ਨਗਰ ਕੌਂਸਲ ਚੋਣਾਂ ’ਚ ਜਿੱਤੇ ਪੰਜਾਬ ਦੇ ਇਕਲੌਤੇ ਮਹੰਤ
Thursday, Feb 18, 2021 - 12:28 AM (IST)
ਮਾਨਸਾ, (ਸੰਦੀਪ ਮਿੱਤਲ)- ਸ਼ਹਿਰ ਦੇ ਵਾਰਡ ਨੰ. 27 ਤੋਂ ਕਾਂਗਰਸ ਪਾਰਟੀ ਦੇ ਸੰਦੀਪ ਮਹੰਤ ਨੇ ਚੋਣ ਜਿੱਤੀ ਹੈ। ਉਹ ਸੂਬੇ ਭਰ ’ਚੋਂ ਨਗਰ ਕੌਂਸਲ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਵਾਲੇ ਇਕਲੋਤੇ ਕਿੰਨਰ ਹਨ। ਸੂਬੇ ਭਰ ’ਚੋਂ ਕਿੰਨਰਾਂ ਦੀ ਨਗਰ ਕੌਂਸਲ ਚੋਣਾਂ ’ਚ ਸੰਦੀਪ ਮਹੰਤ ਦੀ ਚੋਣ ਹੋਈ ਹੈ। ਇਸ ਸਬੰਧੀ ਕਾਂਗਰਸ ਪਾਰਟੀ ਨੇ ਵਾਰਡ ਨੰ. 27 ਤੋਂ ਟਿਕਟ ਉਮੀਦਵਾਰ ਬਣਾਇਆ ਸੀ। ਇਸ ਵਾਰਡ ’ਚ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੁਖਚੈਨ ਸਿੰਘ ਨਾਲ ਸੀ। ਉਨ੍ਹਾਂ ਦੀ ਜਿੱਤ ਅਤੇ ਕਿੰਨਰ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਨਗਰ ਕੌਂਸਲ ਮਾਨਸਾ ਦੇ ਸੰਭਾਵੀ ਪ੍ਰਧਾਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦਾ ਸੰਕੇਤ ਕਾਂਗਰਸ ਪਾਰਟੀ ਦੇ ਨੇਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦਿੱਤਾ।
ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਇਸ ਵਾਰਡ ਤੋਂ ਸੰਦੀਪ ਮਹੰਤ ਨੇ ਟਿਕਟ ਮੰਗੀ ਸੀ। ਉਨ੍ਹਾਂ ਨੇ ਇਸ ਵਾਰਡ ਤੋਂ ਜਿੱਤ ਹਾਸਲ ਕਰ ਕੇ ਕਿੰਨਰ ਵਰਗ ਦਾ ਮਾਣ ਸਨਮਾਨ ਅਤੇ ਰੁਤਬਾ ਵਧਾਇਆ ਹੈ। ਦੱਸਿਆ ਗਿਆ ਹੈ ਕਿ ਉਹ ਨਗਰ ਕੌਂਸਲ ਚੋਣਾਂ ਜਿੱਤਣ ਵਾਲੇ ਸੂਬੇ ਦੇ ਇਕਲੌਤੇ ਮਹੰਤ ਹਨ। ਉਨ੍ਹਾਂ ਵਲੋਂ ਆਮ ਤੌਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਸਨ ਪਰ ਅੱਜ ਉਨ੍ਹਾਂ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਵਾਲੇ ਉਹ ਸੂਬੇ ਦੇ ਇਕਲੌਤੇ ਮਹੰਤ ਹਨ ਅਤੇ ਉਨ੍ਹਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨਗੀ ਦਾ ਦਾਅਵੇਦਾਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਹਾਈ-ਕਮਾਂਡ ਲਵੇਗੀ ਅਤੇ ਦੇਖਿਆ ਜਾਵੇਗਾ ਕਿ ਇਸ ਸਬੰਧੀ ਨਗਰ ਕੋਂਸਲ ਮਾਨਸਾ ਦੀ ਪ੍ਰਧਾਨਗੀ ਕਿਹੜੇ ਵਰਗ ਨੂੰ ਰਾਖਵੀ ਹੁੰਦੀ ਹੈ। ਸੰਦੀਪ ਮਹੰਤ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਸੇਵਾਦਾਰ ਬਣ ਕੇ ਇਸ ਵਾਰਡ ਦੀ ਸੇਵਾ ਕਰਨਗੇ ਅਤੇ ਉਨ੍ਹਾਂ ਨੂੰ ਲੋਕਾਂ ਅਤੇ ਕਾਂਗਰਸ ਪਾਰਟੀ ਨੇ ਜੋ ਮਾਣ-ਸਨਮਾਨ ਬਖਸਿਆ ਹੈ। ਉਹ ਇਸ ਦੇ ਰਿਣੀ ਰਹਿਣਗੇ।