ਕੇਂਦਰ ਸਰਕਾਰ ਨੇ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
Monday, Dec 27, 2021 - 09:11 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਅਤੇ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ’ਚ ਸਕੱਤਰ ਨਿਯੁਕਤ ਕੀਤਾ ਹੈ। ਪੰਜਾਬ ਕੇਡਰ ਦੇ 1987 ਬੈਚ ਦੇ ਆਈ. ਏ. ਐੱਸ. ਅਧਿਕਾਰੀ ਵਿਨੀ ਮਹਾਜਨ ਇਸ ਸਮੇਂ ਆਪਣੇ ਕੇਡਰ ਸੂਬੇ ਪੰਜਾਬ ’ਚ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਜਾ ਰਹੀ ਜਲ ਸ਼ਕਤੀ ਮੁਹਿੰਮ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਵਿਨੀ ਮਹਾਜਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਮੁੱਖ ਸਕੱਤਰ ਵਜੋਂ ਤਾਇਨਾਤ ਸਨ। ਇਸ ਅਹੁਦੇ 'ਤੇ ਤਾਇਨਾਤ ਹੋਣ ਵਾਲੇ ਉਹ ਪੰਜਾਬ ਦੇ ਪਹਿਲੇ ਮਹਿਲਾ ਅਧਿਕਾਰੀ ਸਨ। ਉਨ੍ਹਾਂ ਨੇ ਪੰਜਾਬ ’ਚ ਕਈ ਅਹਿਮ ਅਹੁਦਿਆਂ 'ਤੇ ਸੇਵਾ ਨਿਭਾਈ। ਮਹਾਜਨ ਰੋਪੜ ’ਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਏ, ਫਿਰ ਉਹ ਪੰਜਾਬ ਦੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਬਣੇ। ਉਨ੍ਹਾਂ ਨੇ ਕੇਂਦਰ ਸਰਕਾਰ ’ਚ ਵੀ ਨੌਕਰੀ ਕੀਤੀ। 2005 ਤੋਂ 2012 ਤੱਕ ਉਨ੍ਹਾਂ ਨੇ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਧੀਨ ਕੇਂਦਰ ਸਰਕਾਰ ’ਚ ਇਕ ਮਹੱਤਵਪੂਰਨ ਅਹੁਦਾ ਸੰਭਾਲਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਸਮੇਤ ਵਿੱਤ ਵਿਭਾਗ, ਦੂਰਸੰਚਾਰ, ਉਦਯੋਗ ਅਤੇ ਵਣਜ ਅਤੇ ਆਈ. ਟੀ. ’ਚ ਵੀ ਸੇਵਾਵਾਂ ਦਿੱਤੀਆਂ। ਵਿਨੀ ਮਹਾਜਨ ਨੇ ਦਿੱਲੀ ਦੇ ਸ਼੍ਰੀ ਰਾਮ ਕਾਲਜ ’ਚ ਇਕੋਨਾਮਿਕਸ ’ਚ ਗ੍ਰੈਜੂਏਸ਼ਨ ਕੀਤੀ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਕਲਕੱਤਾ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਆਉਣਗੇ ਪੰਜਾਬ, ਕਰ ਸਕਦੇ ਹਨ ਵੱਡੇ ਐਲਾਨ
