ਮਾਰਕੀਟ ਕਮੇਟੀ ਦੀ ਅਣਦੇਖੀ ਕਾਰਨ ਅਨਾਜ ਮੰਡੀ ਦੇ ਫੜ੍ਹ ''ਤੇ ਕਬਜ਼ਾ

Saturday, Aug 12, 2017 - 01:16 AM (IST)

ਮਾਰਕੀਟ ਕਮੇਟੀ ਦੀ ਅਣਦੇਖੀ ਕਾਰਨ ਅਨਾਜ ਮੰਡੀ ਦੇ ਫੜ੍ਹ ''ਤੇ ਕਬਜ਼ਾ

ਮਾਲੇਰਕੋਟਲਾ,   (ਯਾਸੀਨ)-  ਕਣਕ ਦਾ ਸੀਜ਼ਨ ਖਤਮ ਹੋਏ ਨੂੰ ਕਰੀਬ 3 ਮਹੀਨੇ ਗੁਜ਼ਰ ਚੁੱਕੇ ਹਨ ਪਰ ਮਾਲੇਰਕੋਟਲਾ ਦੀ ਅਨਾਜ ਮੰਡੀ ਜਿੱਥੇ ਸੀਜ਼ਨ ਦੌਰਾਨ ਕਣਕ ਰੱਖੀ ਜਾਂਦੀ ਹੈ, ਦੀ ਸਫਾਈ ਅਜੇ ਤੱਕ ਵੀ ਨਹੀਂ ਕਰਵਾਈ ਗਈ। 
ਅਨਾਜ ਮੰਡੀ ਦੇ ਲਾਗਲੇ ਵਸਨੀਕਾਂ ਤੇ ਇਕਾ-ਦੁੱਕਾ ਮੰਡੀ 'ਚ ਆਉਣ ਵਾਲੇ ਕਿਸਾਨਾਂ ਅਨੁਸਾਰ ਮੰਡੀ ਦੇ ਫੜ੍ਹ ਹੇਠ ਕੁਝ ਗੱਡੀਆਂ (ਟਰੱਕ) ਅਜਿਹੇ ਖੜ੍ਹੇ ਹਨ, ਜੋ ਸਿਰਫ ਸੀਜ਼ਨ ਮੌਕੇ ਹੀ ਕੰਮ ਆਉਂਦੇ ਹਨ। ਨੇੜੇ ਹੀ ਸਬਜ਼ੀ ਮੰਡੀ ਹੋਣ ਕਾਰਨ ਅਕਸਰ ਆੜ੍ਹਤੀਆਂ ਵੱਲੋਂ ਆਪਣੀ ਸਬਜ਼ੀ ਇੱਥੇ ਲਿਆ ਕੇ ਹੀ ਗੱਡੀਆਂ 'ਚ ਲੋਡ ਕੀਤੀ ਜਾਂਦੀ ਹੈ, ਜਿਸ ਸਬੰਧੀ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਤੋਂ ਸਬਜ਼ੀ ਲੋਡ ਕਰਨ ਬਦਲੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਸਬਜ਼ੀਆਂ ਤੋਂ ਇਲਾਵਾ ਕਥਿਤ ਤੌਰ 'ਤੇ 'ਚਾਹ ਪਾਣੀ' ਵੀ ਵਸੂਲਦੇ ਹਨ। ਹੋਰ ਤਾਂ ਹੋਰ ਵੱਡੀ ਗਿਣਤੀ 'ਚ ਕੁੱਲੀਆਂ ਵਾਲਿਆਂ ਨੇ ਖਾਲੀ ਥਾਂ ਦੇਖ ਕੇ ਇੱਥੇ ਆਪਣਾ ਕਬਜ਼ਾ ਕਰ ਰੱਖਿਆ ਹੈ ਅਤੇ ਆਪਣੀਆਂ ਕੁੱਲੀਆਂ ਪਾ ਕੇ ਸ਼ੈੱਡ ਹੇਠ ਅੱਗ ਤੱਕ ਬਾਲੀ ਜਾਂਦੀ ਹੈ ਅਤੇ ਕਈ ਥਾਵਾਂ ਤੋਂ ਫਰਸ਼ ਤੱਕ ਵੀ ਪੁੱਟ ਦਿੱਤਾ ਹੈ। ਸ਼ੈੱਡ ਹੇਠ ਕਦੇ ਵੀ ਸਫਾਈ ਨਹੀਂ ਕੀਤੀ ਜਾਂਦੀ ਅਤੇ ਗੱਡੀਆਂ ਦੀ ਆੜ 'ਚ ਉਕਤ ਥਾਂ ਨਸ਼ੇ ਦੀ ਫਰੋਖਤ ਅਤੇ ਜੂਏ ਦਾ ਅੱਡਾ ਬਣ ਚੁੱਕੀ ਹੈ।
ਦੱਸਣਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਥਾਨਕ ਪੁਲਸ ਵੱਲੋਂ ਮੰਡੀ ਦਾ ਦੌਰਾ ਕਰ ਕੇ ਨਸ਼ਿਆਂ ਦੀ ਹੋ ਰਹੀ ਕਥਿਤ ਤੌਰ 'ਤੇ ਫਰੋਖਤ ਅਤੇ ਜੂਏ ਦੇ ਮੱਦੇਨਜ਼ਰ ਰਾਤ ਨੂੰ 10 ਵਜੇ ਇਥੇ ਸਥਿਤ ਚਾਹ ਦੇ ਢਾਬੇ ਤੇ ਖੋਖੇ ਆਦਿ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ ਜੋ ਕਿ ਸ਼ਾਇਦ ਕੁਝ ਦਿਨ ਲਈ ਬੰਦ ਵੀ ਹੋ ਗਏ ਹੋਣ ਪਰ ਮੁੜ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਬਣੀ ਹੋਈ ਹੈ।
