ਸਫਲ ਖਿਡਾਰੀਆਂ ਦੀ ਸਫ਼ਲਤਾ ਪਿੱਛੇ ਲੁਕਿਆ ਦਰਦ

08/29/2020 4:03:37 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ...ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਦਸਵੀਂ ਕੜੀ।

ਪ੍ਰੇਰਕ ਪ੍ਰਸੰਗ – 10

ਰਾਸ਼ਟਰੀ ਖੇਡ ਦਿਹਾੜੇ ’ਤੇ ਵਿਸ਼ੇਸ਼

ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਜ਼ਿੰਦਗੀ 'ਚ ਔਕੜਾਂ ਇਸ ਤਰ੍ਹਾਂ ਦੀਆਂ ਆਉਣ ਲੱਗ ਜਾਂਦੀਆਂ ਹਨ ਕਿ ਵਿਅਕਤੀ ਦਾ ਮਨੋਬਲ ਡਿੱਗਣ ਲੱਗਦਾ ਹੈ। ਅਜਿਹਾ ਵੀ ਲੱਗਣਾ ਲੱਗਦਾ ਹੈ ਕਿ ਔਕੜਾਂ ਵਲੋਂ ਰਾਹ ਰੋਕ ਲਏ ਜਾਣ ਅਤੇ ਹੁਣ ਅੱਗੇ ਵਧਣਾ ਸੰਭਵ ਨਹੀਂ ਹੋ ਸਕੇਗਾ। ਅਸੀਂ ਭੁੱਲ ਜਾਂਦੇ ਹਾਂ ਕਿ ਹਰ ਪੱਤਝੜ ਤੋਂ ਬਾਅਦ ਬਸੰਤ ਜ਼ਰੂਰ ਆਉਂਦੀ ਹੈ, ਹਰ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ। ਢਹਿੰਦੀ ਕਲਾ 'ਚ ਰਹਿਣ ਨਾਲ ਕੁਝ ਹਾਸਲ ਨਹੀਂ ਹੁੰਦਾ। ਇਸ ਲਈ ਔਖੇ ਵੇਲੇ ਕਿਸੇ ਪ੍ਰੇਰਣਾਦਾਇਕ ਕਹਾਣੀ, ਵਿਅਕਤੀ ਜਾਂ ਜੀਵਨੀ 'ਤੇ ਟੇਕ ਰੱਖਣੀ ਵਧੀਆ ਰਹਿੰਦੀ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਸਾਡਾ ਕੋਈ ਵੀ ਪਾਠਕ ਮਾੜੇ ਦੌਰ 'ਚੋਂ ਨਾ ਗੁਜ਼ਰ ਰਿਹਾ ਹੋਵੇ। ਹਾਂ, ਇਹ ਉਮੀਦ ਜ਼ਰੂਰ ਕਰਦੇ ਹਾਂ ਕਿ ਸਾਡੇ ਪਾਠਕ ਨਿਰਾਸ਼ ਸਮਿਆਂ 'ਚੋਂ ਲੰਘ ਰਹੇ ਕਿਸੇ ਵੀ ਵਿਅਕਤੀ ਦੇ ਕੰਮ ਆ ਕੇ ਉਸ ਨੂੰ ਪ੍ਰੇਰਣ ਦੇ ਕਾਬਲ ਜ਼ਰੂਰ ਹੋਣ। ਕੁਝ ਖਿਡਾਰੀਆਂ ਦੇ ਪ੍ਰੇਰਣਾਦਾਇਕ ਕਿੱਸੇ ਜੋ ਕਿਸੇ ਨੂੰ ਵੀ ਨਿਰਾਸ਼ਾ ਦੇ ਆਲਮ ਵਿੱਚੋਂ ਕੱਢਣ ਲਈ ਸਹਾਈ ਹੋ ਸਕਦੇ ਹਨ, ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

2012 ਦੀਆਂ ਲੰਡਨ ਓਲੰਪਿਕ ਖੇਡਾਂ 'ਚ ਭਾਰਤ ਨੂੰ ਕਾਂਸੇ ਦਾ ਤਗ਼ਮਾ ਦਿਵਾਉਣ ਵਾਲੀ ਮੈਰੀ ਕੌਮ ਨਿਰੇ ਕੱਚੇ ਘਰ 'ਚ ਪਲ ਕੇ ਵੱਡੀ ਹੋਈ। ਗ਼ਰੀਬੀ ਐਨੀ ਸੀ ਕਿ ਕਈ ਵਾਰੀ ਭੁੱਖੇ ਪੇਟ ਰਹਿਣਾ ਪੈਂਦਾ। ਹਾਰ ਨਾ ਮੰਨਣ ਦੀ ਉਸ ਦੀ ਜ਼ਿੱਦ ਦਾ ਨਤੀਜਾ ਅਤੇ ਹੁਣ ਉਸ ਦੀ ਪ੍ਰਸਿੱਧੀ ਦੇਖ ਲਓ। ਇਸ ਗ਼ਰੀਬ ਔਰਤ 'ਤੇ ਤਾਂ ਹੁਣ ਫਿਲਮ ਵੀ ਬਣ ਚੁੱਕੀ ਹੈ। ਧਨਰਾਜ ਪਿੱਲੇ, ਜੋ ਹਾਕੀ ਦੀ ਖੇਡ 'ਚ ਅੱਜ ਸਥਾਪਤ ਨਾਂ ਹੈ, ਨੇ ਸ਼ੁਰੂ 'ਚ ਐਨੀ ਤੰਗੀ ਝੱਲੀ ਕਿ ਅਭਿਆਸ ਕਰਨ ਲਈ ਇੱਕ ਹਾਕੀ ਤੱਕ ਨਹੀਂ ਸੀ ਜੁੜਦੀ ਹੁੰਦੀ। ਅਭਿਆਸ ਕਰਨ ਲਈ ਉਹ ਦੂਜੇ ਖਿਡਾਰੀਆਂ ਦੀਆਂ ਟੁੱਟੀਆਂ ਹੋਈਆਂ ਹਾਕੀਆਂ ਵਰਤ ਕੇ ਗੁਜ਼ਾਰਾ ਕਰਦਾ ਹੁੰਦਾ ਸੀ। ਸ਼ੂਟਰ ਗਗਨ ਨਾਰੰਗ ਵੀ ਅਤਿ ਗ਼ਰੀਬ ਪਰਿਵਾਰ 'ਚ ਜੰਮਿਆ-ਪਲਿਆ। ਬੜੇ ਸੰਘਰਸ਼ ਕੀਤੇ, ਬੜੇ ਇਨਾਮ ਜਿੱਤੇ। ਤਾਂ ਕਿਤੇ ਜਾ ਕੇ 2004 ਦੀਆਂ ਓਲੰਪਿਕ ਖੇਡਾਂ ਵਿੱਚ ਚੁਣਿਆ ਗਿਆ ਪਰ ਬਦਕਿਸਮਤੀ ਕਹੋ ਜਾਂ ਕੁਝ ਹੋਰ - ਬਹੁਤ ਥੋੜ੍ਹੇ ਅੰਤਰ ਨਾਲ ਤਗ਼ਮੇ ਖੁਣੋ ਰਹਿ ਗਿਆ।

