ਜੇਲ ''ਚੋਂ ਨੈੱਟਵਰਕ ਚਲਾ ਰਿਹਾ ਕੰਗਲਾ ਹੁਣ ਅੜਿੱਕੇ ''ਚ
Thursday, Mar 15, 2018 - 06:31 AM (IST)

ਅੰਮ੍ਰਿਤਸਰ, (ਸੰਜੀਵ)- ਪਾਕਿਸਤਾਨ ਦੇ ਰਸਤੇ ਭਾਰਤ ਪੁੱਜਣ ਵਾਲੀ ਹੈਰੋਇਨ ਦੀ ਸਪਲਾਈ ਨੂੰ ਅੱਗੇ ਡਿਸਪੋਜ਼ਆਫ ਕਰਨ ਵਾਲੀ ਲਾਈਨ ਨੂੰ ਅੱਜ ਕਿਸੇ ਹੱਦ ਤੱਕ ਸਾਈਬਰ ਕ੍ਰਾਈਮ ਐਂਡ ਟੈਕਨੀਕਲ ਸੈੱਲ ਨੇ ਤੋੜ ਦਿੱਤਾ ਹੈ। ਇਕ ਪਾਸੇ ਪੁਲਸ ਨੇ ਖਤਰਨਾਕ ਗੈਂਗਸਟਰ ਸੋਨੂੰ ਕੰਗਲਾ ਦੇ ਕਰਿੰਦੇ ਮਾਨਵ ਸਿੰਘ ਉਰਫ ਮਾਹਣਾ ਨਿਵਾਸੀ ਗਿਲਵਾਲੀ ਗੇਟ ਅਤੇ ਸ਼ੀਲਾ ਪਹਿਲਵਾਨ ਨਿਵਾਸੀ ਛੋਟੀ ਇੰਬਨ ਕਲਾਂ ਨੂੰ ਗ੍ਰਿਫਤਾਰ ਕੀਤਾ ਹੈ, ਉਥੇ ਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਬੈਠੇ ਸਮੱਗਲਿੰਗ ਦਾ ਨੈੱਟਵਰਕ ਚਲਾ ਰਹੇ ਸੋਨੂੰ ਕੰਗਲਾ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ।
ਇਹ ਖੁਲਾਸਾ ਅੱਜ ਸਾਈਬਰ ਕ੍ਰਾਇਮ ਸੈੱਲ ਦੇ ਇੰਚਾਰਜ ਇੰਸਪੈਕਟਰ ਵਵਿੰਦਰ ਮਹਾਜਨ ਨੇ ਇਕ ਪੱਤਰਕਾਰਾਂ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਕੰਗਲਾ ਦੇ ਕਰਿੰਦੇ ਸ਼ੰਕਰ ਨੂੰ 300 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਹੋਈ ਪੁੱਛਗਿੱਛ ਦੌਰਾਨ ਮਾਨਵ ਤੇ ਸ਼ੀਲਾ ਪਹਿਲਵਾਨ ਦਾ ਨਾਂ ਸਾਹਮਣੇ ਆਇਆ। ਪੁਲਸ ਨੇ ਅੱਜ ਭਗਤਾਂਵਾਲਾ ਚੌਕ ਨੇੜੇ ਸਫੈਦ ਰੰਗ ਦੇ ਇਕ ਸਕੂਟਰ 'ਤੇ ਜਾ ਰਹੇ ਉਕਤ ਦੋਵਾਂ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਪੁੱਛਗਿਛ ਦੌਰਾਨ ਦੋਵਾਂ ਨੇ ਉਥੇ ਹੀ ਗੱਲ ਕਬੂਲੀ, ਜਿਸ ਦੀ ਜਾਂਚ ਦੌਰਾਨ ਸ਼ੰਕਰ ਨੇ ਖੁਲਾਸਾ ਕੀਤਾ ਸੀ। ਦੋਵਾਂ ਸਮੱਗਲਰਾਂ ਨੇ ਮੰਨਿਆ ਕਿ ਉਹ ਜੇਲ ਵਿਚ ਬੈਠੇ ਸੋਨੂੰ ਕੰਗਲਾ ਦੇ ਇਸ਼ਾਰੇ 'ਤੇ ਸਮੱਗਲਿੰਗ ਦਾ ਧੰਦਾ ਕਰ ਰਹੇ ਹਨ। ਕੰਗਲਾ ਵੱਡੇ ਪੱਧਰ 'ਤੇ ਸੀਮਾ ਪਾਰ ਤੋਂ ਹੈਰੋਇਨ ਦੀ ਖੇਪ ਮੰਗਵਾਉਂਦਾ ਹੈ, ਜਿਸ ਨੂੰ ਉਨ੍ਹਾਂ ਜ਼ਰੀਏ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵੇਚਿਆ ਜਾਂਦਾ ਹੈ। ਕੰਗਲਾ ਦਾ ਰਾਈਟ ਹੈਂਡ ਲੱਕੀ ਕਾਦਰੀ ਤਰਨਤਾਰਨ ਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਹੈਰੋਇਨ ਸਪਲਾਈ ਦਾ ਧੰਦਾ ਕਰ ਰਿਹਾ ਹੈ। ਡਰੱਗ ਮਨੀ ਇਕੱਠੀ ਹੋਣ ਤੋਂ ਬਾਅਦ ਲੱਕੀ ਕਾਦਰੀ ਕੋਲ ਪੁੱਜਦੀ ਹੈ, ਜਿਸ ਉਪਰੰਤ ਸੋਨੂੰ ਕੰਗਲਾ ਦੇ ਇਸ਼ਾਰੇ 'ਤੇ ਉਸ ਨੂੰ ਵੰਡਿਆ ਜਾਂਦਾ ਹੈ। ਇੰਸਪੈਕਟਰ ਵਵਿੰਦਰ ਮਹਾਜਨ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਸੋਨੂੰ ਕੰਗਲਾ ਦੇ ਇਸ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਜਾਵੇਗਾ ਅਤੇ ਛੇਤੀ ਹੀ ਉਸ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਫਿਰੋਜ਼ਪੁਰ ਜੇਲ ਤੋਂ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਫਲੈਸ਼ ਬੈਕ
ਖਤਰਨਾਕ ਗੈਂਗਸਟਰ ਸੋਨੂੰ ਕੰਗਲਾ ਫਿਰੋਜ਼ਪੁਰ ਜੇਲ 'ਚ ਬੈਠਾ ਮੋਬਾਇਲ ਰਾਹੀਂ ਹੀ ਹੈਰੋਇਨ ਦੀ ਸਮੱਗਲਿੰਗ ਦੇ ਧੰਦੇ ਨੂੰ ਆਪ੍ਰੇਟ ਕਰ ਰਿਹਾ ਹੈ, ਉਹ ਵਟਸਐਪ ਜ਼ਰੀਏ ਆਪਣੇ ਹਰ ਕਰਿੰਦੇ ਦੇ ਸੰਪਰਕ ਵਿਚ ਹੈ। ਇਹ ਖੁਲਾਸਾ ਵੀ ਇੰਸਪੈਕਟਰ ਵਵਿੰਦਰ ਮਹਾਜਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ੰਕਰ ਦੇ ਨਾਲ ਮਾਨਵ ਤੇ ਪਹਿਲਵਾਨ ਹੈਰੋਇਨ ਸਮੱਗਲਿੰਗ ਨਾਲ ਇਕੱਠੇ ਹੋਣ ਵਾਲੇ ਕਰੀਬ 2 ਕਰੋੜ ਰੁਪਏ ਸੋਨੂੰ ਕੰਗਲਾ ਦੇ ਸਾਥੀ ਕਾਦਰੀ ਤੱਕ ਪਹੁੰਚਾਉਂਦੇ ਸਨ। ਛੇਤੀ ਹੀ ਇਸ ਨੈੱਟਵਰਕ ਨੂੰ ਤੋੜਿਆ ਜਾਵੇਗਾ।