ਵਿਨੀ ਮਹਾਜਨ ਤਕਰੀਬਨ ਤਿੰਨ ਦਹਾਕਿਆਂ ਤੋਂ ਕੇਂਦਰ ਤੇ ਪੰਜਾਬ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਦੋਂ ਉਨ੍ਹਾਂ ਨੇ 1995 ਵਿੱਚ ਰੋਪੜ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ, ਤਾਂ ਉਹ ਪੰਜਾਬ ’ਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਣ ਵਾਲੇ ਪਹਿਲੇ ਮਹਿਲਾ ਅਧਿਕਾਰੀ ਬਣ ਗਏ। ਉਸ ਸਮੇਂ ਸਾਖਰਤਾ ਮੁਹਿੰਮ ’ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹੋਏ ਰੋਪੜ ਜ਼ਿਲ੍ਹੇ ਨੂੰ ਦੇਸ਼ ਭਰ ’ਚ ਬਿਹਤਰ ਕਾਰਗੁਜ਼ਾਰੀ ਲਈ ਰਾਸ਼ਟਰੀ ਸਾਖਰਤਾ ਪੁਰਸਕਾਰ ਦਿਵਾਇਆ। ਵਿਨੀ ਮਹਾਜਨ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਅਤੇ ਵਣਜ ’ਚ ਆਪਣੇ ਕਾਰਜਕਾਲ ਦੌਰਾਨ ਸੂਬੇ ’ਚ ਹਰ ਸਾਲ 20,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਕਰਨ ’ਚ ਨਿਰਵਿਘਨ ਭੂਮਿਕਾ ਨਿਭਾਈ। ਉਨ੍ਹਾਂ ਨੇ ਇਸ ਵਿਭਾਗ ਦੇ ਉੱਚ ਅਹੁਦੇ 'ਤੇ ਰਹਿੰਦਿਆਂ ਸਾਲ 2019 ’ਚ ਦਾਵੋਸ ਵਿੱਚ ਹੋਏ ਵਿਸ਼ਵ ਆਰਥਿਕ ਫੋਰਮ ’ਚ ਪੰਜਾਬ ਦੀ ਪਹਿਲੀ ਵਾਰ ਸ਼ਮੂਲੀਅਤ ਕਰਵਾਈ। ਇਸ ਤੋਂ ਇਲਾਵਾ ਦਸੰਬਰ 2019 'ਚ ਐੱਮ. ਐੱਸ. ਐੱਮ. ਈ. 'ਤੇ ਕੇਂਦਰਿਤ ਇਕ ਸ਼ਾਨਦਾਰ ਉੱਚ ਪੱਧਰੀ ਨਿਵੇਸ਼ ਕਾਨਫਰੰਸ ਦਾ ਆਯੋਜਨ ਕੀਤਾ। ਉਨ੍ਹਾਂ ਦੀ ਅਗਵਾਈ ’ਚ ਵਿਭਾਗ ਨੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ’ਚ ਵੱਡੇ ਸੁਧਾਰ ਕੀਤੇ ਅਤੇ ਨਵੇਂ ਮੈਗਾ ਉਦਯੋਗਿਕ ਪਾਰਕਾਂ ਨੂੰ ਹੋਂਦ ’ਚ ਲਿਆਂਦਾ।
ਵਿਨੀ ਮਹਾਜਨ ਕਈ ਐਵਾਰਡ ਜਿੱਤ ਚੁੱਕੇ ਹਨ। ਉਹ 2000-01 ’ਚ ਅਮਰੀਕੀ ਯੂਨੀਵਰਸਿਟੀ, ਵਾਸ਼ਿੰਗਟਨ ਡੀ. ਸੀ. ਹਿਊਬਰਟ ਹੰਫਰੀ ਫੈਲੋ ਰਹੇ। ਉਹ ਦੇਸ਼ ਦੇ ਇਕਲੌਤੇ ਵਿਦਿਆਰਥੀ ਹੋ ਸਕਦੇ ਹਨ, ਜਿਨ੍ਹਾਂ ਨੇ 1982 ’ਚ ਆਈ.ਆਈ.ਟੀ. ਅਤੇ ਦੋਵੇਂ ਏਮਜ਼ ਦਿੱਲੀ ਦੋਵਾਂ ’ਚ ਦਾਖਲਾ ਲਿਆ ਸੀ। ਉਨ੍ਹਾਂ ਨੇ ਮਾਡਰਨ ਸਕੂਲ ਨਵੀਂ ਦਿੱਲੀ ਤੋਂ 12ਵੀਂ ਪਾਸ ਕੀਤੀ ਸੀ। ਉਨ੍ਹਾਂ ਦੇ ਪਿਤਾ ਬੀ. ਬੀ. ਮਹਾਜਨ ਪੰਜਾਬ ਕੇਡਰ ਦੇ ਆਈ.ਏ.ਐੱਸ. ਅਧਿਕਾਰੀ ਸਨ। ਉਹ 1957 ਬੈਚ ਦੇ ਟਾਪਰ ਸਨ। ਉਨ੍ਹਾਂ ਨੇ ਭਾਰਤ ਸਰਕਾਰ ’ਚ ਸਕੱਤਰ (ਖੁਰਾਕ) ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਪੰਜਾਬ ’ਚ ਵਿੱਤ ਕਮਿਸ਼ਨਰ (ਮਾਲ) ਸਮੇਤ ਕਈ ਮਹੱਤਵਪੂਰਨ ਅਹੁਦਿਆਂ ’ਤੇ ਸੇਵਾ ਕੀਤੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