ਹੈਜ਼ਾ ਪੀੜਤ ਮਰੀਜ਼ਾਂ ਦੀ ਗਿਣਤੀ 145 ਤੋਂ ਵਧੀ

Tuesday, Jul 24, 2018 - 03:07 AM (IST)

ਹੈਜ਼ਾ ਪੀੜਤ ਮਰੀਜ਼ਾਂ ਦੀ ਗਿਣਤੀ 145 ਤੋਂ ਵਧੀ

ਹੁਸ਼ਿਆਰਪੁਰ, (ਅਮਰਿੰਦਰ)- ਇਸ  ਨੂੰ ਮਾੜੀ  ਕਿਸਮਤ  ਹੀ  ਕਿਹਾ  ਜਾਵੇਗਾ  ਕਿ  ਦੇਸ਼ ਦੀ  ਆਜ਼ਾਦੀ  ਦੇ  71 ਸਾਲਾਂ ਬਾਅਦ ਵੀ ਲੋਕਾਂ ਨੂੰ  ਪ੍ਰਦੂਸ਼ਿਤ ਪਾਣੀ ਪੀਣ ਕਾਰਨ ਹੈਜ਼ੇ  ਵਰਗੀ  ਬੀਮਾਰੀ  ਦਾ  ਸੰਤਾਪ ਭੋਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ 3 ਦਿਨਾਂ  ਦੌਰਾਨ ਡਾਇਰੀਆ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ   ਜਿੱਥੇ 145 ਤੋਂ ਵੀ ਜ਼ਿਆਦਾ ਹੋ ਗਈ ਹੈ, ਉਥੇ ਹੀ ਅੱਜ  ਸਵੇਰੇ ਸ਼ਹਿਰ ’ਚ 30 ਸਾਲਾ ਅੌਰਤ ਚੀਨਾ ਪਤਨੀ ਸੁਰੇਸ਼ ਕੁਮਾਰ ਵਾਸੀ ਕਮਾਲਪੁਰ ਮੁਹੱਲਾ ਤੇ ਮਿਲਾਪ ਨਗਰ ਦੇ ਰਹਿਣ ਵਾਲੇ ਰਾਮ ਸਿੰਘ ਦੀ ਹੈਜ਼ੇ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਅਤੇ ਨਗਰ ਨਿਗਮ ਸਮੇਤ ਜ਼ਿਲਾ ਪ੍ਰਸ਼ਾਸਨ ਵਿਚ ਭੜਥੂ ਪਿਆ ਹੋਇਆ ਹੈ। ਕਮਾਲਪੁਰ ਮੁਹੱਲੇ ਦੇ ਹੀ ਰਹਿਣ ਵਾਲੇ ਮਾਸੂਮ ਯਾਦਵਿਕ ਤੇ ਸ਼ਾਮ ਸੰੁਦਰ (43) ਦੀ ਵੀ ਮੌਤ ਹੋ ਗਈ ਹੈ ਪਰ   ਉਸ ਦੇ ਸੈਂਪਲ ਨਾ ਲੈਣ ਕਰ ਕੇ ਉਸ ਦੀ ਮੌਤ ਹੈਜ਼ੇ ਨਾਲ ਸ਼ੱਕੀ ਮੌਤ ਦੀ ਸੂਚੀ ਵਿਚ ਹੈ। 
ਚੰਡੀਗੜ੍ਹ ਦੀ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਦੌਰਾ : ਕਮਾਲਪੁਰ ਤੇ ਮਿਲਾਪ ਨਗਰ ਵਿਚ 1-1 ਵਿਅਕਤੀ ਦੀ ਮੌਤ ਹੋ ਜਾਣ ਕਾਰਨ ਉਕਤ ਮੁਹੱਲਿਆਂ ਵਿਚ ਹਾਹਾਕਾਰ ਮਚੀ ਹੋਈ ਹੈ। ਮੀਡੀਆ ’ਚ ‘ਡਾਇਰੀਆ ਦੀ ਲਪੇਟ ’ਚ ਹੁਸ਼ਿਆਰਪੁਰ’ ਖ਼ਬਰ  ਛਪਣ ਤੋਂ ਬਾਅਦ ਅੱਜ ਚੰਡੀਗਡ਼੍ਹ ਤੋਂ ਵੀ ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਸਾਰੇ ਪ੍ਰਭਾਵਿਤ ਡਾਇਰੀਆ ਪ੍ਰਭਾਵਿਤ ਮੁਹੱਲਿਆਂ ਦਾ ਦੌਰਾ ਕੀਤਾ ਅਤੇ ਸਿਵਲ ਸਰਜਨ ਡਾ. ਰੇਣੂ ਸੂਦ ਖੁਦ ਮੈਡੀਕਲ ਟੀਮ ਨਾਲ ਕਮਾਲਪੁਰ, ਲਾਭ ਨਗਰ ਤੇ ਸੁਭਾਸ਼ ਨਗਰ ਦੀਆਂ ਗਲੀਆਂ ’ਚ ਪਹੁੰਚੇ ਅਤੇ ਲੋਕਾਂ ਨੂੰ ਮਿਲ ਕੇ ਸਥਿਤੀ ਦਾ ਜਾਇਜ਼ਾ ਲਿਆ। 
ਪ੍ਰਭਾਵਿਤ ਮੁਹੱਲਿਆਂ ਦੇ ਲੋਕਾਂ ’ਚ 
