ਖ਼ੁਦ ਨੂੰ ਬਾਬਾ ਕਹਾਉਣ ਵਾਲੇ ਦਾ ਕਾਰਾ ਜਾਣ ਹੋਵੋਗੇ ਹੈਰਾਨ, ਅੰਮ੍ਰਿਤਸਰ ਪੁਲਸ ਨੂੰ ਹੈ ਵਾਂਟੇਡ
Wednesday, May 22, 2024 - 03:45 PM (IST)
ਜਲੰਧਰ (ਜ.ਬ.)- ਖ਼ੁਦ ਨੂੰ ਬਾਬਾ ਕਹਾਉਣ ਵਾਲੇ ਇਕ ਫਰਜ਼ੀ ਟ੍ਰੈਵਲ ਏਜੰਟ ਨੇ ਵਿਅਕਤੀ ਨੂੰ ਕੈਨੇਡਾ ’ਚ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 6 ਲੱਖ ਰੁਪਏ ਠੱਗ ਲਏ। ਬਾਅਦ ’ਚ ਪਤਾ ਲੱਗਾ ਕਿ ਮੁਲਜ਼ਮ ਅੰਮ੍ਰਿਤਸਰ ਪੁਲਸ ਨੂੰ ਵੀ ਵਾਂਟੇਡ ਹੈ, ਜਿਸ ਨੇ ਉੱਥੇ ਵੀ ਵਿਦੇਸ਼ ਭੇਜਣ ਦੇ ਨਾਂ ’ਤੇ ਫਰਾਡ ਕੀਤੇ ਹੋਏ ਸਨ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਬੀਰ ਸਿੰਘ ਨਿਵਾਸੀ ਅਰਬਨ ਅਸਟੇਟ ਫੇਜ਼-1 ਨੇ ਦੱਸਿਆ ਕਿ ਉਥੇ ਜਿਸ ਧਾਰਮਿਕ ਸਥਾਨ ’ਤੇ ਸੇਵਾ ਕਰਨ ਜਾਂਦਾ ਹੈ, ਉਥੇ ਉਸ ਨੂੰ ਇਕ ਵਿਅਕਤੀ ਮਿਲਿਆ ਸੀ, ਜਿਸ ਨੇ ਗੱਲਬਾਤ ਦੌਰਾਨ ਖ਼ੁਦ ਨੂੰ ਅਰਬਨ ਸਟੇਟ ਫੇਜ਼-1 ਦਾ ਹੀ ਰਹਿਣ ਵਾਲਾ ਦੱਸਿਆ ਸੀ। ਉਹ ਖ਼ੁਦ ਨੂੰ ਬਾਬਾ ਕਹਾਉਂਦਾ ਸੀ, ਜਿਸ ਨੇ ਦਾਅਵਾ ਕੀਤਾ ਕਿ ਉਹ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਵੀ ਕੰਮ ਕਰਦਾ ਹੈ ਅਤੇ ਕਈ ਵਿਅਕਤੀਆਂ ਨੂੰ ਕੈਨੇਡਾ ’ਚ ਸੈੱਟ ਕਰ ਚੁੱਕਾ ਹੈ।
ਬਲਵੀਰ ਸਿੰਘ ਨੇ ਕਿਹਾ ਕਿ ਉਸ ਦੇ ਹੀ ਇਲਾਕੇ ਦੇ ਰਹਿਣ ਵਾਲੇ ਦਲਜੀਤ ਸਿੰਘ ਬੈਂਸ ਪੁੱਤਰ ਸਵਰਣ ਸਿੰਘ ਨੇ ਉਸ ਨੂੰ ਆਪਣੀਆਂ ਗੱਲਾਂ ’ਚ ਫਸਾ ਲਿਆ ਅਤੇ ਅਕਸਰ ਉਸ ਦੇ ਨਾਲ ਧਾਰਮਿਕ ਗੱਲਾਂ ਕਰਦਾ ਸੀ, ਜਿਸ ਕਾਰਨ ਉਹ ਉਸ ’ਤੇ ਵਿਸ਼ਵਾਸ ਕਰਨ ਲੱਗਾ। ਬਲਬੀਰ ਸਿੰਘ ਨੇ ਦਲਜੀਤ ਨੂੰ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਤਾਂ ਉਸ ਨੇ ਕਿਹਾ ਕਿ ਕੁੱਲ 12 ਲੱਖ ਦਾ ਖ਼ਰਚਾ ਆਵੇਗਾ, ਜਿਸ ਵਿਚੋਂ ਅੱਧੇ ਪੈਸੇ ਉਹ ਪਹਿਲਾਂ ਲਵੇਗਾ ਅਤੇ ਬਾਕੀ ਦੇ ਪੈਸੇ ਵੀਜ਼ਾ ਆਉਣ ਤੋਂ ਬਾਅਦ। ਬਲਬੀਰ ਸਿੰਘ ਨੇ ਉਸ ਨੂੰ ਆਪਣੇ ਬੇਟੇ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੇ ਨਾਲ-ਨਾਲ 6 ਲੱਖ ਰੁਪਏ ਦੇ ਦਿੱਤੇ।
ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ
ਪੈਸੇ ਲੈਣ ਉਪਰੰਤ ਉਸ ਨੇ 4 ਤੋਂ 5 ਮਹੀਨਿਆਂ ਅੰਦਰ ਕੰਮ ਹੋਣ ਦਾ ਦਾਅਵਾ ਕੀਤਾ ਪਰ ਕਹੇ ਗਏ ਸਮੇਂ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਤਾਂ ਉਸ ਨੇ ਦਲਜੀਤ ਸਿੰਘ ਨਾਲ ਗੱਲ ਕੀਤੀ ਪਰ ਉਹ ਟਾਲ-ਮਟੋਲ ਕਰਨ ਲੱਗਾ। ਸ਼ੱਕ ਪੈਣ ’ਤੇ ਜਦੋਂ ਬਲਬੀਰ ਸਿੰਘ ਨੇ ਪਤਾ ਕਰਵਾਇਆ ਤਾਂ ਦਲਜੀਤ ਸਿੰਘ ਵੱਲੋਂ ਦਿੱਤਾ ਗਿਆ ਘਰ ਦਾ ਪਤਾ ਗਲਤ ਨਿਕਲਿਆ। ਦਲਜੀਤ ਸਿੰਘ ਬੈਂਸ ਖ਼ੁਦ ਦਾ ਫੋਨ ਵੀ ਬੰਦ ਕਰ ਚੁੱਕਾ ਸੀ। ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਦਲਜੀਤ ਸਿੰਘ ਖ਼ਿਲਾਫ਼ ਥਾਣਾ-7 ’ਚ ਫਰਾਡ ਦਾ ਕੇਸ ਦਰਜ ਲਿਆ। ਜਾਂਚ ’ਚ ਇਹ ਵੀ ਗੱਲ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਛਰਾਟਾ ਥਾਣੇ ’ਚ ਵੀ ਦਲਜੀਤ ਸਿੰਘ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ਦੀ ਠੱਗੀ ਦਾ ਕੇਸ ਦਰਜ ਹੈ, ਜੋ ਉਸ ਮਾਮਲੇ ’ਚ ਫਰਾਰ ਹੈ।
ਇਹ ਵੀ ਪੜ੍ਹੋ- ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8