ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋ ਸਕੇ ਭਰਾ ਕਾਬੂ

Saturday, Mar 13, 2021 - 11:16 PM (IST)

ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋ ਸਕੇ ਭਰਾ ਕਾਬੂ

ਭਵਾਨੀਗੜ੍ਹ(ਕਾਂਸਲ, ਵਿਕਾਸ, ਸੰਜੀਵ)- ਬੀਤੇ ਦਿਨੀਂ ਪਿੰਡ ਬੀਂਬੜੀ ’ਚ ਸੈਰ ਕਰ ਕੇ ਘਰ ਪਰਤ ਰਹੇ ਇਕ ਨੌਜਵਾਨ ਦੀ ਹੋਈ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਸ ਨੇ ਬੀਂਬੜੀ ਪਿੰਡ ਦੇ ਹੀ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ।ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਬੀਂਬੜੀ ’ਚ ਲੰਘੇ ਸੋਮਵਾਰ ਦੇਰ ਸ਼ਾਮ ਪਿੰਡ ’ਚ ਸੈਰ ਕਰ ਕੇ ਘਰ ਨੂੰ ਮੁੜ ਰਹੇ ਪਿੰਡ ਦੇ 23 ਸਾਲਾ ਨੌਜਵਾਨ ਗੁਰਬਾਜ ਸਿੰਘ ਦਾ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਏ ਸਨ।

ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਹਮਲਾਵਰਾਂ ਦੀਆਂ ਤਸਵੀਰਾਂ ਘਟਨਾ ਸਥਾਨ ਨੇੜੇ ਸਥਿਤ ਸਰਕਾਰੀ ਸਕੂਲ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਸੀ ਜਿਸ ਆਧਾਰ ’ਤੇ ਪੁਲਸ ਨੇ ਡੂੰਘਾਈ ਨਾਲ ਮਾਮਲੇ ਦੀ ਛਾਣ-ਬੀਣ ਕਰਦਿਆਂ ਪਿੰਡ ਬੀਂਬੜੀ ਦੇ ਹੀ ਦੋ ਸਕੇ ਨੌਜਵਾਨ ਭਰਾਵਾਂ ਅਮਨਦੀਪ ਸਿੰਘ ਅਤੇ ਉਸਦਾ ਛੋਟਾ ਭਰਾ ਅੰਮ੍ਰਿਤ ਸਿੰਘ ਪੁੱਤਰ ਜੰਗ ਸਿੰਘ ਨੂੰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਸਣੇ ਕਾਬੂ ਕੀਤਾ।

ਡੀ.ਐੱਸ.ਪੀ. ਘੁੰਮਣ ਨੇ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨ ਪਿੰਡ ਦੇ ਇਕ ਪਤਵੰਤੇ ਕੋਲ ਆਪਣੇ ਵੱਲੋਂ ਕੀਤੇ ਜੁਰਮ ਨੂੰ ਕਬੂਲ ਕਰਨ ਲਈ ਗਏ ਸਨ ਤੇ ਇਸ ਦੌਰਾਨ ਤਫਤੀਸ਼ ਕਰਦੀ ਹੋਈ ਪੁਲਸ ਟੀਮ ਉਨ੍ਹਾਂ ਤੱਕ ਪਹੁੰਚ ਗਈ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਘੁੰਮਣ ਨੇ ਦੱਸਿਆ ਕਿ ਕਤਲ ਦੇ ਕਾਰਣਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ ਪਰ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਵਲੋਂ ਮੁਲਜ਼ਮਾਂ ਨੂੰ ਸਵੇਰੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਨਿਸ਼ਾਨਦੇਹੀ ਕਰਵਾ ਕੇ ਕਤਲ ’ਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਵਾਇਆ ਜਾਵੇਗਾ।


author

Bharat Thapa

Content Editor

Related News