ਐਨਾ ਹੀ ਨਹੀਂ 2008 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਇਹੀ ਭਾਣਾ ਵਰਤਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਵਾਪਸ ਆ ਕੇ ਆਪਣੀ ਬੰਦੂਕ ਨੂੰ ਹੱਥ ਲਾਉਣ ਤੋਂ ਵੀ ਕੰਨੀ ਕਤਰਾਉਣ ਲੱਗਾ। ਮਾਪਿਆਂ ਅਤੇ ਕੋਚ ਦੀ ਪ੍ਰੇਰਣਾ ਸਦਕਾ ਮੁੜ ਹੰਭਲਾ ਮਾਰਿਆ। ਅੰਤ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਕਾਂਸੇ ਦਾ ਤਗ਼ਮਾ ਦਿਵਾ ਕੇ ਹੀ ਦਮ ਲਿਆ। ਐਨਾ ਹੀ ਨਹੀਂ, ਇਨ੍ਹਾਂ ਓਲੰਪਿਕ ਖੇਡਾਂ 'ਚ ਭਾਰਤ ਨੂੰ ਮਿਲਣ ਵਾਲਾ ਇਹ ਪਹਿਲਾ ਤਗ਼ਮਾ ਸੀ ਜਿਸ ਨਾਲ ਭਾਰਤੀ ਖਿਡਾਰੀਆਂ ਦਾ ਹੌਂਸਲਾ ਵਧਿਆ ਅਤੇ ਉਨ੍ਹਾਂ ਨੇ ਪੰਜ ਹੋਰ ਤਗ਼ਮੇ ਜਿੱਤ ਕੇ ਇਤਿਹਾਸ ਰਚਿਆ। ਕਾਮਨਵੈਲਥ ਖੇਡਾਂ 'ਚ ਅਥਲੈਟਿਕਸ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਕ੍ਰਿਸ਼ਨਾ ਪੂਨੀਆ ਨੇ ਵੀ ਅੰਤਾਂ ਦੇ ਮਾੜੇ ਦਿਨ ਦੇਖੇ ਹਨ। ਅਭਿਆਸ ਕਰਨ ਲਈ ਪੱਲੇ ਕੁਝ ਨਾ ਹੋਣ ਕਾਰਨ ਉਹ ਮੱਝਾਂ ਦੀਆਂ ਧਾਰਾਂ ਕੱਢ ਕੇ ਡੌਲੇ ਬਨਾਉਂਦੀ।

ਇਸੇ ਤਰ੍ਹਾਂ ਸਾਇਨਾ ਨੇਹਵਾਲ ਭਾਵੇਂ ਅੱਜ ਦੁਨੀਆ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਹੈ ਪਰ ਚੋਟੀ ਤੱਕ ਉਹ ਵੀ ਕੋਈ ਐਦਾਂ ਹੀ ਨਹੀਂ ਅੱਪੜੀ। ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਸਭ ਤੋਂ ਛੋਟੀ ਉਮਰ ਦੇ ਕਪਤਾਨ ਬਣਨ ਦਾ ਮਾਣ ਹਾਸਲ ਕਰਨ ਵਾਲਾ ਸਰਦਾਰਾ ਸਿੰਘ, ਜੋ ਅੱਜ ਦੋ-ਦੋ ਮਰਸਿਡੀਜ਼ ਬੈਂਜ਼ ਦੇ ਨਾਲ ਜਗੁਆਰ ਰੇਂਜ ਰੋਵਰ ਵੀ ਰੱਖਦਾ ਹੈ, ਦਾ ਬਚਪਨ ਵੀ ਕੋਈ ਘੱਟ ਕਸ਼ਟਕਾਰੀ ਨਹੀਂ ਰਿਹਾ। ਪਿਤਾ ਇੱਕ ਸਧਾਰਨ ਆਰ.ਐਂਪ.ਪੀ. ਹੋਣ ਕਾਰਨ ਆਮਦਨ ਐਨੀ ਘੱਟ ਸੀ ਕਿ ਟੱਬਰ ਦਾ ਗੁਜ਼ਾਰਾ ਬਹੁਤ ਔਖ ਨਾਲ ਚੱਲਦਾ ਸੀ। ਕਿਹਾ ਜਾਂਦਾ ਹੈ ਕਿ 12 ਸਾਲ ਦੀ ਉਮਰੇ ਜਦੋਂ ਉਸ ਨੇ ਸਪੋਰਟਸ ਸ਼ੂਜ਼ ਖਰੀਦਣ ਲਈ ਆਪਣੀ ਮਾਂ ਕੋਲੋਂ ਇੱਕ ਹਜ਼ਾਰ ਰੁਪਏ ਮੰਗੇ ਤਾਂ ਮਾਂ ਸਾਰਾ ਦਿਨ ਇਹੀ ਸਮਝਾਉਂਦੀ ਰਹੀ ਕਿ ਉਹ ਇਹ ਖੇਡ ਛੱਡ ਦੇਵੇ ਕਿਉਂਕਿ ਇਹ ਉਨ੍ਹਾਂ ਦੇ ਵੱਸੋਂ ਬਾਹਰ ਹੈ। ਉਸ ਦੀ ਲਗਨ ਕਾਰਨ ਖੇਡਣ ਦਾ ਪ੍ਰਬੰਧ ਸਬੱਬ ਨਾਲ ਹੀ ਬਣਿਆ।

'ਉੱਡਣੇ ਸਿੱਖ' ਮਿਲਖਾ ਸਿੰਘ ਦੀ ਜੀਵਨ ਗਾਥਾ ਤਾਂ ਰੌਂਗਟੇ ਖੜ੍ਹੇ ਕਰਨ ਵਾਲੀ ਹੈ। 1947 ਦੇ ਦੰਗਿਆਂ ਵੇਲੇ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਮਾਪਿਆਂ ਅਤੇ ਭੈਣ-ਭਰਾਵਾਂ ਦੇ ਕਤਲ ਹੁੰਦੇ ਵੇਖੇ। ਬਚਪਣ ਬਹੁਤ ਗੁਰਬਤ 'ਚ ਬੀਤਿਆ। ਅੱਜ ਚੰਡੀਗੜ੍ਹ ਸਥਿੱਤ ਆਲੀਸ਼ਾਨ ਕੋਠੀ 'ਚ ਵਸਦੇ ਨੂੰ ਦੇਖ ਕੇ ਉਸ ਦਾ ਅਜੋਕਾ ਜੀਵਨ ਖੁਸ਼ਹਾਲ ਲੱਗਦਾ ਹੈ ਪਰ ਇਸ ਪਿੱਛੇ ਲੁਕੀ ਉਸ ਦੀ ਮਿਹਨਤ, ਲਗਨ ਅਤੇ ਤਿਆਰੀ ਬਾਰੇ ਜਾਣੇ ਬਿਨਾ ਉਸ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਨਾ ਬਹੁਤ ਅਧੂਰੀ ਗੱਲ ਹੋਵੇਗੀ।

ਇਸੇ ਤਰ੍ਹਾਂ 10 ਸਾਲ ਦੀ ਬਾਲ ਉਮਰੇ ਜੂਨੀਅਰ ਵਿਸ਼ਵ ਗੋਲਫ ਚੈਂਪੀਅਨਸ਼ਿੱਪ ਖਿਤਾਬ ਜਿੱਤਣ ਵਾਲਾ ਹਰਿਆਣਾ ਦਾ ਸ਼ੁਭਮ ਜਗਲਾਨ ਅਤਿ ਸਧਾਰਨ ਪਰਿਵਾਰ ਵਿੱਚ ਜੰਮਿਆ ਪਲਿਆ। ਪਿਤਾ ਇੱਕ ਸਧਾਰਨ ਦੋਧੀ ਸੀ, ਬਿਨਾ ਕਿਸੇ ਪੜ੍ਹਾਈ ਲਿਖਾਈ ਦੇ। ਫਿਰ ਵੀ ਸ਼ੁਭਮ ਨੇ ਅਮੀਰਾਂ ਦਾ ਖੇਤਰ ਸਮਝੀ ਜਾਂਦੀ ਇਸ ਖੇਡ ਵਿੱਚ ਲੋਹਾ ਮਨਵਾਇਆ। ਇਸ ਸਭ ਪਿੱਛੇ ਛੁਪੀ ਉਸ ਦੀ ਮਿਹਨਤ ਤੇ ਲਗਨ ਦੀ ਕਹਾਣੀ ਅੱਜ ਦੇ ਨੌਜਵਾਨਾਂ ਲਈ ਅਸਲ 'ਚ ਪ੍ਰੇਰਣਾਸ੍ਰੋਤ ਹੈ। ਓਲੰਪਿਕ ਖੇਡਾਂ ਵਿੱਚ ਅਜ਼ਾਦ ਭਾਰਤ ਨੂੰ ਵਿਅਕਤੀਗਤ ਪੱਧਰ 'ਤੇ ਦੋ ਤਗ਼ਮੇ ਦਿਵਾਉਣ ਵਾਲਾ ਇਕਲੌਤਾ ਖਿਡਾਰੀ ਸੁਸ਼ੀਲ ਕੁਮਾਰ, ਜਿਸ ਨੂੰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲ ਚੁੱਕਾ ਹੈ, ਇੱਕ ਸਾਦੇ ਜਿਹੇ ਪਰਿਵਾਰ ਵਿੱਚ ਜੰਮਿਆ ਪਲਿਆ। ਮਾਤਾ ਘਰੇਲੂ ਗ੍ਰਹਿਣੀ, ਪਿਤਾ ਬਸ ਡਰਾਇਵਰ। ਭਲਵਾਨੀ-ਪਿਛੋਕੜ ਹੋਣ ਕਾਰਨ ਕੁਸ਼ਤੀਆਂ ਦਾ ਸ਼ੌਕ ਸੀ ਪਰ ਮੁਢਲੀ ਸਿਖਲਾਈ ਪੇਂਡੂ ਅਖਾੜਿਆਂ ਵਿੱਚ ਹੀ ਹੋਈ।

ਪੂਰੀ ਤਰ੍ਹਾਂ ਸ਼ਾਕਾਹਾਰੀ ਰਹਿ ਕੇ ਅੰਤਰਰਾਸ਼ਟਰੀ ਪੱਧਰ ਦੀ ਭਲਵਾਨੀ ਕਰਨੀ ਕੋਈ ਸੌਖਾ ਕੰਮ ਨਹੀਂ ਹੁੰਦਾ ਪਰ ਸੁਸ਼ੀਲ ਨੇ ਆਪਣੀ ਮਿਹਨਤ, ਲਗਨ ਅਤੇ ਸਿਰੜ ਆਸਰੇ ਸਾਰੀਆਂ ਦੁਸ਼ਵਾਰੀਆਂ ਉੱਤੇ ਫਤਿਹ ਪਾਈ। ਪਰਿਵਾਰਕ ਪਿਛੋਕੜ ਐਨਾ ਸਧਾਰਨ ਹੈ ਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਖਿਡਾਰੀ ਸਮਾਰਟ ਮੋਬਾਇਲ ਫੋਨ ਵੀ ਰੱਖਣਾ ਪਸੰਦ ਨਹੀਂ ਕਰਦਾ। 1966 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਜਦੋਂ ਭਾਰਤ ਨੂੰ 44 ਸਾਲਾਂ ਬਾਅਦ ਪਹਿਲਾ ਵਿਅਕਤੀਗਤ ਓਲੰਪਿਕ ਤਗ਼ਮਾ ਮਿਲਿਆ ਤਾਂ ਲਿਐਂਡਰ ਪੇਸ ਨੂੰ ਬਹੁਤ ਪ੍ਰਸ਼ੰਸਾ ਮਿਲੀ।

ਤੁਹਾਨੂੰ ਸਭ ਨੂੰ ਵੀ ਬਹੁਤ ਖੁਸ਼ੀ ਹੋਈ ਹੋਵੇਗੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਵਾਲਾ ਤਗ਼ਮਾ ਜੇਤੂ ਮੈਚ ਜਿੱਤਣ ਤੋਂ ਪਹਿਲਾਂ ਪੇਸ ਸੈਮੀ ਫਾਇਨਲ ਹਾਰਿਆ। ਐਨਾਂ ਹੀ ਨਹੀਂ, ਹਾਰ ਵਾਲੇ ਉਸ ਮੈਚ 'ਚ ਉਸ ਦੇ ਗੁੱਟ ਦੇ ਟੰਡਣ (ਤੰਤੂ) ਟੁੱਟ ਗਏ ਸਨ। ਸੱਠ ਫੀਸਦੀ ਟੁੱਟੇ ਹੋਏ ਗੁੱਟ ਅਤੇ ਹਾਰ ਝੱਲ ਚੁੱਕੇ ਮਨ ਨਾਲ ਪੇਸ ਜਦੋਂ ਖੇਡ ਰਿਹਾ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਨੂੰ 44 ਸਾਲਾਂ ਬਾਅਦ ਵਿਅਕਤੀਗਤ ਓਲੰਪਿਕ ਤਗ਼ਮਾ ਮਿਲ ਸਕੇਗਾ ਪਰ ਪੇਸ ਨੇ ਨਕਾਰਾਤਮਕਤਾ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਪੂਰੀ ਜਿੰਦ-ਜਾਨ ਲਗਾਈ ਅਤੇ ਰਿਕਾਰਡ ਸਿਰਜ ਕੇ ਦਿਖਾ ਦਿੱਤਾ। 

ਬਹੁਤੀ ਵਾਰੀ ਸਾਡੀ ਸਮੱਸਿਆ ਅਸਲ 'ਚ ਇਹ ਹੁੰਦੀ ਹੈ ਕਿ ਅਸੀਂ ਕਾਮਯਾਬ ਵਿਅਕਤੀ ਦੁਆਰਾ ਕੀਤੀ ਜਾ ਰਹੀ ਕਮਾਈ ਜਾਂ ਐਸ਼ੌ-ਅਰਾਮ ਤਾਂ ਦੇਖਦੇ ਹਾਂ ਪਰ ਉਸ ਨੇ ਉਸ ਮੁਕਾਮ ਤੱਕ ਅੱਪੜਣ ਲਈ ਕੀ-ਕੀ ਪਾਪੜ ਵੇਲੇ - ਇਹ ਬਹੁਤ ਘੱਟ ਦੇਖਦੇ ਹਾਂ। ਜੇ ਕਿਤੇ ਦੇਖ ਵੀ ਲਈਏ ਤਾਂ ਉਸ ਤੋਂ ਪ੍ਰੇਰਣਾ ਲੈਣ ਦੀ ਥਾਂ ਅਤੇ ਉਸ ਵਾਲੇ ਸੰਘਰਸ਼ ਨੂੰ ਗਲੇ ਲਾਉਣ ਦੀ ਤਿਆਰੀ ਕੀਤੇ ਬਿਨਾਂ ਉਸ ਦਾ ਅੱਜ ਵਾਲਾ ਸਟੇਟੱਸ ਪਾਉਣਾ ਚਾਹੁੰਦੇ ਹਾਂ। ਨੌਜਵਾਨਾਂ ਦੀ ਇਹੀ ਵਿੱਥਿਆ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੋੜ ਕੇ ਨਸ਼ਿਆਂ, ਲੁੱਟਾਂ-ਖੋਹਾਂ ਜਾਂ ਹੋਰ ਮਾੜੇ ਚਲਣ ਵੱਲ ਧੱਕ ਦਿੰਦੀ ਹੈ। ਕੱਲ੍ਹ ਨੂੰ ਜਦੋਂ ਮੁਲਕ ਰਾਸ਼ਟਰੀ ਖੇਡ ਦਿਵਸ ਮਨਾ ਰਿਹਾ ਹੋਵੇਗਾ ਤਾਂ ਇਨ੍ਹਾਂ ਅਤੇ ਇਨ੍ਹਾਂ ਵਰਗੇ ਹੋਰ ਖਿਡਾਰੀਆਂ ਦੁਆਰਾ ਸਫਲਤਾ ਦੇ ਮੁਕਾਮ ਤੱਕ ਅੱਪੜਣ ਲਈ ਕੀਤੇ ਗਏ ਸੰਘਰਸ਼ਾਂ ਨੂੰ ਯਾਦ ਕਰਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਵੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅੱਗੇ ਗੋਡੇ ਨਹੀਂ ਟੇਕਾਂਗੇ ਅਤੇ ਆਖਰੀ ਸਾਹ ਤੱਕ ਮੁਸ਼ਕਲਾਂ ਨਾਲ ਖੁਸ਼ੀ-ਖੁਸ਼ੀ ਲੜਦੇ ਹੋਏ ਅੱਗੇ ਵਧਾਂਗੇ;  ਅਜਿਹੇ ਕਾਰਨਾਮੇ ਕਰਾਂਗੇ ਕਿ ਸਾਡਾ ਪਰਿਵਾਰ, ਖਾਨਦਾਨ, ਪਿੰਡ/ਸ਼ਹਿਰ, ਸੂਬਾ ਜਾਂ ਦੇਸ਼ ਸਾਡੇ 'ਤੇ ਮਾਣ ਕਰੇਗਾ।

PunjabKesari
ਡਾ. ਸੁਰਿੰਦਰ ਕੁਮਾਰ ਜਿੰਦਲ 
ਮੋਹਾਲੀ
ਮੋ. 98761-35823 

 


Anuradha

Content Editor

Related News