ਨਿਗਮ ਦੀ ਹੱਦ ’ਚ ਸ਼ਾਮਲ ਹੋਏ 12 ਪਿੰਡਾਂ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ

02/21/2023 7:16:14 PM

ਜਲੰਧਰ (ਖੁਰਾਣਾ) : ਲੰਮੇ ਸਮੇਂ ਤੋਂ ਛਾਉਣੀ ਵਿਧਾਨ ਸਭਾ ਹਲਕੇ ਦੀ ਅਗਵਾਈ ਕਰ ਰਹੇ ਪਰਗਟ ਸਿੰਘ ਨੇ 2018 ’ਚ ਛਾਉਣੀ ਇਲਾਕੇ ਦੇ 12 ਪਿੰਡਾਂ ਨੂੰ ਨਿਗਮ ਦੀ ਹੱਦ ’ਚ ਜੋੜਨ ਨਾਲ ਸਬੰਧਤ ਪ੍ਰਸਤਾਵ ਦਿੱਤਾ ਸੀ, ਜਿਸ ’ਤੇ ਲੰਮੀ ਕਾਰਵਾਈ ਚੱਲੀ ਅਤੇ 2020 ਵਿਚ ਇਨ੍ਹਾਂ 12 ਪਿੰਡਾਂ ਨੂੰ ਨਿਗਮ ਦੀ ਹੱਦ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ। ਹੁਣ ਕੁਝ ਹੀ ਮਹੀਨਿਆਂ ਬਾਅਦ ਇਨ੍ਹਾਂ ਸਾਰੇ ਪਿੰਡਾਂ ਦੇ ਇਲਾਕੇ ਨੂੰ ਜਲੰਧਰ ਨਗਰ ਨਿਗਮ ਦੇ ਵਾਰਡਾਂ ’ਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਪੰਚਾਂ-ਸਰਪੰਚਾਂ ਦੀ ਬਜਾਏ ਹੁਣ ਇਨ੍ਹਾਂ ਪਿੰਡਾਂ ਤੋਂ ਬਣੇ ਵਾਰਡਾਂ ਦੀ ਪ੍ਰਤੀਨਿਧਤਾ ਕੌਂਸਲਰ ਕਰਿਆ ਕਰਨਗੇ। ਇਸ ਪ੍ਰਕਿਰਿਆ ਲਈ ਸਾਰੇ ਪਿੰਡਾਂ ਦਾ ਪਾਪੂਲੇਸ਼ਨ ਸਰਵੇ ਪੂਰਾ ਹੋ ਚੁੱਕਾ ਹੈ ਅਤੇ ਵਾਰਡਬੰਦੀ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਸ ਤਰ੍ਹਾਂ ਇਨ੍ਹਾਂ ਪਿੰਡਾਂ ਨੂੰ ਨਿਗਮ ਦੀ ਹੱਦ ਵਿਚ ਸ਼ਾਮਲ ਹੋਇਆਂ 3 ਸਾਲ ਤੋਂ ਵੱਧ ਅਰਸਾ ਬੀਤ ਚੁੱਕਾ ਹੈ। ਉਸ ਹਿਸਾਬ ਨਾਲ ਇਨ੍ਹਾਂ ਨਵੇਂ ਇਲਾਕਿਆਂ ਵਿਚ ਵਿਕਾਸ ਦਾ ਤਾਂ ਨਾਮੋ-ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਪਰ ਹੁਣ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ : ਨਿੱਜੀ ਸਕੂਲਾਂ-ਕਾਲਜਾਂ ਨੂੰ ਨਹੀਂ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ, ਹਦਾਇਤਾਂ ਦੇ ਬਾਵਜੂਦ ਨਹੀਂ ਲਾਏ ਪੰਜਾਬੀ ’ਚ ਲਿਖੇ ਬੋਰਡ

ਹੁਣ ਨਗਰ ਨਿਗਮ ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਤੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਜਾ ਰਿਹਾ ਹੈ ਅਤੇ ਨਾਲ ਹੀ ਵਾਟਰ-ਸੀਵਰੇਜ ਚਾਰਜ ਵੀ ਵਸੂਲੇ ਜਾਣਗੇ। ਇਨ੍ਹਾਂ ਪਿੰਡਾਂ ਵਿਚ ਪੈਂਦੇ ਸਾਰੇ ਦੁਕਾਨਦਾਰਾਂ ਨੂੰ ਹੁਣ ਨਿਗਮ ਤੋਂ ਲਾਇਸੈਂਸ ਲੈਣਾ ਹੋਵੇਗਾ। ਪਹਿਲਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਘਰ, ਦੁਕਾਨ ਆਦਿ ਬਣਾਉਣ ਦੀ ਖੁੱਲ੍ਹੀ ਛੂਟ ਸੀ ਅਤੇ ਉਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਪਰ ਹੁਣ ਨਵੀਂ ਇੱਟ ਲਾਉਂਦੇ ਹੀ ਨਿਗਮ ਅਧਿਕਾਰੀ ਅਤੇ ਕਰਮਚਾਰੀ ਪਹੁੰਚ ਜਾਂਦੇ ਹਨ ਅਤੇ ਨੋਟਿਸ ਫੜਾ ਦਿੰਦੇ ਹਨ। ਪਿੰਡਾਂ ਤੋਂ ਟੈਕਸ ਕੁਲੈਕਸ਼ਨ ਆਸਾਨ ਬਣਾਉਣ ਲਈ ਇਥੇ ਸਾਰੇ ਘਰਾਂ, ਦੁਕਾਨਾਂ ਆਦਿ ਦੇ ਅੱਗੇ ਯੂ. ਆਈ. ਡੀ. ਵਾਲੀਆਂ ਨੰਬਰ ਪਲੇਟਾਂ ਵੀ ਲਾਈਆਂ ਜਾ ਰਹੀਆਂ ਹਨ।

