ਵੱਡੀ ਖਰੀਦਦਾਰੀ ਕਰਨ ਵਾਲਿਆਂ ''ਤੇ ਇਨਕਮ ਟੈਕਸ ਵਿਭਾਗ ਦੀ ਨਜ਼ਰ
Monday, Oct 02, 2017 - 07:48 AM (IST)

ਚੰਡੀਗੜ੍ਹ, (ਨੀਰਜ ਅਧਿਕਾਰੀ)- ਨੋਟਬੰਦੀ ਦੇ ਬਾਅਦ ਅਸਲ ਆਮਦਨ ਲੁਕਾਉਣ ਵਾਲਿਆਂ 'ਤੇ ਜ਼ਿਆਦਾ ਸਖਤ ਹੋਏ ਇਨਕਮ ਟੈਕਸ ਵਿਭਾਗ ਨੇ ਫੈਸਟੀਵਲ ਸੀਜ਼ਨ 'ਚ ਸ਼ਿਕੰਜਾ ਕੱਸ ਦਿੱਤਾ ਹੈ ਜੇਕਰ ਤੁਸੀਂ ਇਸ ਫੈਸਟੀਵਲ ਸੀਜ਼ਨ 'ਚ ਵੱਡੀ ਖਰੀਦਦਾਰੀ ਕਰ ਰਹੇ ਹੋ ਤਾਂ ਚੌਕਸ ਹੋ ਜਾਓ, ਵਿਭਾਗ ਦੀ ਨਜ਼ਰ ਤੁਹਾਡੇ 'ਤੇ ਵੀ ਟਿਕ ਸਕਦੀ ਹੈ।
ਇਨਕਮ ਟੈਕਸ ਵਿਭਾਗ ਇਨ੍ਹੀਂ ਦਿਨੀਂ ਰੋਜ਼ਾਨਾ ਮਾਰਕੀਟਾਂ 'ਚ ਹੋ ਰਹੀਆਂ ਵੱਡੀਆਂ ਖਰੀਦਦਾਰੀਆਂ 'ਤੇ ਨਜ਼ਰਾਂ ਟਿਕਾਈ ਬੈਠਾ ਹੈ। ਮੰਨਿਆ ਜਾ ਰਿਹਾ ਹੈ ਕਿ ਫੈਸਟੀਵਲ ਸੀਜ਼ਨ ਖਤਮ ਹੋਣ ਦੇ ਬਾਅਦ
ਵਿਭਾਗ ਆਪਣੀ ਅਸਲ ਆਮਦਨ ਲੁਕਾਉਣ ਵਾਲਿਆਂ 'ਤੇ ਵੱਡੀ ਕਾਰਵਾਈ ਕਰ ਸਕਦਾ ਹੈ।
ਨੋਟਬੰਦੀ ਮਗਰੋਂ ਪਹਿਲਾ ਫੈਸਟੀਵਲ ਸੀਜ਼ਨ
ਕਾਲੇ ਧਨ 'ਤੇ ਨੁਕੇਲ ਕੱਸਣ ਦੀ ਕੜੀ 'ਚ ਹੀ ਕੇਂਦਰ ਸਰਕਾਰ ਨੇ ਪਿਛਲੇ ਸਾਲ 8 ਨਵੰਬਰ ਨੂੰ ਇਕ ਹਜ਼ਾਰ ਤੇ ਪੰਜ ਸੌ ਦੇ ਪੁਰਾਣੇ ਨੋਟਾਂ ਦਾ ਚਲਨ ਬੰਦ ਕਰ ਦਿੱਤਾ ਸੀ। ਇਸ ਦੌਰਾਨ ਤੈਅ ਰਕਮ ਤੋਂ ਜ਼ਿਆਦਾ ਪੈਸਾ ਬੈਂਕ 'ਚ ਜਮ੍ਹਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ।
ਸੂਤਰਾਂ ਮੁਤਾਬਿਕ ਇਸ ਸਾਲ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਹੁਣ ਨੋਟਬੰਦੀ ਦੇ ਬਾਅਦ ਛੋਟੀ ਤੋਂ ਵੱਡੀ ਖਰੀਦਦਾਰੀ ਦੇ ਲਿਹਾਜ਼ ਨਾਲ ਇਹ ਪਹਿਲਾ ਫੈਸਟੀਵਲ ਸੀਜ਼ਨ ਹੈ।
