ਫਗਵਾੜਾ ਦੇ ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੀ ਪ੍ਰਵਾਨਗੀ

04/25/2018 3:36:50 AM

ਚੰਡੀਗੜ੍ਹ (ਭੁੱਲਰ) - ਫਗਵਾੜਾ ਵਿਚ ਅੱਜ ਦੋ ਵਰਗਾਂ ਦੌਰਾਨ ਦੁਕਾਨਾਂ ਬੰਦ ਕਰਵਾਉਣ ਦੇ ਮੁੱਦੇ 'ਤੇ ਮੁੜ ਪੈਦਾ ਹੋਏ ਤਣਾਅ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਲਾਲ ਚੌਕ ਦਾ ਨਾਮ ਮੁੜ ਤੋਂ ਸੰਵਿਧਾਨ ਚੌਕ ਰੱਖੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਹਿਮਤੀ ਅੱਜ ਉਨ੍ਹਾਂ ਨੇ ਇਥੇ ਦਲਿਤ ਵਰਗ ਦੇ ਇਕ ਉਚ ਪੱਧਰੀ ਵਫਦ ਨਾਲ ਕੀਤੀ ਮੀਟਿੰਗ 'ਚ ਪ੍ਰਗਟਾਉਣ ਤੋਂ ਬਾਅਦ ਜ਼ਿਲਾ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ 13 ਅਪ੍ਰੈਲ ਨੂੰ ਹੋਏ ਝਗੜੇ ਦੇ ਪੀੜਤ ਵਿਅਕਤੀਆਂ ਨੂੰ ਬਿਹਤਰ ਡਾਕਟਰੀ ਸਹਾਇਤਾ ਸਹੂਲਤਾਂ ਦਿਵਾਉਣ ਦੀ ਵੀ ਹਦਾਇਤ ਦਿੱਤੀ ਹੈ। ਉਨ੍ਹਾਂ ਜ਼ਖਮੀ ਬੌਬੀ ਨਾਂ ਦੇ ਵਿਅਕਤੀ ਦੇ ਇਲਾਜ ਦਾ ਪੂਰਾ ਖਰਚਾ ਚੁੱਕਣ ਦੀ ਵੀ ਗੱਲ ਆਖੀ। ਹਿੰਸਾ ਦੌਰਾਨ ਪੀੜਤ ਹੋਏ ਵਿਅਕਤੀਆਂ ਦੇ ਪਰਿਵਾਰਾਂ ਸਣੇ ਦਲਿਤ ਸਮਾਜ ਦੇ ਇਕ ਵਫ਼ਦ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਫਗਵਾੜਾ ਮਿਊਂਸੀਪਲ ਕਾਰਪੋਰੇਸ਼ਨ ਨੇ ਪਹਿਲਾਂ ਹੀ ਇਸ ਚੌਕ ਦਾ ਮੁੜ ਨਾਮਕਰਨ ਕਰਨ ਲਈ ਇਕ ਮਤਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਸ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖੇ ਜਾਣ 'ਚ ਕੋਈ ਵੀ ਗਲਤ ਗੱਲ ਨਹੀਂ ਹੈ, ਕਿਉਂਕਿ ਸਾਡਾ ਸੰਵਿਧਾਨ ਕਿਸੇ ਖਾਸ ਜਾਤ ਜਾਂ ਨਸਲ ਨਾਲ ਸਬੰਧ ਨਹੀਂ ਰੱਖਦਾ ਅਤੇ ਅਸੀਂ ਸਾਰੇ ਭਾਰਤੀ ਹਾਂ ਅਤੇ ਇਸ ਗੱਲ 'ਤੇ ਸਾਨੂੰ ਮਾਣ ਹੈ। ਮੁੱਖ ਮੰਤਰੀ ਨੇ 13 ਅਪ੍ਰੈਲ ਦੀ ਹਿੰਸਾ ਦੇ ਸਬੰਧ ਵਿਚ ਦੋਸ਼ੀਆਂ ਵਿਰੁੱਧ ਐੱਸ. ਸੀ./ਐੱਸ. ਟੀ. ਅੱਤਿਆਚਾਰ ਰੋਕੂ ਐਕਟ ਦੀਆਂ ਵਿਵਸਥਾਵਾਂ ਹੇਠ ਕਾਰਵਾਈ ਕਰਨ ਦਾ ਪਤਾ ਲਾਉਣ ਲਈ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਹੁਕਮ ਦਿੱਤੇ ਹਨ। ਵਫ਼ਦ ਵਿਚ ਸ਼ਾਮਲ ਮੁੱਖ ਆਗੂਆਂ 'ਚ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਹੁਸ਼ਿਆਰਪੁਰ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਆਦਿ ਸ਼ਾਮਲ ਸਨ।


Related News