ਸਿਰਫ ਨਾਂ ਦਾ ਹੈ ਜ਼ਿਲਾ ਗੁਰਦਾਸਪੁਰ ਪੁਰਾਤਨ ਵਿਭਾਗ ''ਚ
Monday, Mar 05, 2018 - 01:40 AM (IST)

ਗੁਰਦਾਸਪੁਰ, (ਵਿਨੋਦ) - ਜ਼ਿਲਾ ਗੁਰਦਾਸਪੁਰ ਇਕ ਅਜਿਹਾ ਜ਼ਿਲਾ ਹੈ ਜੋ ਦੇਸ਼ ਦੀ ਸੁਰੱਖਿਆ ਸਬੰਧੀ ਬਹੁਤ ਹੀ ਮਹੱਤਵ ਰੱਖਦਾ ਹੈ ਤੇ ਜੰਮੂ-ਕਸ਼ਮੀਰ ਰਾਜ ਨੂੰ ਭਾਰਤ ਨਾਲ ਜੋੜ ਕੇ ਰੱਖਣ ਲਈ ਜ਼ਿਲਾ ਗੁਰਦਾਸਪੁਰ ਹੀ ਇਕ ਅਜਿਹਾ ਜ਼ਿਲਾ ਹੈ, ਜਿਸ ਰਸਤੇ ਸਾਨੂੰ ਜੰਮੂ- ਕਸ਼ਮੀਰ ਜਾਣਾ ਪੈਂਦਾ ਹੈ।
ਕੀ ਇਤਿਹਾਸ ਹੈ ਇਸ ਜ਼ਿਲੇ ਦਾ
1947 'ਚ ਭਾਰਤ-ਪਾਕਿਸਤਾਨ ਵੰਡ ਸਮੇਂ ਕੁਝ ਦਿਨਾਂ ਲਈ ਜ਼ਿਲਾ ਗੁਰਦਾਸਪੁਰ ਨੂੰ ਪਾਕਿਸਤਾਨ ਦਾ ਹਿੱਸਾ ਐਲਾਨ ਕਰ ਦਿੱਤਾ ਸੀ ਪਰ ਉਦੋਂ ਦੇਸ਼ ਦੇ ਕੁਝ ਪ੍ਰਮੁੱਖ ਬੁੱਧਜੀਵੀ ਲੋਕਾਂ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਚੌਕਸ ਕਰ ਦਿੱਤਾ ਸੀ ਕਿ ਜੇਕਰ ਜ਼ਿਲਾ ਗੁਰਦਾਸਪੁਰ ਨੂੰ ਪਾਕਿਸਤਾਨ ਦਾ ਹਿੱਸਾ ਰਹਿਣ ਦਿੱਤਾ ਜਾਂਦਾ ਹੈ ਤਾਂ ਨਿਸ਼ਚਿਤ ਰੂਪ 'ਚ ਜੰਮੂ-ਕਸ਼ਮੀਰ ਵੀ ਸਾਡੇ ਹੱਥ 'ਚੋਂ ਨਿਕਲ ਜਾਵੇਗਾ ਕਿਉਂਕਿ ਜੰਮੂ-ਕਸ਼ਮੀਰ ਨੂੰ ਜਾਣ ਲਈ ਤੇ ਇਸ ਨਾਲ ਸੰਪਰਕ ਬਣਾਈ ਰੱਖਣ ਲਈ ਇਹ ਹੀ ਇਕ ਮਾਤਰ ਰਸਤਾ ਹੈ।
ਇਸ ਜ਼ਿਲੇ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਜ਼ਿਲਾ 1849 'ਚ ਹੋਂਦ 'ਚ ਆਇਆ ਸੀ ਪਰ ਉਦੋਂ ਇਸ ਦਾ ਨਾਂ ਅਦੀਨਾਨਗਰ ਸੀ ਤੇ ਹੁਣ ਜੋ ਦੀਨਾਨਗਰ ਸ਼ਹਿਰ ਹੈ, ਉਹ ਇਸ ਦਾ ਜ਼ਿਲਾ ਹੈੱਡ ਕੁਆਰਟਰ ਸੀ ਪਰ 1849 'ਚ ਹੀ ਅਦੀਨਾਨਗਰ ਦੀ ਬਜਾਏ ਅੰਗਰੇਜ਼ਾਂ ਨੇ ਬਟਾਲਾ ਸ਼ਹਿਰ ਨੂੰ ਜ਼ਿਲਾ ਹੈੱਡ ਕੁਆਰਟਰ ਬਣਾ ਦਿੱਤਾ। ਲਗਭਗ ਤਿੰਨ ਸਾਲ ਬਟਾਲਾ ਜ਼ਿਲਾ ਹੈੱਡ ਕੁਆਰਟਰ ਬਣਿਆ ਰਿਹਾ ਪਰ ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਹੜ੍ਹ ਬਹੁਤ ਆਉਂਦਾ ਸੀ, ਜਿਸ ਕਾਰਨ ਅੰਗਰੇਜ਼ਾਂ ਨੇ 1 ਮਈ 1852 ਨੂੰ ਗੁਰਦਾਸਪੁਰ ਨੂੰ ਜ਼ਿਲਾ ਹੈੱਡ ਕੁਆਰਟਰ ਬਣਾ ਲਿਆ ਤੇ ਉਦੋਂ ਤੋਂ ਇਹ ਜ਼ਿਲਾ ਹੈੱਡ ਕੁਆਰਟਰ ਚਲਦਾ ਆ ਰਿਹਾ ਹੈ।
ਅੰਗਰੇਜ਼ਾਂ ਨੇ 1855 ਤੱਕ ਇਸ ਜ਼ਿਲਾ ਹੈੱਡ ਕੁਆਰਟਰ 'ਚ ਪੁਲਸ ਲਾਈਨ, ਜ਼ਿਲਾ ਜੇਲ ਤੇ ਅਦਾਲਤਾਂ ਦਾ ਨਿਰਮਾਣ ਕਰ ਦਿੱਤਾ ਸੀ, ਜਿਸ 'ਚ ਡਿਪਟੀ ਕਮਿਸ਼ਨਰ ਦਾ ਦਫਤਰ ਵੀ ਸ਼ਾਮਲ ਸੀ। ਇਤਿਹਾਸਕਾਰ ਤਾਂ ਇਹ ਵੀ ਦੱਸਦੇ ਹਨ ਕਿ ਜਦੋਂ ਪੰਜਾਬ 'ਚ ਬਹਾਦਰ ਸ਼ਾਹ ਦਾ ਸ਼ਾਸਨ ਸੀ ਤਾਂ ਉਹ ਸਿੱਖਾਂ ਦੇ ਇਕ ਮਹਾਨ ਯੋਧੇ ਨੂੰ ਜਦੋਂ ਗ੍ਰਿਫ਼ਤਾਰ ਕਰਨ ਲਈ ਇਸ ਇਲਾਕੇ 'ਚ ਲੈ ਕੇ ਆਇਆ ਕਰਦਾ ਸੀ ਤਾਂ ਉਦੋਂ ਕਾਹਨੂੰਵਾਨ ਕਸਬਾ ਜ਼ਿਲਾ ਹੈੱਡ ਕੁਆਰਟਰ ਹੁੰਦਾ ਸੀ ਪਰ ਇਸ ਸਬੰਧੀ ਕੋਈ ਸਪੱਸ਼ਟ ਸਬੂਤ ਸਾਹਮਣੇ ਨਹੀਂ ਆਏ ਹਨ।
ਗੁਰਦਾਸਪੁਰ ਤੇ ਪਠਾਨਕੋਟ ਨਾਲ ਸਬੰਧਤ ਇਤਿਹਾਸਕ ਅਸਥਾਨ
ਜਦੋਂ ਜ਼ਿਲਾ ਗੁਰਦਾਸਪੁਰ ਦੇ ਇਤਿਹਾਸਕ ਅਸਥਾਨਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਸ ਮਾਮਲੇ 'ਚ ਜ਼ਿਲਾ ਗੁਰਦਾਸਪੁਰ ਬਹੁਤ ਹੀ ਅਮੀਰ ਜ਼ਿਲਾ ਹੈ। ਇਸ ਜ਼ਿਲੇ 'ਚ ਉਂਝ ਤਾਂ 73 ਛੋਟੇ-ਵੱਡੇ ਇਤਿਹਾਸਕ ਅਸਥਾਨ ਹਨ ਪਰ ਕੁਝ ਇਤਿਹਾਸਕ ਅਸਥਾਨਾਂ ਨੂੰ ਛੱਡ ਕੇ ਬਾਕੀ ਸਾਰੇ ਤਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ ਜਾਂ ਆਪਣੀ ਹੋਂਦ ਗੁਆ ਚੁੱਕੇ ਹਨ। ਗੁਰਦਾਸਪੁਰ ਦੇ ਇਤਿਹਾਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਸ ਦਾ ਕੋਈ ਇਤਿਹਾਸ ਨਹੀਂ ਮਿਲਦਾ ਪਰ ਕਿਹਾ ਜਾਂਦਾ ਹੈ ਕਿ ਕਿਸੇ ਗੁਰੀਆ ਜੀ ਨੇ ਇਹ ਜ਼ਿਲਾ ਵਸਾਇਆ ਸੀ ਤੇ ਉਸ ਗੁਰੀਆ ਜੀ ਕਾਰਨ ਇਸ ਨੂੰ ਜ਼ਿਲਾ ਗੁਰਦਾਸਪੁਰ ਦਾ ਨਾਂ ਦਿੱਤਾ ਗਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਕਈ ਮੁਸਲਿਮ ਸ਼ਾਸਕਾਂ ਦੇ ਹਮਲੇ ਬਰਦਾਸ਼ਤ ਕਰਨ ਵਾਲੇ ਇਸ ਜ਼ਿਲੇ 'ਤੇ ਜ਼ਿਆਦਾਤਰ ਸਮਾਂ ਮੁਸਲਿਮ ਜਾਂ ਸਿੱਖ ਰਾਜਿਆਂ ਦਾ ਸ਼ਾਸਨ ਰਿਹਾ, ਜਦਕਿ ਕੁਝ ਸਮੇਂ ਲਈ ਕਲਾਨੌਰ ਨਿਵਾਸੀ ਦੋ ਭਰਾ ਜੈਪਾਲ ਅਤੇ ਆਨੰਦਪਾਲ ਦਾ ਵੀ ਇਸ ਜ਼ਿਲੇ 'ਤੇ ਸ਼ਾਸਨ ਰਿਹਾ। ਲਗਭਗ 3600 ਵਰਗ ਕਿਲੋਮੀਟਰ ਇਲਾਕੇ 'ਚ ਫੈਲੇ ਇਸ ਜ਼ਿਲੇ ਦਾ ਇਤਿਹਾਸਕ ਅਸਥਾਨਾਂ ਸਬੰਧੀ ਬਹੁਤ ਹੀ ਮਹੱਤਵ ਹੈ। ਇਹੀ ਕਾਰਨ ਹੈ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਹਿੰਦੂ ਤੇ ਸਿੱਖ ਫਿਰਕੇ ਦੇ ਲੋਕ ਇਸ ਜ਼ਿਲੇ ਦੇ ਕੁਝ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜ਼ਰੂਰ ਆਉਂਦੇ ਹਨ।
ਗੁਰਦਾਸਪੁਰ 'ਚ ਕਈ ਅਜਿਹੇ ਮਹੱਤਵਪੂਰਨ ਅਸਥਾਨ ਹਨ ਜੋ ਇਤਿਹਾਸ ਦੇ ਪੰਨਿਆਂ 'ਚ ਸਦਾ ਲਈ ਅੰਕਿਤ ਹੋ ਚੁੱਕੇ ਹਨ ਤੇ ਇਨ੍ਹਾਂ ਅਸਥਾਨਾਂ ਦਾ ਮਹੱਤਵ ਕਈ ਸਦੀਆਂ ਬੀਤ ਜਾਣ ਦੇ ਬਾਵਜੂਦ ਬਣਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਕਦੇ ਜ਼ਿਲਾ ਗੁਰਦਾਸਪੁਰ ਇੰਨਾ ਵੱਡਾ ਸੀ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਇਸ ਦੀਆਂ ਸੀਮਾਵਾਂ ਲਾਹੌਰ ਨਾਲ ਲੱਗਦੀਆਂ ਸਨ ਤੇ ਵੰਡ ਤੋਂ ਬਾਅਦ ਡਲਹੌਜ਼ੀ ਆਦਿ ਇਸ ਜ਼ਿਲੇ ਦਾ ਹਿੱਸਾ ਸਨ ਪਰ ਸਮੇਂ ਦੇ ਨਾਲ ਇਹ ਜ਼ਿਲਾ ਛੋਟਾ ਹੁੰਦਾ ਗਿਆ। ਹੁਣ ਸਥਿਤੀ ਇਹ ਹੈ ਕਿ ਪਠਾਨਕੋਟ ਨੂੰ ਵੱਖਰੇ ਜ਼ਿਲੇ ਦਾ ਦਰਜਾ ਮਿਲ ਜਾਣ ਕਾਰਨ ਇਸ ਜ਼ਿਲੇ ਦਾ ਮਹੱਤਵ ਉਹ ਨਹੀਂ ਰਿਹਾ ਜੋ ਕਦੇ ਪਹਿਲਾਂ ਸੀ। ਗੁਰਦਾਸਪੁਰ 'ਚ ਕੁਝ ਇਤਿਹਾਸਕ ਤੇ ਪ੍ਰਸ਼ਾਸਨਿਕ ਇਮਾਰਤਾਂ ਅੱਜ ਵੀ ਅਜਿਹੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਅੰਗਰੇਜ਼ਾਂ ਦੇ ਸ਼ਾਸਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਦਕਿ ਕੁਝ ਇਤਿਹਾਸਕ ਅਸਥਾਨਾਂ ਨੂੰ ਵੇਖ ਕੇ ਭਗਵਾਨ ਸ਼ਿਵ, ਸ੍ਰੀ ਗੁਰੂ ਨਾਨਕ ਦੇਵ, ਕਾਰਤਿਕ ਮਹਾਰਾਜ, ਮਹਾਰਾਜ ਅਕਬਰ, ਮਹਾਰਾਜਾ ਰਣਜੀਤ ਸਿੰਘ, ਯੋਧਾ ਬੰਦਾ ਬਹਾਦਰ ਸਿੰਘ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਕੁਝ ਇਮਾਰਤਾਂ ਨੂੰ ਵੇਖ ਕੇ ਜ਼ਿਲਾ ਪ੍ਰਸ਼ਾਸਨ ਤੇ ਪੁਰਾਤਨ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਪ੍ਰਸ਼ਾਸਨ ਤੇ ਪੁਰਾਤਨ ਵਿਭਾਗ ਦੀ ਲਾਪ੍ਰਵਾਹੀ ਕਾਰਨ ਕੁਝ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਤੇ ਪੁਰਾਤਨ ਵਿਭਾਗ ਇਨ੍ਹਾਂ ਇਤਿਹਾਸਕ ਅਸਥਾਨਾਂ 'ਤੇ ਆਪਣਾ ਚਿਤਾਵਨੀ ਬੋਰਡ ਲਾ ਕੇ ਹੀ ਕੰਮ ਚਲਾਉਂਦਾ ਆ ਰਿਹਾ ਹੈ। ਇਹੀ ਕਾਰਨ ਹੈ ਕਿ ਕਈ ਰਾਸ਼ਟਰੀ ਵਿਰਾਸਤਾਂ ਇਸ ਸਮੇਂ ਆਪਣਾ ਮਹੱਤਵ ਗੁਆ ਚੁੱਕੀਆਂ ਹਨ।
ਗੁਰਦਾਸਪੁਰ ਨਾਲ ਸਬੰਧਤ ਇਤਿਹਾਸਕ ਅਸਥਾਨ
ਜ਼ਿਲਾ ਗੁਰਦਾਸਪੁਰ ਇਸ ਮਾਮਲੇ 'ਚ ਬਹੁਤ ਹੀ ਅਮੀਰ ਵਿਰਸਾ ਰੱਖਦਾ ਹੈ। ਗੁਰਦਾਸਪੁਰ 'ਚ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਵਾਲਾ ਤਖਤ, ਡੇਰਾ ਬਾਬਾ ਨਾਨਕ 'ਚ ਗੁਰਦੁਆਰਾ ਝੋਲਾ ਸਾਹਿਬ, ਮਹਾਕਲੇਸ਼ਵਰ ਮੰਦਰ ਕਲਾਨੌਰ, ਜਿਸ ਨੂੰ ਸ਼ਿਵ ਮੰਦਰ ਵੀ ਕਿਹਾ ਜਾਂਦਾ ਹੈ, ਗੁਰਦੁਆਰਾ ਬਾਠ ਸਾਹਿਬ, ਬਟਾਲਾ ਜਲੰਧਰ ਰੋਡ 'ਤੇ ਅਚਲੇਸ਼ਵਰ ਮੰਦਰ ਤੇ ਗੁਰਦੁਆਰਾ ਕੰਧ ਸਾਹਿਬ ਬਟਾਲਾ, ਧਿਆਨਪੁਰ 'ਚ ਬਾਵਾ ਲਾਲ ਮੰਦਰ, ਮੁਕਤੇਸ਼ਵਰ ਮੰਦਰ ਸ਼ਾਹਪੁਰ ਕੰਢੀ, ਪਿੰਡੋਰੀ ਧਾਮ, ਗੁਰਦਾਸ ਨੰਗਲ 'ਚ ਗੁਰਦੁਆਰਾ ਬਾਬਾ ਬੰਦਾ ਬਹਾਦਰ, ਕਾਹਨੂੰਵਾਨ ਦੇ ਕੋਲ ਗੁਰਦੁਆਰਾ ਘੱਲੂਘਾਰਾ, ਸ਼ਾਹਪੁਰ ਕੰਢੀ ਦਾ ਕਿਲਾ, ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ, ਕਲਾਨੌਰ ਦੇ ਲਾਗੇ ਅਕਬਰ ਦਾ ਤਾਜਪੋਸ਼ੀ ਅਸਥਾਨ, ਪਠਾਨਕੋਟ ਦੇ ਲਾਗੇ ਮੁਕਤੇਸ਼ਵਰ ਗੁਫਾਵਾਂ, ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਸ਼ੇਰ ਸ਼ਾਹ ਦਾ ਮਕਬਰਾ, ਗੁਰਦਾਸਪੁਰ ਦਾ ਝੂਲਣਾ ਮਹਿਲ ਪ੍ਰਮੁੱਖ ਹੈ। ਕਿਹਾ ਜਾਂਦਾ ਹੈ ਕਿ ਸ਼ਾਹਪੁਰ ਕੰਢੀ ਦੇ ਲਾਗੇ ਜੋ ਮੁਕਤੇਸ਼ਵਰ ਗੁਫਾਵਾਂ ਹਨ, ਉਨ੍ਹਾਂ ਦਾ ਸਬੰਧ ਮਹਾਭਾਰਤ ਕਾਲ ਨਾਲ ਹੈ ਤੇ ਇਨ੍ਹਾਂ ਨੂੰ ਅਰਜੁਨ ਝੂਲਾ ਤੇ ਸਹਿਦੇਵ ਗੁਫਾਵਾਂ ਵੀ ਕਿਹਾ ਜਾਂਦਾ ਹੈ।
ਪੁਰਾਤਨ ਵਿਭਾਗ ਅਧੀਨ ਇਤਿਹਾਸਕ ਅਸਥਾਨ
ਜਿਥੋਂ ਤੱਕ ਪੁਰਾਤਨ ਵਿਭਾਗ ਦਾ ਸਬੰਧ ਹੈ, ਗੁਰਦਾਸਪੁਰ 'ਚ ਇਹ ਵਿਭਾਗ ਸਿਰਫ ਨਾਂ ਦਾ ਹੀ ਹੈ। ਇਸ ਵਿਭਾਗ ਅਧੀਨ ਗੁਰਦਾਸਪੁਰ ਦੇ ਸਿਰਫ ਦੋ ਪ੍ਰਮੁੱਖ ਅਸਥਾਨ ਹਨ, ਜਿਸ 'ਚ ਇਕ ਅਕਬਰ ਦਾ ਤਾਜਪੋਸ਼ੀ ਅਸਥਾਨ ਤੇ ਬਟਾਲਾ 'ਚ ਸ਼ੇਰ ਸ਼ਾਹ ਦਾ ਮਕਬਰਾ ਸ਼ਾਮਲ ਹੈ। ਹੋਰ ਸਾਰੇ ਧਾਰਮਕ ਅਸਥਾਨਾਂ ਦੀ ਸਾਂਭ-ਸੰਭਾਲ ਲਈ ਸਾਰੇ ਅਸਥਾਨਾਂ ਦੀਆਂ ਆਪਣੀਆਂ-ਆਪਣੀਆਂ ਕਮੇਟੀਆਂ ਹਨ। ਇਹੀ ਕਾਰਨ ਹੈ ਕਿ ਪੁਰਾਤਨ ਵਿਭਾਗ ਗੁਰਦਾਸਪੁਰ 'ਚ ਕੋਈ ਮਹੱਤਵ ਨਹੀਂ ਰੱਖਦਾ। ਇਸ ਵਿਭਾਗ ਕੋਲ ਸਿਰਫ ਦੋ ਅਸਥਾਨ ਹੋਣ ਕਾਰਨ ਵਿਭਾਗ ਦੀ ਦਿਲਚਸਪੀ ਵੀ ਘੱਟ ਵਿਖਾਈ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ 1556 'ਚ ਅਕਬਰ ਬਾਦਸ਼ਾਹ ਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਉਦੋਂ ਅਕਬਰ ਬਾਦਸ਼ਾਹ ਕਲਾਨੌਰ 'ਚ ਆਏ ਹੋਏ ਸਨ। ਉਦੋਂ ਅਕਬਰ ਬਾਦਸ਼ਾਹ ਦੀ ਉਮਰ ਕੇਵਲ 15 ਸਾਲ ਦੀ ਸੀ। ਜਿਵੇਂ ਹੀ ਅਕਬਰ ਨਾਲ ਆਏ ਸੈਨਾਪਤੀ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਕ ਤਖ਼ਤ ਤਿਆਰ ਕਰ ਕੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਮਹਾਰਾਜ ਦੇ ਰੂਪ 'ਚ ਕਰ ਦਿੱਤੀ।
ਕਲਾਨੌਰ ਦੇ ਲਾਗੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਵਾਲਾ ਤਖਤ ਇਸ ਸਮੇਂ ਜ਼ਿਲਾ ਗੁਰਦਾਸਪੁਰ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਜੋ ਵੀ ਮੁਸਲਮਾਨ ਨਾਗਰਿਕ ਜਾਂ ਹੋਰ ਸੈਲਾਨੀ ਗੁਰਦਾਸਪੁਰ 'ਚ ਆਉਂਦਾ ਹੈ, ਉਹ ਇਸ ਤਖਤ ਨੂੰ ਵੇਖਣ ਲਈ ਜ਼ਰੂਰ ਜਾਂਦਾ ਹੈ ਪਰ ਜਦੋਂ ਸੈਲਾਨੀ ਇਸ ਅਸਥਾਨ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗਦੀ ਹੈ ਕਿਉਂਕਿ ਇਸ ਅਸਥਾਨ ਦੀ ਦੇਖ-ਰੇਖ 'ਚ ਵਿਭਾਗ ਬਿਲਕੁਲ ਅਯੋਗ ਸਾਬਤ ਹੋਇਆ ਹੈ। ਇਸ ਅਸਥਾਨ 'ਤੇ ਇਕ ਬੋਰਡ ਲਾ ਕੇ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਹੈ, ਜਦਕਿ ਚਾਰੇ ਪਾਸੇ ਸਫਾਈ ਆਦਿ ਦਾ ਵਿਸ਼ੇਸ਼ ਪ੍ਰਬੰਧ ਨਹੀਂ ਹੈ। ਬੇਸ਼ੱਕ ਇਸ ਤਖ਼ਤ ਨਾਲ ਕਾਫੀ ਜ਼ਮੀਨ ਵੀ ਹੈ ਜੋ ਵਿਭਾਗ ਨੇ ਠੇਕੇ 'ਤੇ ਦਿੱਤੀ ਹੋਈ ਹੈ। ਉਸ ਰਾਸ਼ੀ ਨੂੰ ਵੀ ਜਦੋਂ ਇਸ ਤਖ਼ਤ 'ਤੇ ਹੀ ਖਰਚ ਕੀਤਾ ਜਾਵੇ ਤਾਂ ਕਾਫੀ ਸੁਧਾਰ ਹੋ ਸਕਦਾ ਹੈ।
