ਕੋਈ ਪਰੇਸ਼ਾਨੀ ਹੈ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵੱਸਦੇ ਸਿੱਖ ਅਜਿਹੇ ਮਾਮਲਿਆਂ ਵਿਰੁੱਧ ਇਕਜੁੱਟ ਹੋ ਕੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਕੋਲ ਅਵਾਜ਼ ਉਠਾਉਣ ਅਤੇ ਲੋੜ ਅਨੁਸਾਰ ਆਪਣੇ ਰਿਹਾਇਸ਼ੀ ਇਲਾਕਿਆਂ ਵਿੱਚ ਵੱਧ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਨ। ਜਥੇਦਾਰ ਗੜਗੱਜ ਨੇ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਸਿੱਖਾਂ ਨੂੰ ਤਿਆਰ ਬਰ ਤਿਆਰ ਅਤੇ ਸ਼ਸਤਰਧਾਰੀ ਹੋਣ ਲਈ ਵੀ ਆਖਿਆ ਤਾਂ ਜੋ ਅਜਿਹੀ ਸਥਿਤੀ ਵਿੱਚ ਹਮਲਾਵਰ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਜ਼ੁਰਗਾਂ ਨੂੰ ਇਕੱਲੇ ਬਾਹਰ ਭੇਜਣ ਤੋਂ ਗੁਰੇਜ਼ ਕੀਤੀ ਜਾਵੇ ਅਤੇ ਸੈਰ ਕਰਨ ਲਈ ਉਨ੍ਹਾਂ ਥਾਵਾਂ ਜਾਂ ਪਾਰਕਾਂ ਵਿੱਚ ਜਾਇਆ ਜਾਵੇ, ਜਿੱਥੇ ਹੋਰ ਵੀ ਲੋਕ ਮੌਜੂਦ ਹੋਣ।

ਇਹ ਵੀ ਪੜ੍ਹੋ : ਸਪਾਈਸਜੈੱਟ ਨੇ 5 ਬੋਇੰਗ-737 ਜਹਾਜ਼ਾਂ ਲਈ ਸਮਝੌਤੇ ਤੇ ਕੀਤੇ ਹਸਤਾਖਰ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇੱਕ ਸਿੱਖ ਉੱਤੇ ਇਸ ਤਰ੍ਹਾਂ ਦਾ ਹਮਲਾ ਸਮੁੱਚੀ ਕੌਮ ਨੂੰ ਚੁਣੌਤੀ ਦੇਣ ਜਿਹਾ ਹੈ, ਇਸ ਲਈ ਅਜਿਹੇ ਮਾਮਲਿਆਂ ਨੂੰ ਕੌਮੀ ਭਾਵਨਾ ਤੇ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਆਖਿਆ ਕਿ ਉਹ ਅਮਰੀਕਾ ਸਥਿਤ ਆਪਣੇ ਭਾਰਤੀ ਮਿਸ਼ਨ ਰਾਹੀਂ ਇਹ ਯਕੀਨੀ ਬਣਾਉਣ ਕਿ ਹਰਪਾਲ ਸਿੰਘ ਉੱਤੇ ਕੀਤਾ ਗਿਆ ਹਮਲਾ ਨਫ਼ਰਤੀ ਅਪਰਾਧ ਵਜੋਂ ਦਰਜ ਹੋਵੇ ਅਤੇ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਹੋਵੇ।ਉਨਾ ਨੇ ਹਰਪਾਲ ਸਿੰਘ ਦੇ ਪਰਿਵਾਰ ਨੂੰ ਵੀ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ ਅਤੇ ਇਸ ਮਾਮਲੇ ਵਿੱਚ ਹਰ ਪੱਧਰ ਉੱਤੇ ਅਵਾਜ਼ ਉਠਾਈ ਜਾਵੇਗੀ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਦਾਇਤ ਕੀਤੀ ਕਿ  ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਲਿਖਾਪੜ੍ਹੀ ਕਰਕੇ, ਇਹ ਯਕੀਨੀ ਬਣਾਇਆ ਜਾਵੇ ਕਿ ਦੋਸ਼ੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਰਵਾਈ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News