ਕੋਰੋਨਾ ਦਾ ਨਵਾਂ ਵੇਰੀਐਂਟ ‘ਜੇ. ਐੱਨ.-1’ ਹੋ ਸਕਦੈ ਖ਼ਤਰਨਾਕ ਸਾਬਤ, ਸਿਹਤ ਵਿਭਾਗ ਵਲੋਂ ਸੁਚੇਤ ਰਹਿਣ ਦੀ ਹਦਾਇਤ

12/29/2023 5:44:12 PM

ਅੰਮ੍ਰਿਤਸਰ (ਦਲਜੀਤ) : ਅੰਮ੍ਰਿਤਸਰ ਵਾਸੀਆਂ ਲਈ ਕੋਰੋਨਾ ਦਾ ਨਵਾਂ ਵੇਰੀਐਂਟ ਜੇ. ਐੱਨ.-1 ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਨਵਾਂ ਵੇਰੀਐਂਟ ਜਿੱਥੇ ਪਹਿਲਾਂ ਵਾਲੇ ਵੇਰੀਐਂਟ ਨਾਲ ਤੇਜ਼ੀ ਨਾਲ ਫੈਲਦਾ ਹੈ, ਉਥੇ ਹੀ ਸਿਹਤ ਵਿਭਾਗ ਵੱਲੋਂ ਜ਼ਮੀਨੀ ਪੱਧਰ ’ਤੇ ਤਿਆਰੀਆਂ ਜ਼ੀਰੋ ਹਨ, ਨਾਲ ਹੀ ਅਧਿਕਾਰੀ ਕਾਗਜ਼ਾਂ ’ਚ ਹੀ ਨਵੇਂ ਵੇਰੀਐਂਟ ਦੀ ਰੋਕਥਾਮ ਲਈ ਹਵਾਈ ਕਿਲੇ ਬਣਾ ਕੇ ਆਪਣੀ ਪਿੱਠ ਖੁਦ ਥਪਥਪਾ ਰਹੇ ਹਨ। ਸਿਹਤ ਮਾਹਿਰਾਂ ਵੱਲੋਂ ਅੰਮ੍ਰਿਤਸਰ ਨਿਵਾਸੀਆਂ ਨੂੰ ਕੋਰੋਨਾ ਸਬੰਧੀ ਜਾਰੀ ਗਾਈਡਲਾਈਨ ਦੀ ਪਾਲਣਾ ਕਰਨ ਅਤੇ ਸੁਚੇਤ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਪਹਿਲਾਂ ਹੀ ਕਾਫੀ ਖ਼ਤਰਾ ਅੰਮ੍ਰਿਤਸਰੀਆਂ ਵਾਸਤੇ ਪੈਦਾ ਕਰ ਚੁੱਕਾ ਹੈ ਅਤੇ ਕਈ ਕੀਮਤੀ ਜਾਨਾਂ ਵੀ ਇਸ ਮਹਾਮਾਰੀ ਦੌਰਾਨ ਜਾ ਚੁੱਕੀਆਂ ਹਨ। ਹੁਣ ਦੁਬਾਰਾ ਸਰਦੀ ਵੱਧਣ ਨਾਲ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ‘ਜੇ. ਐੱਨ.-1’ ਸਾਹਮਣੇ ਆਇਆ ਹੈ। ਇਹ ਵੇਰੀਐਂਟ ਪਹਿਲਾਂ ਵਾਲੇ ਵਾਇਰਸ ਨਾਲੋਂ ਤੇਜ਼ੀ ਨਾਲ ਅਸਰ ਕਰਦਾ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ। ਸਿਹਤ ਵਿਭਾਗ ਵੱਲੋਂ ਭਾਵੇਂ ਲੋਕਾਂ ਨੂੰ ਜਾਗਰੂਕ ਕਰਨ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਅਤੇ ਮੁਸਤੈਦੀ ਨਾਲ ਕੰਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੰਮ੍ਰਿਤਸਰ ਵਿੱਚ ਹਕੀਕਤ ਹੈ ਕਿ ਵਿਭਾਗ ਦਾ ਕੰਮ ਕਾਜ ਜ਼ੀਰੋ ਹੈ। ਲੰਡਨ ਤੋਂ ਆਈ ਔਰਤ ਦਾ ਪ੍ਰਾਈਵੇਟ ਲੈਬੋਰੇਟਰੀ ਤੋਂ ਕਰਵਾਇਆ ਗਿਆ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਦੇ ਇਕ ਸੀਨੀਅਰ ਅਧਿਕਾਰੀ ਦਾ ਰੈਪਿਡ ਟੈਸਟ ਵੀ ਪਾਜ਼ੇਟਿਵ ਆਇਆ ਪਰ ਅਫਸੋਸ ਦੀ ਗੱਲ ਹੈ ਕਿ ਵਿਭਾਗ ਨੂੰ ਇਨ੍ਹਾਂ ਦੋਵਾਂ ਕੇਸਾਂ ਬਾਰੇ ਸਮੇਂ ਰਹਿੰਦਿਆਂ ਜਾਣਕਾਰੀ ਨਹੀਂ ਮਿਲੀ। ਵਿਭਾਗ ਦੇ ਅਧਿਕਾਰੀਆਂ ਵੱਲੋਂ ਨਾ ਤਾਂ ਨਿਯਮਾਂ ਅਨੁਸਾਰ ਸਰਕਾਰੀ ਲੈਬੋਰੇਟਰੀ ਤੋਂ ਦੋਹਾਂ ਦਾ ਟੈਸਟ ਕਰਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਗਏ, ਇਥੋਂ ਤੱਕ ਕੀ ਨਵਾਂ ਵੇਰੀਐਂਟ ਜ਼ਿਆਦਾ ਅਸਰਦਾਰ ਹੋਣ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿਚ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਪਾਈ ਹੈ।

ਇਹ ਵੀ ਪੜ੍ਹੋ : ਐੱਸ.ਵਾਈ.ਐੱਲ. ਦੀ ਤੀਜੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਦੋ ਟੁੱਕ ’ਚ ਜਵਾਬ 

ਅੰਮ੍ਰਿਤਸਰ ਵਿਚ ਹਾਲਾਤ ਅਜਿਹੇ ਹਨ ਕਿ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਇਹ ਨਹੀਂ ਪਤਾ ਕਿ ਆਖਿਰ ਕੋਰੋਨਾ ਵਾਇਰਸ ਦਾ ਨੋਡਲ ਅਧਿਕਾਰੀ ਕੌਣ ਹੈ, ਜਦੋਂ ਵਿਭਾਗ ਵੱਲੋਂ ਤਾਇਨਾਤ ਕੀਤੇ ਗਏ ਅਧਿਕਾਰੀ ਨੂੰ ਪੁੱਛਿਆ ਜਾਂਦਾ ਹੈ ਕਿ ਨੋਡਲ ਅਧਿਕਾਰੀ ਕੌਣ ਹੈ ਤਾਂ ਉਹ ਕਹਿੰਦੇ ਹਨ ਕਿ ਸਿਵਲ ਸਰਜਨ ਸਾਹਿਬ ਨੂੰ ਜ਼ਿਆਦਾ ਜਾਣਕਾਰੀ ਹੈ, ਜਦਕਿ ਕਈ ਵਾਰ ਜਦੋਂ ਸਿਵਲ ਸਰਜਨ ਨੂੰ ਕੋਰੋਨਾ ਦੇ ਨਵੇਂ ਕੇਸਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਅਣਜਾਣਤਾ ਜਾਹਿਰ ਕਰਦੇ ਹੋਏ ਦੂਸਰੇ ਅਧਿਕਾਰੀਆਂ ਤੋਂ ਰਿਪੋਰਟ ਲੈਣ ਦੀ ਗੱਲ ਕਰਦੇ ਹਨ। ਆਖਿਰਕਾਰ ਵਿਭਾਗ ਦੀ ਨਲਾਇਕੀ ਲੋਕਾਂ ’ਤੇ ਭਾਰੀ ਪੈ ਸਕਦੀ ਹੈ। ਪੰਜਾਬ ਸਰਕਾਰ ਨੂੰ ਸਮਾਂ ਰਹਿੰਦਿਆਂ ਲਾਪਰਵਾਹੀ ਵਰਤ ਰਹੇ ਅਧਿਕਾਰੀਆਂ ਨੂੰ ਸੁਚੇਤ ਕਰਨ ਦੀ ਜਰੂਰਤ ਹੈ ਤਾਂ ਜੋ ਅੰਮ੍ਰਿਤਸਰ ਨਿਵਾਸੀ ਕਿਸੇ ਮੁਸ਼ਕਿਲ ਵਿਚ ਨਾ ਫਸ ਸਕਣ।

ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕ ਰਹਿਣ ਸਾਵਧਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਬੀਮਾਰੀ ਦੇ ਨੋਡਲ ਅਧਿਕਾਰੀ ਡਾ. ਨਰੇਸ਼ ਚਾਵਲਾ ਅਨੁਸਾਰ ਲੋਕਾਂ ਨੂੰ ਸਰਦੀਆਂ ਵਿਚ ਖਾਂਸੀ ਅਤੇ ਜ਼ੁਕਾਮ ਹੋਣ ’ਤੇ ਇਸ ਵੇਰੀਐਂਟ ਤੋਂ ਬਚਣ ਲਈ ਸਾਫ਼-ਸਫ਼ਾਈ ਬਣਾਈ ਰੱਖਣੀ ਜ਼ਰੂਰੀ ਹੈ। ਪਹਿਲਾਂ ਵਾਂਗ ਵਾਰ-ਵਾਰ ਹੱਥ ਧੋਣੇ ਅਤੇ ਸਕੂਲ ਜਾਂ ਕੰਮ ਤੋਂ ਛੁੱਟੀ ਲੈ ਕੇ ਇਸ ਨੂੰ ਰੋਕਣ ਦੇ ਕਾਰਗਰ ਉਪਾਅ ਜਾਰੀ ਰੱਖਣੇ ਚਾਹੀਦੇ ਹਨ। ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਡਾਕਟਰਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸ਼ੂਗਰ, ਬ੍ਰੋਂਕਾਇਟਿਸ ਜਾਂ ਦਮੇ, ਦਿਲ ਤੇ ਕੈਂਸਰ ਦੇ ਮਰੀਜ਼ਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਵਾਧੂ ਸਾਵਧਾਨੀ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ, ਪ੍ਰਸ਼ਾਸਨ ਵੱਲੋਂ ਡਰਾਈਵਿੰਗ ਸਮੇਂ ਲੋਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਸਲਾਹ

ਸੰਤੁਲਿਤ ਭੋਜਨ ਰੋਜ਼ਾਨਾ ਕਸਰਤ ਅਤੇ ਲੋੜੀਂਦੀ ਨੀਂਦ ਲੈਣ ਦੀ ਸਲਾਹ
ਸਰਕਾਰੀ ਟੀ. ਬੀ. ਹਸਪਤਾਲ ਦੇ ਸੀਨੀਅਰ ਡਾ. ਵਿਸ਼ਾਲ ਵਰਮਾ ਨੇ ਦੱਸਿਆ ਕਿ ਕੋਵਿਡ ਦੇ ‘ਜੇ. ਐੱਨ.-1’ ਵੇਰੀਐਂਟ ਤੋਂ ਬਚਣ ਲਈ ਉਨ੍ਹਾਂ ਸੰਤੁਲਿਤ ਭੋਜਨ, ਰੋਜ਼ਾਨਾ ਕਸਰਤ ਕਰਨ ਅਤੇ ਲੋੜੀਂਦੀ ਨੀਂਦ ਲੈਣ ਦੀ ਸਲਾਹ ਦਿੱਤੀ ਹੈ। ਇਕ ਮਜ਼ਬੂਤ ਰੋਗ-ਰੋਕੂ ਪ੍ਰਣਾਲੀ ਪ੍ਰਤੀ ਉਤਸ਼ਾਹਿਤ ਕਰਨ ਲਈ ਲੋਕਾਂ ਨੂੰ ਸਿਹਤ ਮਾਹਿਰਾਂ ਦੀ ਸਲਾਹ ਲੈਣ ਦੀ ਵੀ ਅਪੀਲ ਕੀਤੀ। ਉਹ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸਿਹਤ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਬਲੱਡ ਸਟਾਰਚ ਦਾ ਲੈਵਲ ਬਣਾਈ ਰੱਖੋ।