ਦਹਿਸ਼ਤ : ਹੈਜ਼ੇ ਦੀ ਲਪੇਟ ’ਚ ਆਏ ਕਮਾਲਪੁਰ, ਸੁਭਾਸ਼ ਨਗਰ  ਅਤੇ ਲਾਭ ਨਗਰ ’ਚ 3 ਵਿਅਕਤੀਆਂ ਦੀ ਮੌਤ ਤੋਂ ਬਾਅਦ ਮੁਹੱਲੇ ਦੇ ਲੋਕਾਂ ’ਚ ਦਹਿਸ਼ਤ ਦੇਖ ਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨੂੰ ਕਈ ਥਾਵਾਂ ਤੋਂ ਸਾਫ਼ ਹੋਣ ਲਈ ਖੁੱਲ੍ਹਾ ਛੱਡ ਦਿੱਤਾ ਹੈ ਅਤੇ ਪ੍ਰਭਾਵਿਤ ਇਲਾਕਿਆਂ ’ਚ ਪੀਣ ਵਾਲੇ ਪਾਣੀ ਦੇ ਟੈਂਕਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਿਹਤ ਵਿਭਾਗ ਦੀ ਟੀਮ ਵੀ ਲਗਾਤਾਰ ਘਰ-ਘਰ ਪਹੁੰਚ ਕੇ ਲੋਕਾਂ ਨੂੰ ਓ. ਆਰ. ਐੱਸ. ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਵੰਡ ਰਹੀ ਹੈ। 
ਚੀਨਾ ਦੀ ਮੌਤ ਦੀ ਵਜ੍ਹਾ ਸੀ ਹੈਜ਼ਾ : ਡਾ. ਸ਼ੈਲੇਸ਼ : ਸਿਵਲ ਹਸਪਤਾਲ ’ਚ ਤਾਇਨਾਤ ਐਪੀਡੀਮਾਲੋਜਿਸਟ-ਕਮ-ਨੋਡਲ ਅਫ਼ਸਰ ਡਾ. ਸ਼ੈਲੇਸ਼ ਕੁਮਾਰ ਨੇ ਦੱਸਿਆ ਕਿ ਅੱਜ ਹਸਪਤਾਲ ’ਚ ਮੌਤ ਦਾ ਸ਼ਿਕਾਰ ਹੋਈ ਅੌਰਤ ਚੀਨਾ ਤੇ ਰਾਮ ਸਿੰਘ ਦੀ ਮੌਤ ਹੈਜ਼ੇ ਨਾਲ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਯਾਦਵਿਕ ਦੀ ਮੌਤ  ਸ਼ੱਕੀ ਸੂਚੀ ਵਿਚ ਹੈ। ਸਿਵਲ ਹਸਪਤਾਲ ’ਚ ਹੈਜ਼ਾ ਪੀਡ਼ਤ ਮਰੀਜ਼ਾਂ ਦਾ ਆਉਣਾ ਲਗਾਤਾਰ ਜਾਰੀ ਹੈ ਅਤੇ ਅੱਜ ਸ਼ਾਮ ਤੱਕ ਮਰੀਜ਼ਾਂ ਦੀ ਗਿਣਤੀ 145 ਨੂੰ ਪਾਰ ਕਰ ਚੁੱਕੀ ਹੈ। ਹਸਪਤਾਲ ’ਚ ਭਰਤੀ ਹੋਏ ਮਰੀਜ਼ਾਂ ’ਚੋਂ 54 ਦੇ ਸੈਂਪਲਾਂ ਦੀ ਜਾਂਚ ਹੋਈ ਹੈ, ਜਿਨ੍ਹਾਂ ਵਿਚੋਂ ਸੋਮਵਾਰ ਸ਼ਾਮ ਤੱਕ 18 ਕੇਸ ਪਾਜ਼ੀਟਿਵ ਨਿਕਲੇ ਹਨ। 
ਸਾਵਧਾਨੀ ਹੀ ਹੈ ਹੈਜ਼ੇ ਤੋਂ ਬਚਣ ਦਾ 
ਰਸਤਾ : ਡਾ. ਬੱਗਾ : ਸਿਹਤ ਮਾਹਿਰ ਡਾ. ਅਜੈ ਬੱਗਾ ਨੇ ਕਿਹਾ ਕਿ ਡਾਇਰੀਆ ਤੇ ਹੈਜ਼ੇ ਤੋਂ ਬਚਣ ਲਈ ਸਾਫ਼ ਪਾਣੀ ਤੇ ਸ਼ੁੱਧ ਭੋਜਨ ਹੀ  ਖਾਣਾ ਚਾਹੀਦਾ ਹੈ। ਖਾਸਕਰ ਬਰਸਾਤ ਦੇ ਮੌਸਮ ’ਚ ਪਾਣੀ ਦੀ ਕੁਆਲਿਟੀ ਸ਼ੱਕੀ ਹੋਣ ’ਤੇ ਪਾਣੀ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ। ਮਰੀਜ਼ ਨੂੰ ਉਲਟੀਆਂ-ਦਸਤ ਲੱਗਣ ਦੀ ਸੂਰਤ ’ਚ ਪਹਿਲਾਂ ਓ. ਆਰ. ਐੱਸ. ਦਾ ਘੋਲ ਜਾਂ ਘਰ ’ਚ ਪਾਣੀ ਉਬਾਲਣ ਉਪਰੰਤ ਠੰਡਾ ਹੋਣ ’ਤੇ ਉਸ ਵਿਚ ਲੂਣ, ਖੰਡ ਤੇ ਨਿੰਬੂ ਦਾ ਰਸ ਮਿਲਾ ਕੇ ਦਿੱਤਾ ਜਾਵੇ। ਹੈਜ਼ਾ ਅੰਤਡ਼ੀਆਂ ’ਚ ਇਨਫੈਕਸ਼ਨ ਨਾਲ ਹੋਣ ਵਾਲੀ ਗੰਭੀਰ ਬੀਮਾਰੀ ਹੈ। 
 


Related News