ਅਜਿਹੇ 'ਚ ਹਰ ਵੱਡੀ ਖਰੀਦਦਾਰੀ 'ਤੇ ਵਿਭਾਗ ਦੀ ਨਜ਼ਰ ਹੈ।
ਵੱਡੀ ਖਰੀਦਦਾਰੀ ਕਰਨ ਵਾਲਿਆਂ ਦੀ ਪਛਾਣ ਲਈ ਹੁਣ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ 50 ਹਜ਼ਾਰ ਰੁਪਏ ਦੀ ਕੀਮਤ ਤੋਂ ਜ਼ਿਆਦਾ ਕਿਸੇ ਵੀ ਖਰੀਦਦਾਰੀ ਦੇ ਸਮੇਂ ਕੈਸ਼ ਪੇਮੈਂਟ ਕਰਨ 'ਤੇ ਖਰੀਦਦਾਰ ਨੂੰ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਦੁਕਾਨਦਾਰ ਨੂੰ ਦੇਣਾ ਹੋਵੇਗਾ।
ਦੁਕਾਨਦਾਰ ਦੀ ਵੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਹ ਤੈਅ ਕਰੇ ਕਿ ਖਰੀਦਦਾਰ ਵਲੋਂ ਦਿੱਤੇ ਗਏ ਦਸਤਾਵੇਜ਼ ਅਸਲੀ ਹਨ। ਕੋਈ ਗਾਹਕ ਜੇਕਰ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਸਾਮਾਨ ਦੀ ਖਰੀਦਦਾਰੀ ਦੀ ਪੇਮੈਂਟ ਚੈੱਕ ਰਾਹੀਂ ਕਰਦਾ ਹੈ ਤਾਂ ਪੈਨ ਕਾਰਡ ਤੇ ਆਧਾਰ ਕਾਰਡ ਦੇਣਾ ਜ਼ਰੂਰੀ ਨਹੀਂ ਹੈ।
ਪਹਿਲਾਂ ਇਹ ਲਿਮਟ ਦੋ ਲੱਖ ਰੁਪਏ ਸੀ। ਕਰੀਬ ਇਕ ਮਹੀਨਾ ਪਹਿਲਾਂ ਹੀ ਇਸਨੂੰ ਘਟਾਇਆ ਗਿਆ ਹੈ। ਇਹੋ ਨਹੀਂ ਖਾਸ ਤੌਰ 'ਤੇ ਜਿਊਲਰੀ, ਵ੍ਹੀਕਲ, ਪ੍ਰਾਪਰਟੀ ਤੇ ਇਲੈਕਟ੍ਰਾਨਿਕ ਸਾਮਾਨ ਦੇ ਵਿਕ੍ਰੇਤਾਵਾਂ ਤੋਂ ਇਨਕਮ ਟੈਕਸ ਵਿਭਾਗ ਸੇਲ ਦਾ ਡਾਟਾ ਵੀ ਲੈ ਰਿਹਾ ਹੈ, ਹਾਲਾਂਕਿ ਇਸ ਸਬੰਧੀ ਵਿਭਾਗ ਦੇ ਅਧਿਕਾਰੀ ਖੁੱਲ੍ਹ ਕੇ ਕੁਝ ਵੀ ਨਹੀਂ ਬੋਲ ਰਹੇ ਹਨ ਪਰ ਧਨਤੇਰਸ ਦੇ ਬਾਅਦ ਵਿਭਾਗ ਸ਼ਹਿਰ 'ਚ ਵੱਡੀ ਸਰਵੇ ਮੁਹਿੰਮ ਛੇੜ ਸਕਦਾ ਹੈ। ਫੈਸਟੀਵਲ ਸੀਜ਼ਨ 'ਚ ਵੱਡੀ ਖਰੀਦਦਾਰੀ ਕਰਨ ਵਾਲਿਆਂ ਦੀ ਇਨਕਮ ਟੈਕਸ ਰਿਟਰਨ ਵੀ ਖੰਗਾਲੀ ਜਾਏਗੀ।