ਸ਼ੈੱਡ ਹੇਠ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟਵਾਏ ਜਾਣਗੇ ਅਤੇ ਜਲਦ ਹੀ ਸਫਾਈ ਕਰਵਾ ਦਿੱਤੀ ਜਾਵੇਗੀ : ਸਕੱਤਰ
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਕੁਮਾਰ ਬਾਲੀਆਂ ਨਾਲ ਉਨ੍ਹਾਂ ਦੇ ਦਫਤਰ ਜਾ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ 'ਚ ਹੁਣ ਮੰਡੀ ਦੀ ਬੁਰੀ ਹਾਲਤ ਬਾਰੇ ਮੀਡੀਆ ਰਾਹੀਂ ਆਇਆ ਹੈ। ਉਹ ਅੱਜ ਹੀ ਮੰਡੀ 'ਚ ਖੜ੍ਹੀਆਂ ਗੱਡੀਆਂ ਦੇ ਨੰਬਰ ਨੋਟ ਕਰ ਕੇ ਸਬੰਧਿਤ ਪੁਲਸ ਨੂੰ ਉਨ੍ਹਾਂ ਦੇ ਚਲਾਨ ਕੱਟਣ ਲਈ ਲਿਖਣਗੇ। ਉਕਤ ਥਾਂ 'ਤੇ ਸਬਜ਼ੀਆਂ ਲੋਡ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੇ ਥੜ੍ਹੇ ਦੀ ਜ਼ਿਆਦਾਤਰ ਜਗ੍ਹਾ ਫੜ੍ਹੀਆਂ ਵਾਲਿਆਂ ਨੇ ਘੇਰੀ ਹੋਈ ਹੈ ਅਤੇ ਉਨ੍ਹਾਂ ਦੇ ਵਿਚਾਰ ਅਧੀਨ ਹੈ ਕਿ ਸਬਜ਼ੀ ਮੰਡੀ ਦੀਆਂ ਫੜ੍ਹੀਆਂ ਮਾਰਕੀਟ ਕਮੇਟੀ ਦੇ ਪਿਛਲੇ ਪਾਸੇ ਖਾਲੀ ਪਈ ਥਾਂ 'ਤੇ ਸ਼ਿਫਟ ਕਰ ਦਿੱਤੀਆਂ ਜਾਣ ਤਾਂ ਜੋ ਸਬਜ਼ੀਆਂ ਲੋਡ ਕਰਨ ਲਈ ਸਬਜ਼ੀ ਮੰਡੀ 'ਚ ਥਾਂ ਖਾਲੀ ਹੋ ਸਕੇ।
ਹੋ ਰਹੀ ਨਸ਼ਾਖੋਰੀ ਅਤੇ ਜੂਏ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਕ ਮੀਟਿੰਗ ਕਰ ਕੇ ਨਾਜਾਇਜ਼ ਤੌਰ 'ਤੇ ਰੱਖੇ ਖੋਖੇ ਚੁਕਵਾਏ ਜਾ ਰਹੇ ਹਨ, ਜਿਸ ਦੇ ਨਾਲ ਇਸ ਤਰ੍ਹਾਂ ਦਾ ਸਾਰਾ ਕਾਰੋਬਾਰ ਬੰਦ ਹੋ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਵੱਲੋਂ ਦੋਵੇਂ ਮੰਡੀਆਂ ਦੀ ਹਾਲਤ ਸੁਧਾਰਨ ਦੇ ਮਕਸਦ ਨਾਲ ਬੰਦ ਪਏ ਸੀਵਰੇਜ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਕੰਮ ਚਾਲੂ ਕਰਵਾਇਆ ਹੋਇਆ ਹੈ ਅਤੇ ਦੋ ਪਾਰਕ ਜਲਦ ਬਣਵਾਏ ਜਾ ਰਹੇ ਹਨ। ਜਦੋਂ ਇਸ ਸਬੰਧੀ ਥਾਣਾ ਸਿਟੀ-1 ਦੇ ਇੰਚਾਰਜ ਨਾਲ ਫੋਨ 'ਤੇ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


Related News