ਨਿਗਮ ਦੀ ਹੱਦ ’ਚ ਸ਼ਾਮਲ ਹੋਏ ਨਵੇਂ ਪਿੰਡ
-ਸੋਫੀ ਪਿੰਡ
-ਖੁਸਰੋਪੁਰ
-ਫੋਲੜੀਵਾਲ
-ਰਹਿਮਾਨਪੁਰ
-ਹੱਲੋਤਾਲੀ

PunjabKesari
-ਅਲੀਪੁਰ
-ਸੰਸਾਰਪੁਰ
-ਧੀਣਾ
-ਨੰਗਲ ਕਰਾਰ ਖਾਂ
-ਖੁਸਰੋਪੁਰ
-ਸੁਭਾਨਾ
-ਖਾਂਬਰਾ

ਇਹ ਵੀ ਪੜ੍ਹੋ : ਕੈਨੇਡਾ ਦੇ ਮੈਂਬਰ ਪਾਰਲੀਮੈਂਟ ਕੈਵਿਨ ਲੈਮਰੂਕਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਨਿਗਮ ਨੇ ਪਿੰਡ ਧੀਣਾ ’ਚ 40 ਅਤੇ ਸੰਸਾਰਪੁਰ ਵਿਚ ਲਗਭਗ 20 ਦੁਕਾਨਾਂ ਦਾ ਕੰਮ ਰੋਕਿਆ, ਨੋਟਿਸ ਜਾਰੀ
ਨਿਗਮ ਦੀ ਹੱਦ ਵਿਚ ਸ਼ਾਮਲ ਹੋਏ ਇਨ੍ਹਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹੁਣ ਮਕਾਨਾਂ, ਦੁਕਾਨਾਂ ਆਦਿ ਦੇ ਨਕਸ਼ੇ ਨਿਗਮ ਕੋਲੋਂ ਪਾਸ ਕਰਵਾਉਣੇ ਹੋਣਗੇ ਅਤੇ ਜ਼ਮੀਨਾਂ ਦੀ ਐੱਨ. ਓ. ਸੀ. ਵੀ ਲੈਣੀ ਹੋਵੇਗੀ, ਜਿਸ ਦੇ ਲਈ ਭਾਰੀ-ਭਰਕਮ ਫੀਸ ਲੱਗੇਗੀ। ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਪਿੰਡ ਧੀਣਾ ਵਿਚ ਸੁਵਿਧਾ ਸੈਂਟਰ ਨੇੜੇ ਬਣ ਰਹੀਆਂ ਲਗਭਗ 40 ਦੁਕਾਨਾਂ ਦੇ ਕੰਮ ਨੂੰ ਰੁਕਵਾਇਆ। ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਦੇਖ-ਰੇਖ ਵਿਚ ਗਈ ਟੀਮ ਨੇ ਉਕਤ ਨਿਰਮਾਣ ਨੂੰ ਨਾਜਾਇਜ਼ ਦੱਸਦਿਆਂ ਨੋਟਿਸ ਜਾਰੀ ਕੀਤੇ। ਇਸ ਤੋਂ ਇਲਾਵਾ ਪਿੰਡ ਸੰਸਾਰਪੁਰ ਵਿਚ ਯਾਦਗਾਰੀ ਗੇਟ ਨੇੜੇ ਨਾਜਾਇਜ਼ ਢੰਗ ਨਾਲ ਬਣ ਰਹੇ ਸ਼ਾਪਿੰਗ ਕੰਪਲੈਕਸ ਦਾ ਕੰਮ ਰੋਕਿਆ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਉਥੇ ਲਗਭਗ 10 ਦੁਕਾਨਾਂ ਪੁਰਾਣੀ ਕੰਧ ਦੀ ਆੜ ਵਿਚ ਬਣਾਈਆਂ ਜਾ ਚੁੱਕੀਆਂ ਹਨ ਅਤੇ 10 ਨਵੀਆਂ ਦੁਕਾਨਾਂ ਦਾ ਨਿਰਮਾਣ ਜਾਰੀ ਸੀ, ਜਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਲੈਣ ਤੋਂ ਇਨਕਾਰ ਕੀਤੇ ਜਾਣ ’ਤੇ ਉਥੇ ਨੋਟਿਸ ਚਿਪਕਾ ਦਿੱਤਾ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਜਾਇਜ਼ ਕੰਮ ਪਿਛਲੇ 8 ਮਹੀਨਿਆਂ ਤੋਂ ਚੱਲ ਰਿਹਾ ਸੀ, ਜਿਸ ਤੋਂ ਸਪੱਸ਼ਟ ਹੈ ਕਿ ਇਸ ਕੰਮ ਵੱਲ ਜਾਂ ਤਾਂ ਬਿਲਡਿੰਗ ਵਿਭਾਗ ਵਿਚ ਰਹੇ ਪੁਰਾਣੇ ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ ਜਾਂ ਇਸ ਕੰਮ ਵਿਚ ਉਨ੍ਹਾਂ ਦੀ ਮਿਲੀਭੁਗਤ ਸੀ।

ਇਹ ਵੀ ਪੜ੍ਹੋ : ਜਿਹੜੀ ਪਾਰਟੀ ਦੇਸ਼ ਨੂੰ ਪਿਆਰ ਕਰਦੀ ਹੈ, ਉਹੀ ਜਿੱਤੇਗੀ 2024 ਦੀਆਂ ਚੋਣਾਂ : ਅਸ਼ਵਨੀ ਸ਼ਰਮਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News