ਮੰਤਰੀਆਂ ਦੇ ਦਫ਼ਤਰਾਂ ਦੀ ਰੈਨੋਵੇਸ਼ਨ ਲਈ ਹੁਣ ਨਹੀਂ ਹੋਵੇਗੀ ਭੰਨ-ਤੋੜ

Friday, Jun 15, 2018 - 06:26 AM (IST)

ਮੰਤਰੀਆਂ ਦੇ ਦਫ਼ਤਰਾਂ ਦੀ ਰੈਨੋਵੇਸ਼ਨ ਲਈ ਹੁਣ ਨਹੀਂ ਹੋਵੇਗੀ ਭੰਨ-ਤੋੜ

ਚੰਡੀਗੜ੍ਹ, (ਭੁੱਲਰ)- ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਨੇ ਨਵੇਂ ਵਣ ਮੰਤਰੀਆਂ ਦੇ ਪੰਜਾਬ ਸਕੱਤਰੇਤ ਵਿਚਲੇ ਦਫ਼ਤਰਾਂ ਦੇ ਕਮਰਿਆਂ ਦੀ ਰੈਨੋਵੇਸ਼ਨ ਸਬੰਧੀ ਚੱਲ ਰਹੇ ਕੰਮ 'ਚ ਬਦਲਾਅ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਅੱਗੇ ਤੋਂ ਮੰਤਰੀਆਂ ਦੇ ਕਮਰਿਆਂ ਦੀ ਰੈਨੋਵੇਸ਼ਨ ਸਮੇਂ ਭੰਨ-ਤੋੜ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੀ. ਡਬਲਿਊ. ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਉਨ੍ਹਾਂ ਨੂੰ ਅਲਾਟ ਕੀਤੇ ਗਏ ਦਫ਼ਤਰ ਦੇ ਕਮਰੇ ਦੀ ਜਗ੍ਹਾ ਨੂੰ ਛੋਟਾ ਮਹਿਸੂਸ ਕਰਦਿਆਂ ਨਾਲ ਲੱਗਦੇ ਸਟਾਫ਼ ਵਾਲੇ ਕਮਰੇ ਦੀ ਕੰਧ ਹਟਾ ਕੇ ਰੈਨੋਵੇਸ਼ਨ ਦਾ ਕੰਮ ਕਰਵਾਇਆ ਗਿਆ ਸੀ ਤੇ ਇਸ ਕਮਰੇ ਨੂੰ ਨਵੇਂ ਸਿਰਿਓਂ ਸਜਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਲਾਟ ਕਮਰੇ ਵਿਚ ਵੀ ਭੰਨ-ਤੋੜ ਕਰਕੇ ਵੱਡੇ ਖਰਚੇ ਤੋਂ ਬਾਅਦ ਇਸ ਨੂੰ ਮੁੜ ਬਣਾਇਆ ਗਿਆ ਹੈ। 
ਸਿੰਗਲਾ ਤੋਂ ਬਾਅਦ ਰਾਣਾ ਸੋਢੀ ਨੇ ਵੀ ਦਫ਼ਤਰ 'ਚ ਕਰਵਾਈ ਭੰਨ-ਤੋੜ 
ਇਸੇ ਨੂੰ ਦੇਖਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿਛਲੇ ਦਿਨੀਂ ਆਪਣੇ ਕਮਰੇ ਨੂੰ ਆਲੀਸ਼ਾਨ ਬਣਾਉਣ ਲਈ ਸਟਾਫ਼ ਨੂੰ ਹੁਕਮ ਚਾੜ੍ਹ ਕੇ ਪੀ. ਡਬਲਿਊ. ਡੀ. Îਿਵਭਾਗ ਰਾਹੀਂ ਆਪਣੇ ਕਮਰੇ ਨਾਲ ਲੱਗਦੇ ਸਟਾਫ਼ ਦੇ ਕਮਰੇ ਦੀ ਕੰਧ ਹਟਾ ਕੇ ਰੈਨੋਵੇਸ਼ਨ ਸ਼ੁਰੂ ਕਰਵਾ ਦਿੱਤੀ ਸੀ। ਇਸ ਤਰ੍ਹਾਂ ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਵੀ ਆਪਣੇ ਕਮਰੇ ਨੂੰ ਆਲੀਸ਼ਾਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਦੇਖਾ-ਦੇਖੀ ਕਈ ਹੋਰ ਮੰਤਰੀ ਵੀ ਆਪਣੇ ਦਫ਼ਤਰਾਂ ਦੇ ਕਮਰਿਆਂ ਨੂੰ ਆਲੀਸ਼ਾਨ ਬਣਾਉਣ ਦੇ ਇਛੁੱਕ ਸਨ ਪਰ ਨਵੇਂ ਮੰਤਰੀਆਂ ਦੇ ਕਮਰਿਆਂ 'ਤੇ ਲੱਖਾਂ ਰੁਪਏ ਦੇ ਖਰਚੇ ਤੇ ਹੈਰੀਟੇਜ ਦਾ ਦਰਜਾ ਪ੍ਰਾਪਤ ਸਕੱਤਰੇਤ ਦੀ ਬਿਲਡਿੰਗ ਅੰਦਰ ਭੰਨ-ਤੋੜ ਕਰਕੇ ਚੱਲ ਰਹੀ ਕਾਰਵਾਈ ਕਾਰਨ ਮੀਡੀਆ ਰਿਪੋਰਟਾਂ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਵਿਵਾਦ ਛਿੜ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਹੈਰੀਟੇਜ ਬਿਲਡਿੰਗ ਵਿਚ ਭੰਨ-ਤੋੜ ਨਹੀਂ ਕੀਤੀ ਜਾ ਸਕਦੀ। 
ਵਿੱਤ ਮੰਤਰੀ ਦੀ ਚਿਤਾਵਨੀ ਦਾ ਅਸਰ 
ਸੂਤਰਾਂ ਅਨੁਸਾਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਨਵੇਂ ਮੰਤਰੀਆਂ ਦੀ ਕਾਰਵਾਈ ਦਾ ਨੋਟਿਸ ਲੈਂਦਿਆਂ ਪੀ. ਡਬਲਿਊ. ਡੀ. ਵਿਭਾਗ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਇਮਾਰਤਾਂ ਦੀ ਮੁਰੰਮਤ ਲਈ ਜਾਰੀ ਫੰਡਾਂ ਤਹਿਤ ਸਕੂਲਾਂ ਆਦਿ ਦੀਆਂ ਬਿਲਡਿੰਗਾਂ ਦਾ ਕੰਮ ਕੀਤਾ ਜਾਣਾ ਹੈ ਪਰ ਜੇਕਰ ਇਹ ਫੰਡ ਮੰਤਰੀਆਂ ਦੇ ਕਮਰਿਆਂ ਨੂੰ ਆਲੀਸ਼ਾਨ ਬਣਾਉਣ ਦੇ ਕੰਮ 'ਤੇ ਖਰਚ ਹੋਣ ਕਾਰਨ ਹੋਰਨਾਂ ਕੰਮਾਂ ਲਈ ਘਟ ਗਿਆ ਤਾਂ ਵਿੱਤ ਵਿਭਾਗ ਹੋਰ ਫੰਡ ਜਾਰੀ ਨਹੀਂ ਕਰੇਗਾ। ਪਤਾ ਲੱਗਾ ਹੈ ਕਿ ਮੁੱਖ ਸਕੱਤਰ ਨੇ ਵੀ ਬਿਨਾਂ ਆਮ ਪ੍ਰਸ਼ਾਸਨ ਵਿਭਾਗ ਦੀ ਮਨਜ਼ੂਰੀ ਹੈਰੀਟੇਜ ਬਿਲਡਿੰਗ ਵਿਚ ਭੰਨ-ਤੋੜ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਸੀ। 
ਇਸ ਤੋਂ ਬਾਅਦ ਹੁਣ ਅੱਗੇ ਤੋਂ ਹੋਰ ਮੰਤਰੀਆਂ ਦੇ ਕਮਰਿਆਂ ਦੇ ਅੰਦਰੂਨੀ ਹਿੱਸਿਆਂ 'ਚ ਭੰਨ-ਤੋੜ ਦਾ ਕੰਮ ਰੋਕਣ ਦੀ ਹਦਾਇਤ ਹੋ ਚੁੱਕੀ ਹੈ। ਹੁਣ ਨਿਯਮਾਂ ਮੁਤਾਬਿਕ ਬਿਨਾਂ ਕਮਰਿਆਂ 'ਚ ਭੰਨ-ਤੋੜ ਕੀਤੇ ਤੈਅ ਖਰਚੇ ਵਿਚ ਹੀ ਅੰਦਰੂਨੀ ਬਿਲਡਿੰਗ 'ਚ ਰੈਨੋਵੇਸ਼ਨ ਦਾ ਛੋਟਾ-ਮੋਟਾ ਕੰਮ ਹੋ ਸਕੇਗਾ। 
 


Related News