ਪੁਲਸ ਦੀ ਢਿੱਲੀ ਕਾਰਵਾਈ ਖਿਲਾਫ ਲੋਕਾਂ ਜਤਾਇਆ ਰੋਸ
Monday, Jun 12, 2017 - 07:50 AM (IST)
ਲੁਧਿਆਣਾ, (ਤਰੁਣ)- ਪੁਲਸ ਦੀ ਢਿੱਲੀ ਕਾਰਵਾਈ ਕਾਰਨ ਚੰਦਰ ਨਗਰ ਛੋਟੀ ਪੁਲੀ ਦੇ ਨੇੜੇ ਪੀੜਤ ਪੱਖ ਸਮੇਤ ਸਮਰਥਕਾਂ ਨੇ ਥਾਣਾ ਡਵੀਜ਼ਨ ਨੰ. 4 ਅਤੇ ਚੌਕੀ ਜਗਤਪੁਰੀ ਦੀ ਪੁਲਸ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਤਿਨ ਗੁਪਤਾ ਨੇ ਦੱਸਿਆ ਕਿ 7 ਜੂਨ ਰਾਤ ਨੂੰ ਚੰਦਰ ਨਗਰ ਇਲਾਕੇ ਸਥਿਤ ਉਸ ਦੀ ਗਲੀ 'ਚ ਪ੍ਰੋਗਰਾਮ ਚੱਲ ਰਿਹਾ ਸੀ। ਦੋਸ਼ੀ ਅਤੇ ਉਸ ਦਾ ਪਰਿਵਾਰ ਪ੍ਰੋਗਰਾਮ 'ਚ ਆਏ, ਜਿੱਥੇ ਦੋਸ਼ੀ ਸ਼ੁਭਮ ਨੇ ਉਸ ਦੀ ਭਾਬੀ 'ਤੇ ਦਾਤਰ ਨਾਲ ਦੋ ਵਾਰ ਕੀਤੇ। ਦੋਸ਼ੀ ਨੇ ਜਿਉਂ ਹੀ ਤੀਜਾ ਵਾਰ ਕਰਨਾ ਚਾਹਿਆ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ, ਜਿਸ ਕਾਰਨ ਉਸ ਦੀ ਭਾਬੀ ਦੀ ਜਾਨ ਬਚ ਗਈ ਪਰ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ 5 ਦਿਨ ਤੋਂ ਉਸ ਦੀ ਭਾਬੀ ਹਸਪਤਾਲ 'ਚ ਭਰਤੀ ਹੈ। ਦੋਸ਼ੀ ਪੱਖ ਦੇ ਲੋਕ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਦੋ ਵਾਰ ਦੋਸ਼ੀ ਪੱਖ ਦੇ ਲੋਕ ਉਸ ਦੇ ਘਰ ਆ ਕੇ ਭੈਣ ਅਤੇ ਮਾਂ ਨੂੰ ਧਮਕਾ ਕੇ ਗਏ ਹਨ। ਉਥੇ ਪੁਲਸ ਨੇ ਮਾਮੂਲੀ ਧਾਰਾ ਲਾ ਕੇ ਇਕ ਦੋਸ਼ੀ ਸ਼ੁਭਮ ਖਿਲਾਫ ਮਾਮਲਾ ਦਰਜ ਕੀਤਾ ਹੈ, ਜਦਕਿ ਇਸ ਘਟਨਾ 'ਚ ਦੋਸ਼ੀ ਸਮੇਤ ਪੂਰਾ ਪਰਿਵਾਰ ਸ਼ਾਮਲ ਸੀ। ਪ੍ਰਦਰਸ਼ਨਕਾਰੀ ਜਤਿਨ ਗੁਪਤਾ, ਪਿੰਕੀ, ਸੰਜੂ, ਬੱਬੂ ਆਦਿ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਇਰਾਦਾ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕਰ ਕੇ ਜਲਦ ਗ੍ਰਿਫਤਾਰ ਕੀਤਾ ਜਾਵੇ। ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸ਼ੁਭਮ ਨੇ ਪੀੜਤ ਮਹਿਲਾ ਸੁਮਨ 'ਤੇ ਹਮਲਾ ਕਰ ਕੇ ਜ਼ਖਮੀ ਕੀਤਾ ਹੈ।
ਡਾਕਟਰਾਂ ਦੀ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਖਿਲਾਫ 323, 324 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜੇਕਰ ਪੀੜਤ 'ਤੇ ਹੋਏ ਹਮਲੇ ਦੀ ਡਾਕਟਰੀ ਰਿਪੋਰਟ 'ਚ ਇਜ਼ਾਫਾ ਹੁੰਦਾ ਹੈ ਤਾਂ ਦੋਸ਼ੀ ਖਿਲਾਫ ਦਰਜ ਕੇਸ 'ਚ ਧਾਰਾਵਾਂ ਦਾ ਵਾਧਾ ਹੋ ਜਾਵੇਗਾ।
