ਵਿਸ਼ੇਸ਼ ਰਿਪੋਰਟ : ਪੰਜਾਬ 'ਚ ਤੇਜ਼ੀ ਨਾਲ ਵਧ ਰਹੀ ਹੈ ਸ਼ਰਾਬੀਆਂ ਦੀ ਗਿਣਤੀ

04/15/2019 7:36:28 PM

ਅੰਮ੍ਰਿਤਸਰ(ਇੰਦਰਜੀਤ)- ਕੇਂਦਰ ਸਰਕਾਰ ਵੱਲੋਂ ਦੇਸ਼ ਭਰ 'ਚ ਵਧ ਰਹੀ ਸ਼ਰਾਬ ਦੀ ਖਪਤ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਜਿਥੇ ਦੇਸ਼ ਭਰ 'ਚ ਸ਼ਰਾਬ ਪੀਣ ਵਾਲਿਆਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ, ਉਥੇ ਹੀ ਪੰਜਾਬ 'ਚ ਪਿਛਲੇ 12 ਸਾਲਾਂ 'ਚ ਸ਼ਰਾਬ ਦੀ ਖਪਤ 2.3 ਗੁਣਾ ਵਧ ਗਈ ਹੈ।
ਇਸ ਸਬੰਧ 'ਚ ਵਿਭਾਗੀ ਅੰਕੜਿਆਂ ਮੁਤਾਬਕ ਵਰਤਮਾਨ ਸਮੇਂ 'ਚ ਪੰਜਾਬ ਭਰ 'ਚ ਸ਼ਰਾਬ ਦੀ ਖਪਤ 37 ਕਰੋੜ ਬੋਤਲ ਪ੍ਰਤੀ ਸਾਲ ਹੋ ਚੁੱਕੀ ਹੈ। ਪੰਜਾਬ ਦੀ 3.4 ਕਰੋੜ ਆਬਾਦੀ ਦੇ ਸਾਹਮਣੇ 37 ਕਰੋੜ ਬੋਤਲ ਸ਼ਰਾਬ ਦੀ ਗਿਣਤੀ ਦਰਸਾਉਂਦੀ ਹੈ ਕਿ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 12 ਬੋਤਲ (9 ਲਿਟਰ) ਸਾਲਾਨਾ ਹੈ। ਸਾਲ 2007 'ਚ ਪ੍ਰਤੀ ਵਿਅਕਤੀ ਪੰਜਾਬ 'ਚ ਸ਼ਰਾਬ ਦੀ ਖਪਤ ਸਿਰਫ 4.3 ਲੀਟਰ ਸੀ। ਵਰਤਮਾਨ ਸਮੇਂ 'ਚ ਜੇਕਰ ਸ਼ਰਾਬ ਦੇ ਅੰਕੜੇ ਵੇਖੇ ਜਾਣ ਤਾਂ ਪਤਾ ਲੱਗਦਾ ਹੈ ਕਿ ਆਬਾਦੀ 'ਚ 23 ਫ਼ੀਸਦੀ ਲੋਕ ਸ਼ਰਾਬ ਪੀਂਦੇ ਹਨ। ਆਦਮੀ ਤੇ ਔਰਤਾਂ 'ਚ ਆਬਾਦੀ ਦੇ ਆਧਾਰ 'ਤੇ 51.3 ਤੇ 48.7 ਦੇ ਅਨੁਪਾਤ 'ਚ ਜੇਕਰ ਔਰਤਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਦਮੀ ਵਰਗ 'ਚ 15 ਫ਼ੀਸਦੀ ਲੋਕ ਉਮਰ ਦੇ ਉਸ ਪੜਾਅ 'ਚ ਬੈਠੇ ਹਨ, ਜਿੱਥੇ ਸ਼ਰਾਬ ਪੀਣ ਦੀ ਮਨਾਹੀ ਹੁੰਦੀ ਹੈ, ਉਥੇ ਹੀ ਦੂਜੇ ਪਾਸੇ 16.50 ਫ਼ੀਸਦੀ ਲੋਕ ਮੈਡੀਕਲ ਕਾਰਨਾਂ ਤੋਂ ਸ਼ਰਾਬ ਨਹੀਂ ਪੀਂਦੇ ਹਨ। ਇਸ ਦੇ ਨਾਲ ਧਾਰਮਿਕ ਜਾਤੀ ਤੇ ਹੋਰ ਕਾਰਨਾਂ ਨਾਲ ਸ਼ਰਾਬ ਨਾ ਪੀਣ ਵਾਲਿਆਂ ਗਿਣਤੀ ਦੀ 20 ਫ਼ੀਸਦੀ ਹੈ। ਬਾਕੀ ਦੇ ਬਚੇ ਇਕੋ ਜਿਹੇ ਆਦਮੀ ਵਰਗ 'ਚ 50 ਫ਼ੀਸਦੀ ਦੀ ਔਸਤ ਬਣਦੀ ਹੈ ਜੋ ਕਿ ਪੂਰੀ ਆਬਾਦੀ ਦਾ 22 ਫ਼ੀਸਦੀ ਹੈ ਜੋ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ।
ਸਰਕਾਰ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼
ਸਰਕਾਰ ਵੱਲੋਂ ਜ਼ਿਆਦਾ ਖਪਤ ਵਾਲੇ ਪ੍ਰਦੇਸ਼ਾਂ 'ਚ ਸ਼ਰਾਬ ਦੀ ਖਪਤ ਨੂੰ ਘੱਟ ਕਰਨ ਲਈ ਉਨ੍ਹਾਂ ਪ੍ਰਦੇਸ਼ਾਂ 'ਚ ਸ਼ਰਾਬ ਖਰੀਦਣ ਦੀ ਸੀਮਾ ਉਮਰ ਦੇ ਮੁਤਾਬਕ ਕਰ ਦਿੱਤੀ ਗਈ ਹੈ, ਜਿਸ ਦੇ ਮੁਤਾਬਕ ਪੰਜਾਬ ਤੋਂ ਇਲਾਵਾ 5 ਪ੍ਰਦੇਸ਼ ਅਜਿਹੇ ਹਨ, ਜਿੱਥੇ ਸ਼ਰਾਬ ਖਰੀਦਣ ਦੀ ਸੀਮਾ 25 ਸਾਲ ਹੈ। ਇਨ੍ਹਾਂ ਪ੍ਰਦੇਸ਼ਾਂ 'ਚ ਹਰਿਆਣਾ, ਚੰਡੀਗੜ੍ਹ, ਦਿੱਲੀ, ਮੇਘਾਲਿਆ ਤੇ ਕੇਰਲਾ ਸ਼ਾਮਲ ਹਨ। ਜੇਕਰ ਇਨ੍ਹਾਂ ਪ੍ਰਦੇਸ਼ਾਂ 'ਚ ਕੋਈ ਵੀ ਵਿਅਕਤੀ ਨਿਰਧਾਰਤ ਸੀਮਾ ਤੋਂ ਘੱਟ ਉਮਰ ਵਾਲੇ ਸ਼ਖਸ ਨੂੰ ਸ਼ਰਾਬ ਵੇਚਦਾ ਹੈ ਤਾਂ ਇਹ ਦੰਡਾਤਮਕ ਦੋਸ਼ ਹੋਵੇਗਾ ਪਰ ਇਸ ਦੇ ਬਾਵਜੂਦ ਪੰਜਾਬ 'ਚ ਸ਼ਰਾਬ ਦੀ ਖਪਤ ਘੱਟ ਹੋਣ ਦਾ ਨਾਂ ਨਹੀਂ ਲੈਂਦੀ। ਦੇਸ਼ ਭਰ 'ਚ 25 ਪ੍ਰਦੇਸ਼ ਅਜਿਹੇ ਹਨ, ਜਿੱਥੇ ਸ਼ਰਾਬ ਖਰੀਦਣ 'ਤੇ ਉਮਰ ਦੀ ਸੀਮਾ 18 ਤੋਂ 21 ਸਾਲ ਤੱਕ ਵੱਖ-ਵੱਖ ਹੈ। ਇਨ੍ਹਾਂ ਪ੍ਰਦੇਸ਼ਾਂ 'ਚ ਛੱਤੀਸਗੜ੍ਹ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਆਸਾਮ, ਗੋਆ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਓਡਿਸ਼ਾ, ਝਾਰਖੰਡ, ਤਾਮਿਲਨਾਡੂ, ਕਰਨਾਟਕ, ਉੱਤਰਾਖੰਡ, ਤਿਰਪੁਰਾ, ਤੇਲੰਗਾਨਾ, ਵੈਸਟ ਬੰਗਾਲ, ਯੂ. ਪੀ., ਦਾਦਰਾ ਨਗਰ ਹਵੇਲੀ, ਦਮਨ ਦਿਓ ਸਮੇਤ 25 ਪ੍ਰਦੇਸ਼ ਸ਼ਾਮਲ ਹਨ ਪਰ ਇਸ ਸਭ ਦੇ ਬਾਵਜੂਦ ਪੰਜਾਬ 'ਚ ਉਮਰ ਦੀ ਸੀਮਾ ਹੋਣ ਦੇ ਬਾਵਜੂਦ ਸ਼ਰਾਬ ਦੀ ਖਪਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
ਹੁਣ ਪੰਜਾਬ ਸਰਕਾਰ ਨੇ ਵਧਾਈ ਸਟੋਰਿੰਗ ਫੀਸ
ਪੰਜਾਬ ਸਰਕਾਰ ਨੇ ਨਵੇਂ ਸਾਲ 2019-20 'ਚ ਘਰੇਲੂ ਤੌਰ 'ਤੇ ਸ਼ਰਾਬ ਦੀ ਸਟੋਰਿੰਗ 'ਤੇ ਲਾਇਸੈਂਸ ਫੀਸ ਨੂੰ ਵਧਾ ਦਿੱਤਾ ਹੈ। ਨਵੇਂ ਮਾਪਦੰਡ ਅਨੁਸਾਰ ਜੇਕਰ ਕੋਈ ਵਿਅਕਤੀ ਆਪਣੇ ਘਰ 'ਚ ਸ਼ਰਾਬ ਦੀਆਂ ਦੋ ਬੋਤਲਾਂ ਤੋਂ ਜ਼ਿਆਦਾ ਸਟੋਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਤੀ ਸਾਲ 2500 ਰੁਪਏ ਪ੍ਰਤੀ ਮਹੀਨਾ ਫੀਸ ਦੇਣੀ ਪਵੇਗੀ ਤੇ ਲਾਈਫ ਟਾਈਮ ਲਈ ਇਸ ਦੀ ਫੀਸ 20 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਵਰਣਨਯੋਗ ਹੈ ਕਿ ਹਰਿਆਣਾ ਵਰਗੇ ਪ੍ਰਦੇਸ਼ਾਂ 'ਚ ਸ਼ਰਾਬ ਦੀ ਘਰੇਲੂ ਸਟੋਰੇਜ 'ਚ ਲਾਈਫ ਟਾਈਮ ਲਾਇਸੈਂਸ ਫੀਸ 2 ਹਜ਼ਾਰ ਰੁਪਏ ਹੈ। ਜਾਣਕਾਰ ਲੋਕਾਂ ਦਾ ਕਹਿਣਾ ਹੈ ਲਾਇਸੈਂਸ ਫੀਸ ਬਹੁਤ ਦੇਣ ਦੇ ਬਾਵਜੂਦ ਦੇਸ਼ 'ਚ ਸ਼ਰਾਬ ਦੀ ਖਪਤ ਘੱਟ ਨਹੀਂ ਹੋਵੇਗੀ ਕਿਉਂਕਿ ਲਾਇਸੈਂਸ ਫੀਸ ਭਰਨ 'ਚ ਜ਼ਿਆਦਾਤਰ ਪੇਸ਼ੇਵਰ ਲੋਕ ਜ਼ਿਆਦਾ ਹੋ ਚੁੱਕੇ ਹਨ ਜੋ ਕਿ ਲਾਇਸੈਂਸ ਦੀ ਆੜ 'ਚ ਦੂਜੇ ਸਰਕਲਾਂ ਤੋਂ ਸ਼ਰਾਬ ਲਿਆਉਣ ਦਾ ਧੰਦਾ ਕਰਦੇ ਹਨ। ਸਰਕਾਰ ਦੀ ਇਸ ਕੋਸ਼ਿਸ਼ ਨਾਲ ਵੀ ਇਸ ਸਾਲ ਸ਼ਰਾਬ ਦੀ ਖਪਤ 'ਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀ। ਹਾਲਾਂਕਿ ਇਸ ਮਾਮਲੇ 'ਚ ਪੰਜਾਬ ਪ੍ਰਦੇਸ਼ ਐਕਸਾਈਜ਼ ਵਿਭਾਗ ਦੇ ਡਾਇਰੈਕਟਰ ਤੇ ਐਡੀਸ਼ਨਲ ਕਮਿਸ਼ਨਰ ਗੁਰਤੇਜ ਸਿੰਘ ਨਾਲ ਬੀਤੇ ਕੁੱਝ ਹਫ਼ਤੇ ਪਹਿਲਾਂ ਹੋਈ ਗੱਲਬਾਤ 'ਚ ਉਨ੍ਹਾਂ ਕਿਹਾ ਸੀ ਕਿ ਪੰਜਾਬ 'ਚ ਹਰ ਤਰ੍ਹਾਂ ਦੀ ਸ਼ਰਾਬ ਦੀ ਵਧੀਆ ਚੁਆਇਸ ਲੋਕਾਂ ਨੂੰ ਮਿਲ ਰਹੀ ਹੈ, ਅੱਗੇ ਤੋਂ ਵਾਰਾਇਟੀ ਵਧ ਗਈ ਹੈ ਤੇ ਪੇਂਡੂ ਖੇਤਰਾਂ 'ਚ ਵੀ ਭਾਰੀ ਮਾਤਰਾ 'ਚ ਗ਼ੈਰ-ਕਾਨੂੰਨੀ ਸ਼ਰਾਬ ਨਸ਼ਟ ਕੀਤੀ ਗਈ ਹੈ ਤੇ ਇਸ ਸਾਲ ਗ਼ੈਰ-ਕਾਨੂੰਨੀ ਸ਼ਰਾਬ ਦਾ ਕੰਮ ਕਰਨ ਵਾਲੇ ਲਗਭਗ 850 ਦੇ ਕਰੀਬ ਲੋਕਾਂ 'ਤੇ ਅਪਰਾਧਿਕ ਕੇਸ ਵੀ ਦਰਜ ਹੋਏ ਹਨ। ਇਸ ਕਾਰਨ ਵੀ ਠੇਕਿਆਂ 'ਤੇ ਸ਼ਰਾਬ ਦੀ ਸੇਲ ਵਧੀ ਹੈ।
ਸ਼ਰਾਬ ਦਾ ਪੰਜਾਬ ਦੇ ਨਾਲ ਰਾਸ਼ਟਰੀ ਪੱਧਰ
ਵਰਤਮਾਨ ਸਮੇਂ 'ਚ ਰਾਸ਼ਟਰੀ ਪੱਧਰ 'ਤੇ ਸ਼ਰਾਬ ਦੀ ਖਪਤ 5.6 ਲਿਟਰ ਪ੍ਰਤੀ ਵਿਅਕਤੀ ਹੈ, ਜਦੋਂ ਕਿ ਪੰਜਾਬ 'ਚ ਇਸ ਦੀ ਖਪਤ 9 ਲਿਟਰ ਹੈ। ਉਥੇ ਹੀ ਦੂਜੇ ਪਾਸੇ ਪੰਜਾਬ 'ਚ ਗ਼ੈਰ-ਕਾਨੂੰਨੀ ਦੇਸੀ ਸ਼ਰਾਬ ਦੀ ਲਾਗਤ ਵੀ ਇਕ ਉੱਚੇ ਪੱਧਰ 'ਤੇ ਹੈ। ਅੰਤਰਰਾਸ਼ਟਰੀ ਅੰਕੜਿਆਂ ਮੁਤਾਬਕ ਸੰਸਾਰ ਭਰ 'ਚ ਸ਼ਰਾਬ ਦੇ ਸਭ ਤੋਂ ਜ਼ਿਆਦਾ ਖਪਤ ਵਾਲੇ ਦੇਸ਼ ਚੈੱਕ - ਰਿਪਬਲਿਕ, ਬੈਲਾਰੂਸ, ਫ਼ਰਾਂਸ, ਹੰਗਰੀ ਆਦਿ 11 ਦੇਸ਼ ਅਜਿਹੇ ਹੈ, ਜਿੱਥੇ 'ਤੇ ਸ਼ਰਾਬ ਦੀ ਪ੍ਰਤੀ ਵਿਅਕਤੀ ਖਪਤ 17.3 ਲਿਟਰ ਹੈ, ਉਥੇ ਹੀ ਪੰਜਾਬ 'ਚ ਜੇਕਰ 9 ਲਿਟਰ ਦੀ ਖਪਤ ਹੈ। ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ 'ਚ ਗ਼ੈਰ-ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਸ ਦੀ ਖਪਤ ਦੋ ਗੁਣਾ ਹੋ ਸਕਦੀ ਹੈ ਜੋ ਕਿ ਸੰਸਾਰ ਦੇ ਸਭ ਤੋਂ ਜ਼ਿਆਦਾ ਪੀਣ ਵਾਲੇ ਦੇਸ਼ਾਂ ਦੇ ਵੀ ਰਿਕਾਰਡ ਨੂੰ ਤੋੜ ਸਕਦੀ ਹੈ ।


satpal klair

Content Editor

Related News