ਇਹ ਵੀ ਪੜ੍ਹੋ : ਸੰਘਣੀ ਧੁੰਦ ਤੇ ਕੜਾਕੇ ਦੀ ਸਰਦੀ ਕਾਰਨ ਨਵੇਂ ਸਾਲ ਤੋਂ ਪੀ. ਸੀ. ਆਰ. ’ਚ ਹੋਵੇਗਾ ਵੱਡਾ ਬਦਲਾਅ

ਤੇਜ਼ੀ ਨਾਲ ਫੈਲਦਾ ਹੈ ਵਾਇਰਸ, ਪਰ ਗੰਭੀਰ ਬੀਮਾਰੀ ਘੱਟ ਕਾਰਨ ਬਣਦਾ ਹੈ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਦੇ ਅਨੁਸਾਰ ਵੇਰੀਐਂਟ ਦੇ ਵਧੇ ਹੋਏ ਇਨਫੈਕਸ਼ਨ ਨੂੰ ਆਮ ਵਿਕਾਸ ਪ੍ਰਕਿਰਿਆ ਵਜੋਂ ਵੇਖਿਆ ਜਾਂਦਾ ਹੈ। ਇਹ ਆਸਾਨੀ ਨਾਲ ਫੈਲਦਾ ਹੈ ਪਰ ਘੱਟ ਗੰਭੀਰ ਬੀਮਾਰੀ ਦਾ ਕਾਰਨ ਬਣਦਾ ਹੈ। ਉਹ ਕਹਿੰਦੇ ਹਨ ਕਿ ਜੇਐੱਨ. 1 ਵੇਰੀਐਂਟ ਦੇ ਵਿਕਾਸ ਦੇ ਨਾਲ ਸਮੁੱਚੀ ਮੌਤ ਦਰ ਘੱਟ ਵੇਖੀ ਜਾ ਰਹੀ ਹੈ, ਜੋ ਇਕ ਅਜਿਹੇ ਰੁਝਾਨ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਕੇ ਆਪਣੀ ਹੋਂਦ ਯਕੀਨੀ ਬਣਾਉਣ ਤੋਂ ਬਾਅਦ ਸਮੇਂ ਦੇ ਨਾਲ ਘੱਟ ਘਾਤਕ ਹੁੰਦਾ ਜਾਂਦਾ ਹੈ।

ਆਯੁਰਵੈਦਿਕ ਵਿਧੀ ’ਚ ਹੈ ਵਾਇਰਸ ਦੇ ਬਚਾਅ ਦਾ ਇਲਾਜ
ਆਯੂਰਵੈਦਿਕ ਡਰੱਗ ਮੈਨੂਫੈਕਚਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਵਿਸ਼ਾਲ ਠੁਕਰਾਲ ਨੇ ਦੱਸਿਆ ਕਿ ਆਯੁਰਵੈਦਿਕ ਵਿਧੀ ਰਾਹੀਂ ਹਰ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਦਾ ਇਲਾਜ ਵੀ ਵਿਧੀ ਅਨੁਸਾਰ ਪਹਿਲਾਂ ਵੀ ਮਹਾਮਾਰੀ ਦੌਰਾਨ ਕੀਤਾ ਗਿਆ ਸੀ ਅਤੇ ਹੁਣ ਵੀ ਨਵੇਂ ਵੇਰੀਐਂਟ ਵਿਚ ਕੀਤਾ ਜਾ ਸਕਦਾ ਹੈ। ਮਰੀਜ਼ ਨੂੰ ਜਿੱਥੇ ਗਰਮ ਪਾਣੀ ਦੀ ਭਾਫ ਲੈਣ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ, ਉਥੇ ਹੀ ਤੁਲਸੀ, ਅਦਰਕ ਆਦਿ ਦਾ ਇਸਤੇਮਾਲ ਵਾਇਰਸ ਦੇ ਬਚਾਅ ਲਈ ਸਹਾਇਕ ਸਾਬਿਤ ਹੁੰਦਾ ਹੈ।

ਇਹ ਵੀ ਪੜ੍ਹੋ : ਵੋਟਰ ਸੂਚੀ ਦਾ ਸੋਧਿਆ ਹੋਇਆ ਸ਼ੈਡਿਊਲ ਜਾਰੀ, ਡਿਪਟੀ ਕਮਿਸ਼ਨਰ ਵਲੋਂ ਇਹ ਨਿਰਦੇਸ਼ ਜਾਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News