ਇਸੇ ਤਰ੍ਹਾਂ ਪੁਰਾਤਨ ਵਿਭਾਗ ਅਧੀਨ ਆਉਣ ਵਾਲੀ ਦੂਸਰੀ ਬਟਾਲਾ ਦੀ ਸ਼ੇਰ ਸ਼ਾਹ ਮਕਬਰਾ ਇਮਾਰਤ ਹੈ ਜੋ ਬਟਾਲਾ-ਜਲੰਧਰ ਰੋਡ 'ਤੇ ਹੈ। ਇਸ ਅਸਥਾਨ ਦੀ ਹਾਲਤ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਭਾਗ ਕਿੰਨਾ ਸਰਗਰਮ ਹੈ।
ਹੋਰ ਇਤਿਹਾਸਕ ਅਸਥਾਨਾਂ ਦੀ ਕੀ ਹੈ ਹਾਲਤ
ਗੁਰਦਾਸਪੁਰ 'ਚ ਬੇਸ਼ੱਕ ਬਹੁਤ ਇਤਿਹਾਸਕ ਅਸਥਾਨ ਹਨ। ਇਨ੍ਹਾਂ ਸਾਰੇ ਇਤਿਹਾਸਕ ਅਸਥਾਨਾਂ ਦੀਆਂ ਆਪਣੀਆਂ-ਆਪਣੀਆਂ ਕਮੇਟੀਆਂ ਬਣੀਆਂ ਹੋਈਆਂ ਹਨ ਜੋ ਗੱਦੀਨਸ਼ੀਨ ਧਾਰਮਕ ਗੁਰੂਆਂ ਦੇ ਕਹਿਣ 'ਤੇ ਇਹ ਧਾਰਮਕ ਅਸਥਾਨ ਚਲਾ ਰਹੇ ਹਨ, ਜੇਕਰ ਸਿੱਖ ਧਰਮ ਨਾਲ ਸਬੰਧਤ ਧਾਰਮਕ ਅਸਥਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਬਹੁਤ ਬਿਹਤਰ ਹਾਲਤ 'ਚ ਹਨ। ਡੇਰਾ ਬਾਬਾ ਨਾਨਕ ਗੁਰਦੁਆਰਾ, ਕਾਹਨੂੰਵਾਨ ਗੁਰਦੁਆਰਾ ਘੱਲੂਘਾਰਾ, ਗੁਰਦੁਆਰਾ ਬਾਠ ਸਾਹਿਬ, ਅਚਲੇਸ਼ਵਰ ਗੁਰਦੁਆਰਾ, ਕੰਧ ਸਾਹਿਬ ਸਮੇਤ ਹੋਰ ਸਾਰੇ ਧਾਰਮਕ ਅਸਥਾਨ ਬਹੁਤ ਚੰਗੀ ਹਾਲਤ 'ਚ ਹਨ, ਜਦਕਿ ਹਿੰਦੂ ਫਿਰਕੇ ਦੇ ਪਿੰਡੋਰੀ ਧਾਮ, ਬਾਵਾ ਲਾਲ ਮੰਦਰ ਧਿਆਨਪੁਰ, ਅਚਲੇਸ਼ਵਰ ਮੰਦਰ, ਕਲਾਨੌਰ ਦਾ ਮਹਾਕਲੇਸ਼ਵਰ ਮੰਦਰ ਨੂੰ ਛੱਡ ਕੇ ਬਾਕੀ ਸਾਰੇ ਧਾਰਮਕ ਅਸਥਾਨਾਂ ਦੀ ਹਾਲਤ ਚਿੰਤਾਜਨਕ ਹੈ। ਇਸੇ ਤਰ੍ਹਾਂ ਕਲਾਨੌਰ ਸਥਿਤ ਮਹਾਕਲੇਸ਼ਵਰ ਮੰਦਰ ਦਾ ਨਿਰਮਾਣ ਅਕਬਰ ਬਾਦਸ਼ਾਹ ਨੇ ਕਰਵਾਇਆ ਸੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਯੁਵਰਾਜ ਖੜਕ ਸਿੰਘ ਜਦੋਂ ਅਫਗਾਨਿਸਤਾਨ 'ਚ ਜਿੱਤ ਪ੍ਰਾਪਤ ਕਰ ਕੇ ਵਾਪਸ ਕਲਾਨੌਰ ਆਏ ਤਾਂ ਉਨ੍ਹਾਂ ਨੇ ਮਸਜਿਦਨੁਮਾ ਪੱਕਾ ਮੰਦਰ ਇਸ ਅਸਥਾਨ 'ਤੇ ਬਣਾ ਕੇ ਪੂਜਾ ਅਰਚਨਾ ਕੀਤੀ।